Bandi Chhod Diwas – Sikh Festival History
ਬੰਦੀ ਛੋੜ ਦਿਵਸ ਸਿੱਖ ਇਤਿਹਾਸ ਵਿੱਚ ਇਕ ਵਿਲਖਣ ਥਾਂ ਰਖਦਾ ਹੈ. ਇਹ ਦਿਨ ਨਾਂ ਸਿਰਫ ਸਿੱਖ ਗੁਰੂ ਸਾਹਿਬਾਨਾਂ ਦੇ ਪਰੋਪਕਾਰੀ ਸੁਭਾ ਨੂੰ ਦਰਸੋਉਂਦਾ ਹੈ ਬਲਕਿ ਸਿੱਖਾਂ ਨੂੰ ਰਾਜਸੀ ਅਤੇ ਮਨੁੱਖੀ ਹੱਕਾਂ ਲਈ ਡਟੇ ਰਹਿਣ ਦੀ ਪ੍ਰੇਰਣਾਂ ਵੀ ਦਿੰਦਾ ਹੈ. ਆਓ ਆਪਾਂ ਬੰਦੀ ਛੋੜ ਦਿਵਸ ਦੇ ਪਿਛੋਕੜ ਉੱਤੇ ਸੰਖੇਪ ਝਾਤ ਮਾਰੀਏ.
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬੇਮਿਸਾਲ ਤੇ ਸ਼ਾਂਤਮਈ ਸ਼ਹਾਦਤ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰਤਾਗੱਦੀ ਤੇ ਬਿਰਾਜਮਾਨ ਹੋਏ. ਓਹਨਾਂ ਗੁਰਿਆਈ ਧਾਰਨ ਕਰਦੇ ਸਮੇਂ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ. ਜਿਥੇ ਦੀਵਾਨ ਸਜਦੇ ਅਤੇ ਗੁਰਬਾਣੀ ਕੀਰਤਨ ਦੇ ਨਾਲ-ਨਾਲ ਬੀਰਰਸੀ ਵਾਰਾਂ ਵੀ ਗਾਈਆਂ ਜਾਣ ਲੱਗੀਆਂ। ਸ਼ਾਸਤਰ ਸਿਖਿਆ ਦੇ ਨਾਲ ਨਾਲ, ਸ਼ਸਤਰਾਂ ਦੀ ਸਿਖਲਾਈ ਦਿੱਤੀ ਜਾਣ ਲੱਗੀ । ਬਲਵਾਨ ਫੁਰਤੀਲੇ ਘੋੜੇ, ਤੇਜ ਤਲਵਾਰਾਂ, ਨੇਜ਼ੇ ਤੇ ਭਾਲੇ ਅਰਪਣ ਹੋਣ ਲੱਗੇ । ਗੁਰੂ ਸਾਹਿਬ ਨੇ ਸਾਰੇ ਸਾਹੀ ਚਿਨ੍ਹ ਵਰਤਣੇ ਸ਼ੁਰੂ ਕਰ ਦਿੱਤੇ ਅਤੇ ਲੋਹਗੜ੍ਹ ਕਿਲ੍ਹੇ ਦੀ ਸਥਾਪਨਾ ਕੀਤੀ।
ਲਾਹੋਰ ਦਾ ਗਵਰਨਰ ਮੁਰਤਜਾ ਖਾਨ ਗੁਰੂਘਰ ਦਾ ਘੋਰ ਵਿਰੋਧੀ ਸੀ ਅਤੇ ਗੁਰੂ ਸਾਹਿਬ ਦੇ ਇਹਨਾਂ ਕੰਮਾਂ ਨਾਲ ਓਹਨੂੰ ਆਪਣੇ ਖਿਲਾਬ ਬਗਾਵਤ ਹੋਣ ਦਾ ਡਰ ਪੈਦਾ ਹੋ ਗਿਆ ਦੂਜੇ ਪਾਸੇ ਦਿੱਲੀ ਵਿੱਚ ਦੀਵਾਨ ਚੰਦੂ ਸ਼ਾਹ ਜਿਸਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀ ਜਹਾਂਗੀਰ ਦੇ ਕੰਨ ਭਰਨ ਲੱਗਾ. ਬਾਦਸ਼ਾਹ ਜਹਾਂਗੀਰ ਜੋ ਕੰਨਾ ਦਾ ਕੱਚਾ ਅਤੇ ਨਿਹਾਅਤ ਵਹਮੀ ਇਨਸਾਨ ਸੀ ਚੰਦੂ ਦੀਆਂ ਗੱਲਾਂ ਵਿੱਚ ਆ ਗਿਆ. ਬਾਦਸ਼ਾਹ ਜਹਾਂਗੀਰ ਨੇ ਆਪਣੇ ਬਹੁਤ ਹੀ ਭਰੋਸੇਯੋਗ ਮੰਤਰੀ ਵਜ਼ੀਰ ਖ਼ਾਨ ਤੇ ਕਿੰਚਾ ਬੇਗ ਨੂੰ ਗੁਰੂ ਹਰਿਗੋਬਿੰਦ ਜੀ ਨੂੰ ਬੜੇ ਅਦਬ ਸਹਿਤ ਦਿੱਲੀ ਲੈ ਕੇ ਆਉਣ ਦਾ ਹੁਕਮ ਦੇ ਦਿਤਾ.
[yotuwp type=”videos” id=”s1nVCfM9q1c” ]
ਵਜ਼ੀਰ ਖਾਨ ਗੁਰੂ ਘਰ ਦਾ ਵੱਡਾ ਸਰਧਾਲੂ ਸੀ ਉਸ ਨੇ ਅੰਮ੍ਰਿਤਸਰ ਪਹੁੰਚ ਕੇ ਗੁਰੂ ਸਾਹਿਬ ਨੂੰ ਬਾਦਸ਼ਾਹ ਜਹਾਂਗੀਰ ਨੂੰ ਮਿਲਣ ਲਈ ਨਾਲ ਚੱਲਣ ਲਈ ਬੇਨਤੀ ਕੀਤੀ. ਉਸਨੇ ਕਿਹਾ ਪਾਤਸ਼ਾਹ ਬਾਦਸ਼ਾਹ ਜਹਾਂਗੀਰ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਬਾਰੇ ਅਣਜਾਣ ਹੈ ਉਸ ਨੂੰ ਵਾਪਰੀ ਅਸਹਿ ਘਟਨਾ ਦੇ ਅਸਲ ਸੱਚ ਦਾ ਪਤਾ ਨਹੀਂ ਹੈ ਆਪ ਜੀ ਦੇ ਮਿਲਣ ਨਾਲ ਸਾਰਾ ਗੁਪਤ ਭੇਦ ਖੁੱਲ ਜਾਵੇਗਾ ਅਤੇ ਇਸ ਵੇਲੇ ਆਪ ਜੀ ਨੂੰ ਦਿੱਲੀ ਬੁਲਾਉਣ ਦੀ ਸਾਰੀ ਸਾਜ਼ਿਸ ਚੰਦੂ ਸ਼ਾਹ ਨੇ ਹੀ ਰਚੀ ਹੈ. ਇਸ ਲਈ ਆਪ ਜੀ ਦਾ ਬਾਦਸ਼ਾਹ ਨੂੰ ਮਿਲਣਾ ਵਾਜਿਬ ਰਹੇਗਾ. ਦਿੱਬ-ਦ੍ਰਿਸ਼ਟੀ ਦੇ ਮਾਲਕ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਸਹਿਤ ਸੂਝਵਾਨ ਸਿੱਖਾਂ ਨੇ ਵਿਚਾਰ ਮਸ਼ਾਵਰਾ ਕਰਨ ਉਪਰਤ ਗੁਰੂ ਸਾਹਿਬ ਨੂੰ ਦਿੱਲੀ ਜਾਕੇ ਚੰਦੂ ਦੇ ਪਾਪਾਂ ਬਾਰੇ ਜਾਣੂੰ ਕਰਵਾਉਣ ਲਈ ਬੇਨਤੀ ਕੀਤੀ.
DOWNLOAD BANDI CHHOR DIVAS GREETINGS
ਗੁਰੂ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਸਾਰੀ ਸਾਂਭ ਸੰਭਾਲ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੇ ਹਵਾਲੇ ਕਰ ਦਿਤੀ ਤੇ ਆਪਣੇ ਘੋੜ–ਸਵਾਰ ਸੈਨਿਕ ਦਲ ਸਮੇਤ ਦਿੱਲੀ ਪਹੁੰਚ ਜਮਨਾ ਨਦੀ ਦੇ ਕਿਨਾਰੇ ਮਜਨੂੰ ਟਿੱਲੇ ਵਾਲੇ ਅਸਥਾਨ ‘ਤੇ ਉਤਾਰਾ ਕਰ ਲਿਆ। ਜਿੱਥੇ ਸਮੇਂ ਸਮੇਂ ਗੁਰੂ ਸਾਹਿਬ ਤੇ ਬਾਦਸ਼ਾਹ ਜਹਾਂਗੀਰ ਦੀਆਂ ਖੁਸ਼ਗਵਾਰ ਮਾਹੌਲ ਵਿਚ ਮੁਲਾਕਾਤਾਂ ਹੁੰਦੀਆਂ ਰਹੀਆਂ.
[yotuwp type=”videos” id=”bWpHvBjKOIY” ]
ਓਧਰ ਦੀਵਾਨ ਚੰਦੂ ਨੂੰ ਗੁਰੂ ਸਾਹਿਬ ਜੀ ਦੀ ਬਾਦਸ਼ਾਹ ਜਹਾਂਗੀਰ ਨਾਲ ਵਧਦੀ ਨੇੜਤਾ ਆਪਣੀ ਜਾਨ ਦੀ ਸਲਾਮਤੀ ਲਈ ਖਤਰਾ ਜਾਪਣ ਲੱਗੀ. ਉਸ ਨੇ ਸੋਚਿਆ ਕਿ ਐਸਾ ਉਪਾਅ ਕੀਤਾ ਜਾਵੇ ਕਿ ਗੁਰੁ ਹਰਿਗੋਬਿੰਦ ਸਾਹਿਬ ਨੂੰ ਇਕ ਵਾਰ ਜੇਲ੍ਹ ਵਿਚ ਡੱਕ ਕੇ ਫਿਰ ਉਨਾਂ ਨੂੰ ਜੇਲ੍ਹ ਵਿਚ ਹੀ ਖਤਮ ਕਰਵਾ ਦਿਤਾ ਜਾਵੇ. ਇਸ ਕੰਮ ਲਈ ਉਸਨੇ ਬਾਦਸ਼ਾਹ ਦੇ ਬਹੁਤ ਹੀ ਨਜਦੀਕੀ ਨਜੂਮੀ ਨੂੰ ਪੈਸੇ ਦਾ ਲਾਲਚ ਦੇ ਆਪਣੇ ਨਾਲ ਰਲਾ ਲਿਆ. ਨਜੂਮੀ ਨੇ ਜਹਾਂਗੀਰ ਨੂੰ ਇਸ ਗੱਲ ਤੇ ਪੱਕਾ ਕਰ ਦਿੱਤਾ ਕਿ ਉਸਤੇ ਮਾੜਾ ਸਮਾਂ ਆਉਣ ਵਾਲਾ ਹੈ ਜਿਸਦੇ ਚਲਦੇ ਉਸਦੀ ਮੌਤ ਵੀ ਹੋ ਸਕਦੀ ਹੈ. ਇਸ ਦਾ ਸਿਰਫ ਇਹੀ ਉਪਾ ਹੈ ਕਿ ਕੋਈ ਰੱਬੀ ਰੂਹ ਗਵਾਲੀਅਰ ਦੇ ਕਿਲੇ ਵਿੱਚ 40 ਦਿਨ ਤੁਹਾਡੀ ਸਲਾਮਤੀ ਲਈ ਬੰਦਗੀ ਕਰੇ ਤੇ ਓਹ ਰੂਹ ਗੁਰੂ ਹਰਗੋਬਿੰਦ ਸਾਹਿਬ ਜੀ ਹਨ.
ਬਾਦਸ਼ਾਹ ਜਹਾਂਗੀਰ ਜੋ ਪਹਿਲਾਂ ਹੀ ਮਾਨਸਿਕ ਤੌਰ ‘ਤੇ ਬਿਮਾਰ ਸੀ, ਫਿਰ ਨਜੂਮੀ ਦੀਆਂ ਗੱਲਾਂ ਨਾਲ ਉਸ ਨੂੰ ਮੌਤ ਦੀ ਭਾਰੀ ਚਿੰਤਾ ਹੋ ਗਈ. ਬਾਦਸ਼ਾਹ ਉਸੀ ਵਕਤ ਹਾਥੀ ‘ਤੇ ਸਵਾਰ ਹੋ ਗੁਰੂ ਸਾਹਿਬ ਦੇ ਨਿਵਾਸ ਸਥਾਨ ਮਜਨੂੰ ਟਿੱਲੇ ਪਹੁੰਚ ਗਿਆ ਅਤੇ ਗੁਰੂ ਸਾਹਿਬ ਨੂੰ ਆਪਣੀ ਜਾਨ ਦੀ ਸਲਾਮਤੀ ਲਈ ਗਵਾਲੀਅਰ ਦੀ ਕਿਲੇ ਵਿੱਚ ਭਗਤੀ ਕਰਨ ਲਈ ਬੇਨਤੀ ਕੀਤੀ. ਗੁਰੂ ਸਾਹਿਬ ਨੇ ਬਾਦਸ਼ਾਹ ਦੇ ਮੁੱਖੋਂ ਅਚਾਨਕ ਇਹ ਅਜ਼ਬ ਅਰਜ਼ੋਈ ਸੁਣੀ ਤਾਂ ਉਹ ਜਾਣ ਗਏ ਕਿ ਵਿਰੋਧੀਆਂ ਵੱਲੋਂ ਖਾਸ ਮਕਸਦ ਅਧੀਨ ਗੰਭੀਰ ਸਾਜ਼ਿਸ ਰਚੀ ਗਈ ਹੈ. ਗੁਰੂ ਸਾਹਿਬ ਨੇ ਦੂਰਅੰਦੇਸ਼ੀ ਦਿਖਾਉਂਦੇ ਹੋਏ ਬਾਦਸ਼ਾਹ ਨੂੰ ਆਖਿਆ – ਜੇਕਰ ਸਾਡੇ ਕਿਲ੍ਹੇ ਵਿਚ ਜਾਣ ਨਾਲ ਤੁਹਾਡਾ ਸਚੁਮੱਚ ਭਲਾ ਹੁੰਦਾ ਹੈ ਤਾਂ ਅਸੀਂ ਜਰੂਰ ਜਾਵਾਂਗੇ ਅਤੇ ਗੁਰੂ ਸਾਹਿਬ ਆਪਣੇ ਖਾਸ ਸਿੱਖਾਂ ਨੂੰ ਨਾਲ ਲੈ ਗਵਾਲੀਅਰ ਦੇ ਕਿਲ੍ਹੇ ਅੰਦਰ ਚਲੇ ਗਏ. ਇਹਨਾਂ ਸਿੰਘਾ ਦੇ ਨਾ ਇਤਹਾਸ ਵਿੱਚ ਭਾਈ ਬਿਧੀਚੰਦ ਜੀ, ਭਾਈ ਪੈੜਾ ਜੀ, ਭਾਈ ਜੇਠਾ ਜੀ, ਭਾਈ ਪਰਾਗਾ ਜੀ ਅਤੇ ਭਾਈ ਰਾਜੂ ਜੀ ਦੱਸੇ ਗਏ ਹਨ.
ਗਵਾਲੀਅਰ ਦੇ ਇਸ ਕਿਲੇ ਦਾ ਨਿਰਮਾਣ ਰਾਜਪੂਤ ਰਾਜਾ ਮਾਨ ਸਿੰਘ ਤੋਮਰ ਨੇ ਕਰਵਾਇਆ ਸੀ ਪਰ ਬਾਦਸ਼ਾਹ ਅਕਬਰ ਦੇ ਸਮੇ ਤੋ ਹੀ ਇਹ ਕਿਲਾ ਰਾਜਸੀ ਕੈਦੀਆਂ ਨੂੰ ਰਖਣ ਦੇ ਕੰਮ ਆ ਰਿਹਾ ਸੀ. ਉਸ ਵੇਲੇ ਐਥੇ ਓਹਨਾਂ ਪਹਾੜੀ ਅਤੇ ਰਾਜਪੂਤ ਰਾਜਿਆਂ ਨੂੰ ਰਖੀਆਂ ਗਿਆ ਸੀ ਜਿਨ੍ਹਾਂ ਨੇ ਜਹਾਂਗੀਰ ਦੇ ਖਿਲਾਫ ਬਗਾਵਤ ਵੇਲੇ ਉਸਦੇ ਪੁਤਰ ਖੁਸਰੋ ਦਾ ਸਾਥ ਦਿੱਤਾ ਸੀ. ਇਸ ਕਿਲੇ ਦੀ ਖੂਹ ਵਿੱਚ ਮੱਠਾ ਜ਼ਹਿਰ (Slow Poison) ਮਿਲਾਇਆ ਜਾਂਦਾ ਸੀ ਜਿਸ ਨਾਲ ਐਥੇ ਕੈਦ ਕੱਟਣ ਵਾਲੇ ਕੈਦੀ ਹੋਲੀ ਹੋਲੀ ਬਿਮਾਰ ਹੋ ਕਰ ਮਰ ਜਾਂਦੇ ਸਨ.
ਗੁਰੂ ਸਾਹਿਬ ਜੀ ਐਥੋ ਦਾ ਪ੍ਰਸ਼ਾਦਾ ਨਹੀਂ ਛਕਦੇ ਸਨ. ਗੁਰੂ ਸਾਹਿਬ ਦਾ ਪ੍ਰਸ਼ਾਦਾ ਸਿੰਘਾ ਦੀ ਕਿਰਤ ਕਮਾਈ ਨਾਲ ਹੀ ਤਿਆਰ ਕੀਤਾ ਜਾਂਦਾ ਸੀ. ਨਾਲ ਆਏ ਸਿੰਘ ਇਸ ਲਈ ਕਿਲੇ ਤੋ ਬਾਹਰ ਜਾ ਲੱਕੜਾ ਕੱਟਕੇ ਬੇਚਣ ਅਤੇ ਲੁਹਾਰਾਂ ਕੋਲ ਕਿਰਤ ਕਰਕੇ ਕਮਾਈ ਕਰਿਆ ਕਰਦੇ ਸਨ ਅਤੇ ਜੋ ਮਾਇਆ ਗੁਰੂ ਸਾਹਿਬ ਨੂੰ ਰਾਜ ਵੱਲੋਂ ਮਿਲਦੀ ਸੀ ਉਸਨੂੰ ਓਹ ਰਾਜਿਆਂ ਵਿੱਚ ਵੰਡ ਦਿੰਦੇ ਸਨ. ਗੁਰੂ ਸਾਹਿਬ ਐਥੇ 2 ਸਾਲ 3 ਮਹੀਨੇ ਦੇ ਲਗਭਗ ਰਹੇ. ਕਿਲੇ ਦਾ ਦਰੋਗਾ ਹਰਿਦਾਸ ਗੁਰੂ ਸਾਹਿਬ ਦਾ ਵੱਡਾ ਮੁਰੀਦ ਸੀ ਅਤੇ ਗੁਰੂ ਸਾਹਿਬ ਦਾ ਬਹੁਤ ਸਤਿਕਾਰ ਕਰਦਾ ਸੀ. ਇਸ ਲਈ ਗੁਰੂ ਸਾਹਿਬ ਨੂੰ ਖਤਮ ਕਰਨ ਦੀ ਚੰਦੂ ਦੀ ਕੋਈ ਚਾਲ ਸਿਰੇ ਨਹੀਂ ਚੜ੍ਹ ਸਕੀ.
ਦੂਜੇ ਪਾਸੇ ਗੁਰੂ ਸਾਹਿਬ ਦੇ ਲੰਮੇ ਸਮੇਂ ਕਿਲੇ ਵਿੱਚ ਨਜਰਬੰਦ ਰਹਿਣ ਨਾਲ ਸਿੱਖ ਸੰਗਤਾਂ ਵਿੱਚ ਓਹਨਾਂ ਦੇ ਦਰਸ਼ਨ ਦੀ ਤਾਂਘ ਵਧਣ ਲੱਗੀ ਤੇ ਨਿਰਾਸ਼ਾ ਘਰ ਕਰਨ ਲੱਗੀ. ਇਸ ਨਾਲ ਨਿਜੱਠਣ ਲਈ ਬਾਬਾ ਬੁਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਇਕ ਮੁਹਿਮ ਚਲਾਈ ਜੋ ਬਾਅਦ ਵਿੱਚ ਚੋੰਕੀ ਦੇ ਨਾਂ ਨਾਲ ਜਾਣੀ ਜਾਣ ਲੱਗੀ. ਇਹ ਇਕ ਤਰਹ ਦਾ ਰੋਸ਼ ਮਾਰਚ ਹੁੰਦਾ ਸੀ ਜਿਸ ਵਿੱਚ ਸਬਤੋਂ ਅੱਗੇ ਇਕ ਸਿੰਘ ਨਿਸ਼ਾਨ ਸਾਹਿਬ ਲੈਕੇ ਚਲਦਾ ਸੀ ਅਤੇ ਬਾਕੀ ਸਿੰਘ ਪਿਛੇ ਬਾਣੀ ਪੜਦੇ ਹੋਏ ਚਲਦੇ ਹੁੰਦੇ ਸਨ. ਪੰਜਾਬ ਦੇ ਪਿੰਡ ਪਿੰਡ ਵਿੱਚ ਚੋੰਕੀਆਂ ਨਿਕਲਣਾ ਸ਼ੁਰੂ ਹੋ ਗਈਆਂ ਜਿਸ ਨਾਲ ਸਿੱਖ ਸੰਗਤਾਂ ਵਿੱਚ ਇਕ ਨਵਾਂ ਉਤਸਾਹ ਭਰ ਗਿਆ ਅਤੇ ਸੰਗਤਾਂ ਇਕ ਜੁਟ ਹੋਣ ਲੱਗੀਆਂ. ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਖੇ ਚੋੰਕੀ ਦੀ ਇਹ ਪਰੰਪਰਾ ਅੱਜ ਤਕ ਰੋਜ ਸਵੇਰੇ ਸ਼ਾਮ ਨਿਭਾਈ ਜਾਂਦੀ ਹੈ. ਇਸਤੋਂ ਬਾਅਦ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਲਈ ਗਵਾਲਿਆਂ ਆਉਣ ਲੱਗੀਆਂ ਪਰ ਓਹਨਾਂ ਨੂੰ ਗੁਰੂ ਸਾਹਿਬ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਸੀ. ਇਸ ਲਈ ਸੰਗਤਾਂ ਕਿਲੇ ਦੀ ਦੀਵਾਰ ਨੂੰ ਨਤਮਸਤਕ ਹੋ ਕਿਲੇ ਦੀ ਪ੍ਰਕਰਮਾ ਕਰ ਵਾਪਿਸ ਮੁੜ ਆਉਂਦੀਆਂ ਸਨ.
ਇਸ ਦੋਰਾਨ ਬਾਦਸ਼ਾਹ ਜਹਾਂਗੀਰ ਜਦ ਜਿਆਦਾ ਬਿਮਾਰ ਹੋ ਜਾਂਦਾ ਹੈ ਤਾਂ ਉਸਦੀ ਬੇਗਮ ਨੂਰਜਹਾਂ ਜੋ ਸਾਈ ਮੀਆਂ ਮੀਰ ਜੀ ਦੀ ਵੱਡੀ ਮੁਰੀਦ ਸੀ, ਸਾਈ ਜੀ ਪਾਸੋਂ ਬਾਦਸ਼ਾਹ ਦੀ ਤੰਦਰੁਸਤੀ ਲਈ ਬੇਨਤੀ ਕਰਦੀ ਹੈ. ਸਾਈ ਮੀਆਂ ਮੀਰ ਜੀ ਬਾਦਸ਼ਾਹ ਦੀ ਬਿਮਾਰੀ ਦਾ ਕਾਰਣ ਗੁਰੂ ਸਾਹਿਬ ਦੀ ਕੈਦ ਨੂੰ ਦਸਦੇ ਹਨ ਅਤੇ ਬਾਦਸ਼ਾਹ ਨੂੰ ਗੁਰੂ ਸਾਹਿਬ ਦੀ ਰਿਹਾਈ ਲਈ ਮਨਾ ਲੈਂਦੇ ਹਨ. ਪਰ ਗੁਰੂ ਸਾਹਿਬ ਇਕੱਲੇ ਰਿਹਾ ਹੋਣ ਤੋ ਮਨਾ ਕਰ ਦਿੰਦੇ ਹਨ ਅਤੇ ਸਾਰੇ ਕੈਦੀ ਰਾਜਿਆਂ ਦੀ ਰਿਹਾਈ ਦੀ ਸ਼ਰਤ ਰੱਖ ਦਿੰਦੇ ਹਨ. ਬਾਦਸ਼ਾਹ ਜਹਾਂਗੀਰ ਦੀ ਸੋਚ ਸੀ ਕਿ ਰਾਜਪੂਤ ਰਾਜੇ ਕਿਸੇ ਦਾ ਪੱਲਾ ਨਹੀਂ ਫੜਦੇ ਇਸ ਲਈ ਉਸਨੇ ਇਹ ਹੁਕਮ ਜਾਰੀ ਕਰ ਦਿੱਤਾ ਕਿ ਜੋ ਰਾਜਾ ਗੁਰੂ ਸਾਹਿਬ ਦਾ ਪੱਲਾ ਫੜਕੇ ਬਾਹਰ ਜਾਣਾ ਚਾਹੇ ਜਾ ਸਕਦਾ ਹੈ.
ਉਸ ਸਮੇਂ ਇਸ ਕਿਲੇ ਵਿੱਚ 52 ਪਹਾੜੀ ਅਤੇ ਰਾਜਪੂਤ ਰਾਜਾ ਕੈਦ ਸਨ. ਗੁਰੂ ਸਾਹਿਬ ਨੇ ਸਿੱਖਾਂ ਨੂੰ 52 ਕਲੀਆਂ ਵਾਲਾ ਚੋਲਾ ਤਿਆਰ ਕਰਨ ਦਾ ਹੁਕਮ ਕੀਤਾ ਅਤੇ ਸਾਰੇ ਰਾਜੇ ਗੁਰੂ ਸਾਹਿਬ ਦਾ ਪੱਲਾ ਫੜ ਕਿਲੇ ਤੋ ਬਾਹਰ ਆ ਗਏ. ਇਸ ਤੋਂ ਬਾਅਦ ਗੁਰੂ ਸਾਹਿਬ ਨੂੰ ਦਾਤਾ ਬੰਦੀ ਛੋੜ ਦੇ ਨਾਂ ਨਾਲ ਵਿੱਚ ਪੁਕਾਰਿਆਂ ਜਾਣ ਲੱਗਾ. ਇਹਨਾਂ ਰਾਜਿਆਂ ਵਿਚੋਂ ਕੁਛ ਪਹਾੜੀ ਰਾਜੇ ਓਹ ਵੀ ਸਨ ਜਿਨਹਾਂ ਦੇ ਪੋਤਰਿਆਂ ਪੜਪੋਤਰਿਆਂ ਨੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨਾਲ ਜੰਗਾ ਲੜੀਆਂ.
ਗੁਰੂ ਸਾਹਿਬ ਐਥੋਂ ਸੰਗਤਾਂ ਸਮੇਤ ਸ੍ਰੀ ਅੰਮ੍ਰਿਤਸਰ ਲਈ ਰਵਾਨਾ ਹੋ ਗਏ ਅਤੇ ਜਿਸ ਦਿਨ ਓਹ ਸ੍ਰੀ ਅੰਮ੍ਰਿਤਸਰ ਪਹੁਚੇ ਤਾਂ ਉਸ ਦਿਨ ਦਿਵਾਲੀ ਵਾਲਾ ਦਿਨ ਸੀ. ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦੀ ਰਿਹਾਈ ਅਤੇ ਓਹਨਾਂ ਦੇ ਦਰਸ਼ਨਾਂ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਅਤੇ ਘਰਾਂ ਵਿੱਚ ਘਿਓ ਅਤੇ ਤੇਲ ਦੇ ਦੀਵੇ ਜਗਾਏ. ਇਸਤੋਂ ਬਾਅਦ ਸੰਗਤਾਂ ਨੇ ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਉਣ ਦੀ ਪਰੰਪਰਾ ਆਰੰਭ ਕਰ ਦਿੱਤੀ ਜੋ ਹੁਣ ਤਕ ਚੱਲੀ ਆ ਰਹੀ ਹੈ ਓਥੇ ਹੀ ਗੁਰੂ ਸਾਹਿਬ ਦੀ ਯਾਦ ਵਿੱਚ ਗਵਾਲੀਅਰ ਦੀ ਕਿਲੇ ਵਿੱਚ ਗੁਰੂਦਵਾਰਾ ਦਾਤਾ ਬੰਦੀ ਛੋੜ ਸਾਹਿਬ ਬਣਿਆਂ ਹੋਇਆ ਹੈ.
ਹੋਇਆਂ ਭੁੱਲਾ ਬਖਸ਼ਣ ਦੀ ਕਿਰਪਾਲਤਾ ਕਰਨੀ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
List of dates and events celebrated by Sikhs.
| Gurpurab Dates | Sangrand Dates | Puranmashi Dates | Masya Dates | Panchami Dates | Sikh Jantri | DOWNLOAD GURBANI QUOTES | Download Status Videos |