Delhi Fateh Diwas : Sikh History
ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਝੂਲਣ ਦਾ ਪ੍ਰਤੀਕ
ਦਿੱਲੀ ਫਤਿਹ ਦਿਵਸ
ਇਹ ਸੰਨ 1783 ਦਾ ਸਮਾਂ ਸੀ ਜਦੋਂ ਸਿੱਖ ਆਗੂ ਬਾਬਾ ਬਘੇਲ ਸਿੰਘ ਜੀ ਨੇ ਮੁਗਲ ਰਾਜੇ ਸ਼ਾਹ ਆਲਮ ਤੋਂ ਵਾਪਸ ਦਿੱਲੀ ਜਿੱਤੀ। 11 ਮਾਰਚ 1783 ਨੂੰ ਸਿੱਖ ਫ਼ੌਜ ਘੋੜਿਆਂ ਅਤੇ ਹਾਥੀਆਂ ਤੇ ਬਹਾਦਰੀ ਨਾਲ ਦਿੱਲੀ ਵੱਲ ਵਧੀ ਅਤੇ ਲਾਲ ਕਿਲ੍ਹੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਦਿੱਤਾ ਅਤੇ 9 ਮਹੀਨੇ ਤਕ ਦਿੱਲੀ ਉੱਤੇ ਸਿੱਖ ਰਾਜ ਕਾਬਜ ਰਿਹਾ। ਸਾਰੀ ਸਿੱਖ ਕੌਮ ਵੱਲੋਂ ਇਸ ਦਿਨ ਨੂੰ ਫਤਹਿ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਤੇ ਅਨਮੋਲ ਵਚਨ ਪੜ੍ਹਨ ਲਈ ਐਥੇ ਕਲਿਕ ਕਰੋ ਜੀ
ਬਾਬਾ ਬਘੇਲ ਸਿੰਘ ਜੀ ਦਾ ਜਨਮ 1730 ਨੂੰ ਪਿੰਡ ਝਬਾਲ ਕਲਾਂ, ਅੰਮ੍ਰਿਤਸਰ ਵਿਖੇ ਇਕ ਢਿੱਲੋਂ ਜੱਟ ਪਰਿਵਾਰ ਹੋਇਆ ਸੀ ਅਤੇ ਉਸਦੇ ਪੁਰਖਿਆਂ ਨੇ 1580 ਦੇ ਦਹਾਕੇ ਵਿਚ ਗੁਰੂ ਅਰਜਨ ਸਾਹਿਬ ਜੀ ਦੀ ਸਿੱਖੀ ਧਾਰਨ ਕਰ ਲਈ ਸੀ। ਬਾਬਾ ਬਘੇਲ ਸਿੰਘ ਜੀ ਨੇ ਪਹਿਲਾਂ 8 ਜਨਵਰੀ, 1774 ਨੂੰ ਦਿੱਲੀ ਉੱਤੇ ਹਮਲਾ ਕੀਤਾ ਅਤੇ ਸ਼ਾਹਦਰਾ ਤੱਕ ਦਾ ਇਲਾਕਾ ਆਪਣੇ ਕਬਜੇ ਵਿੱਚ ਲੈ ਲਿਆ। ਦੂਜਾ ਹਮਲਾ 17 ਜੁਲਾਈ 1775 ਨੂੰ ਕੀਤਾ ਗਿਆ, ਜਿਸ ਵਿੱਚ ਸਿੱਖਾਂ ਨੇ ਅਜੋਕੇ ਸਮੇਂ ਦੇ ਪਹਾੜ ਗੰਜ ਅਤੇ ਜੈ ਸਿੰਘਪੁਰਾ ਦੇ ਆਸ ਪਾਸ ਦੇ ਖੇਤਰ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ।
ਜ਼ਿਆਦਾਤਰ ਲੜਾਈ ਅਜੋਕੇ ਸਮੇ ਦੀ ਨਵੀਂ ਦਿੱਲੀ ਵਾਲੀ ਥਾਂ ਉੱਤੇ ਹੀ ਹੋਈ ਸੀ। ਹਾਲਾਂਕਿ ਸਪਲਾਈ ਦੀ ਘਾਟ ਨੇ ਸਿੱਖਾਂ ਨੂੰ ਅਸਥਾਈ ਤੌਰ ‘ਤੇ ਆਪਣੀ ਫਤਹਿ ਵੱਲ ਵਧਣ ਤੋਂ ਰੋਕੇ ਰਖਿਆ, ਪਰ ਲਾਲ ਕਿਲ੍ਹਾ ਫਤਿਹ ਕਰਨਾ ਸਿੱਖਾ ਦਾ ਅੰਤਮ ਟੀਚਾ ਸੀ। 11 ਮਾਰਚ 1783 ਨੂੰ ਸਿੱਖ ਲਾਲ ਕਿਲ੍ਹੇ ਵਿਚ ਦਾਖਲ ਹੋ ਗਏ ਅਤੇ ਦੀਵਾਨ-ਏ-ਆਮ ‘ਤੇ ਕਬਜ਼ਾ ਕਰ ਲਿਆ ਜਿਥੇ ਮੁਗਲ ਬਾਦਸ਼ਾਹ ਸ਼ਾਹ ਆਲਮ- II ਬੈਠਾ ਸੀ।
ਨਵੀਆਂ ਧਾਰਮਿਕ ਰਿੰਗਟੋਨਾਂ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ
ਸ਼ਹਿਨਸ਼ਾਹ ਸ਼ਾਹ ਆਲਮ-II ਨੇ ਸਿੱਖਾਂ ਨਾਲ ਸੰਧੀ ਦੀ ਪੇਸ਼ਕਸ਼ ਕੀਤੀ ਅਤੇ ਉਨ੍ਹਾਂ ਦੀਆਂ ਸ਼ਰਤਾਂ ਨੂੰ ਸਵੀਕਾਰ ਕਰ ਲਿਆ, ਜਿਸ ਵਿਚ ਸਿੱਖ ਇਤਿਹਾਸਕ ਸਥਾਨਾਂ ‘ਤੇ ਗੁਰੂਦੁਆਰਿਆਂ ਦੀ ਉਸਾਰੀ ਵੀ ਸ਼ਾਮਲ ਹੈ। ਗੁਰੂਦੁਆਰਾ ਸੀਸ ਗੰਜ ਸਾਹਿਬ, ਜਿਥੇ ਗੁਰੂ ਤੇਗ ਬਹਾਦਰ ਜੀ ਨੂੰ ਮੁਗਲ ਰਾਜਾ ਔਰੰਗਜ਼ੇਬ ਦੇ ਆਦੇਸ਼ਾਂ ਤੇ ਸ਼ਹੀਦ ਕੀਤਾ ਗਿਆ ਸੀ ਅਤੇ ਗੁਰੂਦਵਾਰਾ ਰਕਾਬ ਗੰਜ ਸਾਹਿਬ ਜਿਥੇ ਗੁਰੂ ਜੀ ਦੇ ਸੰਸਕਾਰ ਕੀਤੇ ਗਏ ਸਨ। ਉਨ੍ਹਾਂ ਨੂੰ ਗੁਰੂਦੁਆਰਾ ਬੰਗਲਾ ਸਾਹਿਬ, ਗੁਰੂਦੁਆਰਾ ਬਾਲਾ ਸਾਹਿਬ, ਗੁਰੂਦੁਆਰਾ ਮਜਨੂ ਕਾ ਟੀਲਾ, ਗੁਰੂਦਵਾਰਾ ਮੋਤੀ ਬਾਗ, ਗੁਰੂਦੁਆਰਾ ਮਾਤਾ ਸੁੰਦਰੀ ਅਤੇ ਗੁਰੂਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੀ ਸਥਾਪਨਾ ਦਾ ਸਿਹਰਾ ਵੀ ਦਿੱਤਾ ਗਿਆ ਹੈ।
ਉਸਾਰੇ ਗਏ ਗੁਰੂਘਰਾਂ ਦਾ ਇਤਿਹਾਸ –
- ਗੁਰੂ ਗੋਬਿੰਦ ਸਿੰਘ ਜੀ ਦੀਆਂ ਪਤਨੀਆਂ, ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਦੇਵੀ ਜੀ ਦੀ ਯਾਦ ਵਿਚ ਤੇਲੀਵਾੜਾ ਵਿਖੇ ਗੁਰਦੁਆਰਾ ਕਿਉਂਕਿ ਕੁਝ ਸਮੇਂ ਲਈ ਇਥੇ ਰਹੇ ਸਨ।
- ਗੁਰਦੁਆਰਾ ਬੰਗਲਾ ਸਾਹਿਬ ਜਿੱਥੇ ਗੁਰੂ ਹਰਿ ਕ੍ਰਿਸ਼ਨ ਜੈਪੁਰ ਦੇ ਮਹਾਰਾਜਾ ਜੈ ਸਿੰਘ ਦੇ ਬੰਗਲੇ ਵਿਚ ਠਹਿਰੇ ਸਨ।
- ਜਮਨਾ ਕਿਨਾਰੇ ਚਾਰ ਮਕਬਰੇ ਬਣਵਾਏ ਗਏ ਸਨ ਜਿਥੇ ਗੁਰੂ ਹਰਿ ਕ੍ਰਿਸ਼ਨ, ਮਾਤਾ ਸੁੰਦਰੀ, ਉਨ੍ਹਾਂ ਦੇ ਗੋਦ ਲਏ ਪੁੱਤਰ, ਸਾਹਿਬ ਸਿੰਘ ਅਤੇ ਮਾਤਾ ਸਾਹਿਬ ਕੌਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਉਥੇ ਇਕ ਗੁਰਦੁਆਰਾ ਵੀ ਬਣਾਇਆ ਗਿਆ ਸੀ।
- ਗੁਰੂਦੁਆਰਾ ਰਕਾਬਗੰਜ ਜਿਥੇ ਗੁਰੂ ਤੇਗ ਬਹਾਦਰ ਜੀ ਦੀ ਸਿਰ ਰਹਿਤ ਦੇਹ ਦਾ ਲਾਖੀ ਬਨਜਾਰਾ ਦੁਆਰਾ ਅੰਤਮ ਸੰਸਕਾਰ ਕੀਤਾ ਗਿਆ।
- ਗੁਰੂਦੁਆਰਾ ਸੀਸਗੰਜ ਜਿਥੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਸਿਰ ਕਲਮ ਕੀਤਾ ਗਿਆ ਸੀ।
- ਮਜਨੂੰ ਕਾ ਟੀਲਾ ਵਿਖੇ ਇਕ ਗੁਰਦੁਆਰਾ ਬਣਾਇਆ ਗਿਆ ਸੀ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਠਹਿਰੇ ਸਨ।
- ਸੱਤਵੇਂ ਗੁਰਦੁਆਰਾ ਮੋਤੀ ਬਾਗ ਵਿਖੇ ਉਸਾਰਿਆ ਗਿਆ ਸੀ ਜਿਥੇ ਗੁਰੂ ਗੋਬਿੰਦ ਸਿੰਘ ਜੀ ਰਹਿੰਦੇ ਸਨ।
ਇਹਨਾਂ ਸਾਰੇ ਸੱਤ ਗੁਰਦੁਆਰਿਆਂ ਦਾ ਨਿਰਮਾਣ ਨਵੰਬਰ, 1783 ਦੇ ਅਖੀਰ ਵਿਚ ਕਰ ਦਿੱਤਾ ਗਿਆ ਸੀ। ਬਹੁਤ ਸਾਰੇ ਨਹੀਂ ਜਾਣਦੇ ਪਰ ਅੱਜ ਵੀ ਦਿੱਲੀ ਬਾਬਾ ਬਘੇਲ ਸਿੰਘ ਜੀ ਦੀ ਬਹਾਦਰੀ ਦੀ ਗਵਾਹੀ ਭਰਦੀ ਨਜ਼ਰ ਆਉਂਦੀ ਹੈ। ਉਹ ਜਗ੍ਹਾ ਜਿੱਥੇ ਬਾਬਾ ਬਘੇਲ ਸਿੰਘ ਆਪਣੇ 30,000 ਸਿੰਘਾ ਅਤੇ ਫੌਜ ਦੇ ਨਾਲ ਦਿੱਲੀ ਵਿਚ ਰੁਕ ਗਿਆ ਸੀ, ਹੁਣ ਤੀਸ ਹਜ਼ਾਰੀ ਵਜੋਂ ਜਾਣਿਆ ਜਾਂਦਾ ਹੈ। ਐਥੇ ਹੁਣ ਦਿੱਲੀ ਦੀਆਂ ਛੇ ਜ਼ਿਲ੍ਹਾ ਅਦਾਲਤਾਂ ਲਗਦੀਆਂ ਨੇ ਜੋ ਕਿ ਦਿੱਲੀ ਹਾਈ ਕੋਰਟ ਦੇ ਅਧੀਨ ਕੰਮ ਕਰਦੀਆਂ ਹਨ।
ਜਦੋਂ ਮੁਗਲ ਸ਼ਹਿਨਸ਼ਾਹ ਸ਼ਾਹ ਆਲਮ-II ਨੂੰ ਪਤਾ ਲੱਗ ਗਿਆ ਕਿ ਸਿੱਖ ਦਿੱਲੀ ਉੱਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਹਨ, ਤਾਂ ਉਸਨੇ ਲਾਲ ਕਿਲ੍ਹੇ ਦੇ ਸਾਰੇ ਫਾਟਕ ਬੰਦ ਕਰਨ ਦਾ ਆਦੇਸ਼ ਦੇ ਦਿੱਤਾ, ਖ਼ਾਸਕਰ ਰਾਸ਼ਨਾਂ ਤੱਕ ਪਹੁੰਚ ਵਾਲੇ ਰਸਤੇ ਬੰਦ ਕਰਵਾ ਦਿੱਤੇ ਗਏ, ਤਾਂ ਕਿ ਸਿੱਖ ਭੁੱਖ ਅਤੇ ਰਾਸ਼ਨ ਦੀ ਕਮੀ ਨਾਲ ਪਰੇਸ਼ਾਨ ਹੋਕੇ ਵਾਪਸ ਚਲੇ ਜਾਣ। ਕੁਝ ਸਿੱਖਾਂ ਨੂੰ ਅਚਾਨਕ ਇਕ ਦਿਨ ਮਿਸਤਰੀ ਮਿਲ ਗਿਆ ਜਿਸਨੂੰ ਕਿਲੇ ਦੇ ਅੰਦਰ ਦੀ ਜਾਣਕਾਰੀ ਸੀ, ਉਸਨੇ ਸਿੱਖਾਂ ਨੂੰ ਕਿਲੇ ਦੀ ਕੰਧ ਦੇ ਉਸ ਹਿੱਸੇ ਬਾਰੇ ਦੱਸਿਆ ਜੋ ਅੰਦਰੋਂ ਥੋਥੀ ਹੋ ਚੁਕੀ ਸੀ ਪਰ ਬਾਹਰੀ ਸਥਿਤੀ ਬਰਕਰਾਰ ਸੀ। ਸਿੱਖ ਫੌਜਾਂ ਉਸ ਮਿਸਤਰੀ ਨੂੰ ਨਾਲ ਲੈਕੇ ਉਸ ਥਾਂ ਉੱਤੇ ਪਹੁੰਚੇ ਅਤੇ ਮੋਟੀਆਂ ਲੱਕੜਾਂ ਨਾਲ ਕੰਧ ਤੋੜ ਕੇ ਕਿਲੇ ਅੰਦਰ ਦਾਖਲ ਹੋ ਗਏ। ਇਸ ਜਗ੍ਹਾ ਨੂੰ ਹੁਣ ਮੋਰੀ ਗੇਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿੱਥੇ ਹੁਣ ਅੰਤਰ-ਰਾਜ ਬੱਸ ਟਰਮਿਨਸ (ਆਈਐਸਬੀਟੀ) ਬਣਿਆ ਹੋਇਆ ਹੈ। ਲਾਲ ਕਿਲ੍ਹਾ ਜਿੱਤਣ ਤੋਂ ਬਾਅਦ ਸਿੱਖਾਂ ਨੇ ਜਿੱਥੇ ਮਠਿਆਈਆਂ ਵੰਡੀਆਂ ਸਨ ਉਸ ਜਗ੍ਹਾ ਨੂੰ ਹੁਣ ਮਿਠਾਈ ਪੁਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਅੱਜ ਲੋੜ ਹੈ ਸਾਨੂੰ ਆਪਣੇ ਮਾਣਮੱਤੇ ਇਤਿਹਾਸ ਦੀ ਪੜਚੋਲ ਕਰਨ ਦੀ ਤਾਕਿ ਸਾਨੂੰ ਪਤਾ ਚਲ ਸਕੇ ਕਿ ਸਾਡੇ ਪੁਰਖੇ ਕਿੰਨੇ ਬਹਾਦੁਰ ਸਨ ਅਤੇ ਮੁਸਕਿਲ ਭਰੇ ਸਮੇਂ ਵਿੱਚ ਵੀ ਕਿਵੇਂ ਖਿੜੇ ਮੱਥੇ ਰਹਿੰਦੇ ਸਨ। ਆਓ ਆਪਣੀ ਨਵੀਂ ਪਨੀਰੀ ਨੂੰ ਇਸ ਵੱਲ ਪ੍ਰੇਰਿਤ ਕਰੀਏ ਅਤੇ ਆਪਣੇ ਬੱਚਿਆਂ ਨੂੰ ਇਤਿਹਾਸ ਅਤੇ ਵਿਰਸੇ ਨਾਲ ਜੋੜੀਏ।
Waheguru Ji Ka Khalsa Waheguru Ji Ki Fateh
– Bhull Chuk Baksh Deni Ji –
List of dates and events celebrated by Sikhs.