Javan Yatra Sri Guru Gobind Singh Ji
ਜੀਵਨ ਯਾਤਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ, ਸੰਨ 1666 ਨੂੰ ਮਾਤਾ ਗੁਜਰੀ ਜੀ ਦੀ ਕੁੱਖੋਂ ਪਟਨੇ ਸਾਹਿਬ ਵਿਖੇ ਹੋਇਆ। ਆਪ ਜੀ ਦੇ ਜਨਮ ਸਮੇਂ ਆਪ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਢਾਕੇ ਵਿਖੇ ਗੁਰਮਤਿ ਦੇ ਪ੍ਰਚਾਰ ਲਈ ਪੁੱਜੇ ਹੋਏ ਸਨ। ਸੰਨ 1670 ਵਿਚ ਅਸਾਮ ਤੋਂ ਵਾਪਸ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਪਟਨੇ ਵਿਖੇ ਆਪਣੇ ਸਪੁੱਤਰ (ਗੁਰੂ) ਗੋਬਿੰਦ ਸਿੰਘ ਜੀ ਨੂੰ ਪਹਿਲੀ ਵਾਰ ਵੇਖਿਆ।
ਗੁਰੂ ਗੋਬਿੰਦ ਸਿੰਘ ਜੀ ਉਸ ਵੇਲੇ ਸਾਢੇ ਤਿੰਨ ਸਾਲ ਦੇ ਹੋ ਚੁੱਕੇ ਸਨ। ਕੁਝ ਸਮਾਂ ਪਟਨੇ ਠਹਿਰ ਕੇ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਆ ਗਏ। ਪਟਨੇ ਵਿਚ ਬਾਲ ਗੋਬਿੰਦ ਰਾਏ ਜੀ ਜਦੋਂ ਆਪਣੇ ਹਾਣੀਆਂ ਨਾਲ ਖੇਡਣ ਨਿਕਲਦੇ ਸਨ, ਤਾਂ ਸਾਰੇ ਬੱਚੇ ਆਪ ਨੂੰ ਆਪਣਾ ਸਰਦਾਰ ਮੰਨਦੇ ਸਨ। ਤੀਰ ਕਮਾਨ, ਫ਼ੌਜੀ ਕਵਾਇਦ ਆਦਿ ਮਰਦਾਵੀਆਂ ਖੇਡਾਂ ਖੇਡੀਆਂ ਜਾਂਦੀਆਂ। ਪਟਨੇ ਵਿਚ ਹੀ ਪੰਡਿਤ ਸ਼ਿਵਦੱਤ ਆਪ ਜੀ ਦੇ ਚਰਨਾਂ ਦਾ ਭੌਰਾ ਬਣਿਆ। ਰਾਜਾ ਫਤਹਿ ਚੰਦ ਮੈਣੀ ਤੇ ਉਸਦੀ ਰਾਣੀ ਆਪ ਜੀ ਉੱਤੇ ਇਤਨੀ ਪ੍ਰਸੰਨ ਹੋਈ ਕਿ ਆਪ ਜੀ ਪਾਸੋਂ ਉਸ ਨੇ ਪੁੱਤਰ ਵਾਲਾ ਨਿੱਘ ਪ੍ਰਾਪਤ ਕੀਤਾ। ਨਾਲ ਦੇ ਸਾਥੀਆਂ ਵਿਚ ਆਪ ਨੇ ਐਸੀ ਜੁਰਅੱਤ ਭਰ ਦਿੱਤੀ, ਕਿ ਜਦੋਂ ਹੀ ਕੋਈ ਨਵਾਬ ਉਸ ਰਾਹੋਂ ਲੰਘੇ ਤਾਂ ਉਹਨਾਂ ਨੇ ਨਵਾਬ ਦਾ ਮੂੰਹ ਚਿੰਘਾਣਾ। ਆਪ ਨੇ ਸਭ ਦੇ ਡਰ ਇਕ ਦਮ ਖ਼ਤਮ ਹੀ ਕਰ ਦਿੱਤੇ ਸਨ।
ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਪਰਿਵਾਰ ਨੂੰ ਪਟਨੇ ਤੋਂ ਬੁਲਾ ਭੇਜਿਆ, ਤਾਂ ਪਟਨਾ ਨਿਵਾਸੀਆਂ ਦੀ ਦਸ਼ਾ ਬੜੀ ਤਰਸਯੋਗ ਸੀ। ਉਹਨਾਂ ਨੂੰ ਆਪ ਦਾ ਵਿਛੋੜਾ, ਆਪ ਦੀਆਂ ਪਿਆਰ-ਯਾਦਾਂ ਤਰਸਾ ਰਹੀਆਂ ਸਨ। ਪੰਜ ਸਾਲ ਆਪ ਨੇ ਪਟਨੇ ਵਿਚ ਗੁਜ਼ਾਰੇ ਸਨ। ਪਟਨੇ ਨੂੰ ਛੱਡ ਕੇ ਆਪ ਅਨੰਦਪੁਰ ਸਾਹਿਬ ਪੁੱਜੇ। ਇਥੇ ਆਪ ਜੀ ਨੂੰ ਫ਼ਾਰਸੀ, ਹਿੰਦੀ, ਸੰਸਕ੍ਰਿਤ, ਬ੍ਰਿਜ ਭਾਸ਼ਾ ਆਦਿ ਦੀ ਸਿਖਲਾਈ ਦਿੱਤੀ ਗਈ। ਘੋੜੇ ਦੀ ਸਵਾਰੀ ਤੇ ਸ਼ਸਤਰ-ਵਿੱਦਿਆ ਦਾ ਖ਼ਾਸ ਕਰਕੇ ਅਭਿਆਸ ਕਰਵਾਇਆ ਗਿਆ। ਆਉਣ ਵਾਲੇ ਸਮੇਂ ਵਿਚ ਪੈਣ ਵਾਲੀਆਂ ਜ਼ਿੰਮੇਵਾਰੀਆਂ ਲਈ ਆਪ ਨੂੰ ਹਰ ਤਰ੍ਹਾਂ ਨਾਲ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਨਿਪੁੰਨ ਕਰ ਦਿੱਤਾ।
ਜਦੋਂ 11 ਨਵੰਬਰ, ਸੰਨ 1675 ਨੂੰ ਪਿਤਾ ਗੁਰੂ ਤੇਗ ਬਹਾਦਰ ਜੀ ਦਿੱਲੀ ਵਿਖੇ ਸ਼ਹੀਦ ਹੋ ਗਏ, ਆਪ ਗੁਰਗੱਦੀ ‘ਤੇ ਬੈਠੇ। ਇਸ ਸਮੇਂ ਆਪ ਦੀ ਉਮਰ ਕੇਵਲ 9 ਸਾਲ ਦੀ ਸੀ। ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਆਪ ਨੇ ਸੰਗਤਾਂ ਵਿਚ ਜੋਸ਼ ਭਰਨਾ ਅਰੰਭਿਆ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਇਹ ਜ਼ਰੂਰੀ ਹੋ ਗਿਆ ਸੀ, ਕਿ ਫ਼ੌਜਾਂ ਤਿਆਰ ਕਰਕੇ ਹਕੂਮਤ ਨਾਲ ਟੱਕਰ ਲਈ ਜਾਵੇ। ਸਿੱਖਾਂ ਵਿਚ ਸ਼ਸਤਰ-ਵਿੱਦਿਆ ਦੇ ਸ਼ੌਕ ਨੂੰ ਤੇਜ਼ ਕੀਤਾ। 52 ਕਵੀ ਰੱਖ ਕੇ ਬੀਰ-ਰਸ ਭਰਪੂਰ ਸਾਹਿਤ ਤਿਆਰ ਕਰਵਾਇਆ। ਸੰਨ 1682 ਵਿਚ ਇਕ ਵੱਡਾ ਧੌਂਸਾ ਤਿਆਰ ਕਰਵਾਇਆ, ਜਿਸ ਦਾ ਨਾਂ ‘ਰਣਜੀਤ ਨਗਾਰਾ’ ਰੱਖਿਆ ਗਿਆ। ਜਦੋਂ ਨਗਾਰੇ ‘ਤੇ ਚੋਟ ਪੈਂਦੀ, ਸਿੱਖਾਂ ਦੇ ਅੰਦਰ ਬੀਰ-ਰਸ ਦਾ ਹੁਲਾਰਾ ਆ ਜਾਂਦਾ। ਸ਼ਸਤਰ-ਵਿੱਦਿਆ ਦੇ ਨਾਲ, ਰਾਗ ਵਿੱਦਿਆ ਦਾ ਵੀ ਖ਼ਾਸ ਪ੍ਰਬੰਧ ਕੀਤਾ। ਗੁਰੂ ਜੀ ਨੂੰ ਆਪ ਰਾਗ ਦਾ ਬਹੁਤ ਸ਼ੌਕ ਸੀ। ਆਪ, ਤਾਊਸ ਬੜਾ ਕਮਾਲ ਦਾ ਵਜਾਉਂਦੇ ਸਨ। ਅਨੰਦਪੁਰ ਵਿਖੇ ਕਈ ਲੰਗਰ ਆਰੰਭ ਕੀਤੇ ਤੇ ਜਾਤ- ਅਭਿਮਾਨੀਆਂ ਉੱਤੇ ਕਰੜੀ ਸੱਟ ਮਾਰੀ।
ਸੰਨ 1684 ਤੋਂ 1687 ਤੱਕ ਆਪ ਰਿਆਸਤ ਨਾਹਨ ਵਿਚ ਰਹੇ। ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਅਤੇ ਸਿਰੀ ਨਗਰ ਦੇ ਰਾਜੇ ਫਤਹਿ ਸ਼ਾਹ ਦੀ ਸੁਲਾਹ ਕਰਾਈ। ਜਮਨਾ ਦੇ ਕੰਢੇ, ਸੰਨ 1685 ਵਿਚ ਪਾਉਂਟਾ ਸਾਹਿਬ ਗੁਰਦੁਆਰਾ ਬਣਾਇਆ। ਇੱਥੇ ਆਪ ਨੇ ‘ਜਾਪੁ ਸਾਹਿਬ’, ‘ਸਵੱਈਏ’ ਤੇ ਅਕਾਲ ਉਸਤਤਿ’ ਬਾਣੀਆਂ ਰਚੀਆਂ। ਸੰਗਤਾਂ ਵਿਚ ਬੀਰ ਰਸ ਪੈਦਾ ਕਰਨ ਲਈ ਕਵੀ ਦਰਬਾਰ ਕੀਤੇ ਜਾਣ ਲੱਗੇ। ਇਥੋਂ 15 ਕੋਹ ਦੀ ਵਿੱਥ ‘ਤੇ ਪਿੰਡ ਸਢੌਰਾ ਸੀ। ਸਢੌਰੇ ਦਾ ਪੀਰ ਸੱਯਦ ਬੁੱਧੂ ਸ਼ਾਹ ਆਪ ਜੀ ਦਾ ਸੇਵਕ ਬਣਿਆ, ਜਿਸ ਨੇ 500 ਪਠਾਣ ਗੁਰੂ ਜੀ ਦੀ ਫ਼ੌਜ ਵਾਸਤੇ ਅਰਪਣ ਕੀਤੇ। 15 ਅਪ੍ਰੈਲ, ਸੰਨ1687 ਨੂੰ ਭੰਗਾਣੀ ਦਾ ਯੁੱਧ ਹੋਇਆ। ਕਹਿਲੂਰ ਦੇ ਰਾਜੇ ਭੀਮ ਚੰਦ ਨੇ ਪਹਾੜੀ ਰਾਜਿਆਂ ਨੂੰ ਨਾਲ ਰਲਾ ਕੇ ਸਤਿਗੁਰੂ ਜੀ ਉੱਤੇ ਹੱਲਾ ਬੋਲ ਦਿੱਤਾ।
ਪਾਉਂਟੇ ਤੋਂ 7 ਮੀਲ ਪੂਰਬ ਵੱਲ ਜਮਨਾ ਅਤੇ ਗਿਰੀ ਨਦੀ ਦੇ ਵਿਚਕਾਰ ਵਾਲੀ ਥਾਂ ਭੰਗਾਣੀ ਵਿਖੇ ਜੰਗ ਹੋਇਆ। ਇਸ ਜੰਗ ਵਿਚ ਗੁਰੂ ਜੀ ਦੀ ਭੂਆ ਬੀਬੀ ਵੀਰੋ ਜੀ ਦੇ ਪੰਜੇ ਪੁੱਤਰਾਂ ਨੇ ਤੇ ਮਾਮਾ ਕ੍ਰਿਪਾਲ ਚੰਦ ਜੀ ਨੇ ਹਿੱਸਾ ਲਿਆ। ਪੀਰ ਬੁੱਧੂ ਸ਼ਾਹ, ਚਾਰੇ ਪੁੱਤਰ, ਦੋਵੇਂ ਭਰਾ ਤੇ 700 ਮੁਰੀਦ ਲੈ ਕੇ ਸ਼ਾਮਲ ਹੋਇਆ। ਗੁਰੂ ਕੇ ਸਿੱਖ ਮਹੰਤ ਕ੍ਰਿਪਾਲ ਦਾਸ ਉਦਾਸੀ ਨੇ ਮੋਟੇ ਸੋਟੇ ਨਾਲ ਹਯਾਤ ਖ਼ਾਂ ਦਾ ਸਿਰ ਫੇਹ ਦਿੱਤਾ। ਪਹਾੜੀ ਰਾਜਿਆਂ ਨੂੰ ਹਾਰ ਹੋਈ। ਬੀਬੀ ਵੀਰੋ ਜੀ ਦੇ ਪੁੱਤਰ ਸੰਗੋ ਸ਼ਾਹ ਅਤੇ ਜੀਤ ਮੱਲ ਸ਼ਹੀਦ ਹੋਏ। ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਅਤੇ ਇਕ ਭਰਾ ਸ਼ਹੀਦ ਹੋਇਆ। ਹੋਰ ਅਨੇਕਾਂ ਸਿੰਘ ਸ਼ਹੀਦ ਹੋ ਗਏ। ਰਾਜਾ ਹਰੀ ਚੰਦ ਪਹਾੜੀ ਰਾਜੇ ਸਮੇਤ ਤਿੰਨ ਪਹਾੜੀ ਰਾਜੇ ਮਾਰੇ ਗਏ।
ਸਤਿਗੁਰੂ ਜੀ ਨੇ ਅਗਲੇ ਦਿਨ ਪੀਰ ਬੁੱਧੂ ਸ਼ਾਹ ਨੂੰ ਇਕ ਕਟਾਰ, ਇਕ ਸੁੰਦਰ ਪੁਸ਼ਾਕ, ਇਕ ਆਪਣੇ ਹੱਥੀਂ ਲਿਖਿਆ ਹੁਕਮਨਾਮਾ ਬਖਸ਼ਿਆ। ਪੀਰ ਬੁੱਧੂ ਸ਼ਾਹ ਨੇ ਗੁਰੂ ਜੀ ਦਾ ਕੰਘਾ, ਜੋ ਆਪ ਵਰਤ ਕੇ ਹੀ ਹਟੇ ਸਨ ਅਤੇ ਜਿਸ ਵਿਚ ਕੁਝ ਕੇਸ ਅੜੇ ਹੋਏ ਸਨ, ਆਪ ਮੰਗ ਕੇ ਲਿਆ। ਅੱਧੀ ਦਸਤਾਰ ਪੀਰ ਬੁੱਧੂ ਸ਼ਾਹ ਨੂੰ ਤੇ ਅੱਧੀ ਦਸਤਾਰ ਮਹੰਤ ਕ੍ਰਿਪਾਲ ਦਾਸ ਨੂੰ ਬਖਸ਼ ਦਿੱਤੀ। ਭੰਗਾਣੀ ਦੇ ਯੁੱਧ ਤੋਂ ਬਾਅਦ ਗੁਰੂ ਜੀ ਅਕਤੂਬਰ 1687 ਵਿਚ ਵਾਪਸ ਅਨੰਦਪੁਰ ਆ ਗਏ, ਤੇ ਦਸੰਬਰ 1704 ਤੱਕ 17 ਸਾਲ ਅਨੰਦਪੁਰ ਸਾਹਿਬ ਹੀ ਰਹੇ।
ਸੰਨ 1688 ਵਿਚ ਨਦੌਨ ਦਾ ਜੰਗ, ਜੰਮੂ ਦੇ ਨਵਾਬ ਅਲਫ ਖ਼ਾਂ ਨਾਲ ਹੋਇਆ। ਸੰਨ 1689 ਵਿਚ ‘ਹੁਸੈਨੀ ਯੁੱਧ’ ਹੋਇਆ ਜਿਸ ਵਿਚ ਪਹਾੜੀ ਰਾਜੇ, ਹੁਸੈਨ ਖ਼ਾਂ ਨੂੰ ਚੜ੍ਹਾ ਕੇ ਲਿਆਏ ਸਨ। ਦੋਹਾਂ ਯੁੱਧਾਂ ਵਿਚ ਗੁਰੂ ਜੀ ਦੀ ਜਿੱਤ ਹੋਈ ਤੇ ਪਹਾੜੀ ਰਾਜਿਆਂ ਨੂੰ ਮੂੰਹ ਦੀ ਖਾਣੀ ਪਈ। ਸੰਨ 1697 ਵਿਚ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਬਣੇ। ਸੰਨ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ‘ਕੇਸਗੜ੍ਹ’ ਦੇ ਅਸਥਾਨ ‘ਤੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਤੇ ਅੰਮ੍ਰਿਤ ਛਕਾ ਕੇ ਖ਼ਾਲਸਾ ਤਿਆਰ ਕੀਤਾ।
ਸੰਨ 1700 ਤੋਂ 1703 ਤੱਕ ਪਹਾੜੀ ਰਾਜਿਆਂ ਨਾਲ ਅਨੰਦਪੁਰ ਸਾਹਿਬ ਵਿਖੇ ਚਾਰਲੜਾਈਆਂ ਲੜੀਆਂ ਤੇ ਹਰ ਵਾਰੀ ਜਿੱਤ ਪ੍ਰਾਪਤ ਕੀਤੀ। ਪਹਾੜੀ ਰਾਜਿਆਂ ਦੇ ਕਹਿਣ ‘ਤੇ ਔਰੰਗਜ਼ੇਬ ਨੇ ਦਿੱਲੀ ਤੋਂ ਮੁਗ਼ਲ ਫ਼ੌਜ ਵੀ ਭੇਜੀ ਤਾਂ ਕਿ ਗੁਰੂ ਜੀ ਨੂੰ ਪਕੜਿਆ ਜਾ ਸਕੇ। ਸੰਨ 1704 ਦੇ ਮਈ ਮਹੀਨੇ, ਅਨੰਦਪੁਰ ਦੀ ਆਖਰੀ ਲੜਾਈ ਹੋਈ। ਬਹੁਤ ਸਮਾਂ ਜੰਗ ਹੁੰਦਾ ਰਿਹਾ। ਸਰਹਿੰਦ ਦਾ ਸੂਬੇਦਾਰ ਵਜ਼ੀਰ ਖ਼ਾਂ ਵੀ ਫ਼ੌਜ ਲੈ ਕੇ ਪਹੁੰਚ ਗਿਆ ਸੀ। ਮੁਗ਼ਲ ਫ਼ੌਜ ਨੇ 6 ਮਹੀਨੇ ਅਨੰਦਪੁਰ ਨੂੰ ਘੇਰਾ ਪਾਈ ਰੱਖਿਆ। ਕਿਲ੍ਹੇ ਅੰਦਰ ਰਸਦ ਪਾਣੀ ਖ਼ਤਮ ਹੋ ਗਿਆ। ਅਖੀਰ 6-7 ਪੋਹ ਦੀ ਵਿਚਕਾਰਲੀ ਰਾਤ ਨੂੰ ਗੁਰੂ ਜੀ ਨੇ ਬਾਕੀ ਸਿੱਖਾਂ ਸਮੇਤ ਅਨੰਦਪੁਰ ਦਾ ਕਿਲ੍ਹਾ ਛੱਡਿਆ।
ਸਿੰਘ ਅਜੇ ਕੀਰਤਪੁਰ ਹੀ ਲੰਘੇ ਸਨ ਕਿ ਵੈਰੀ ਦਲ ਸਿੰਘਾਂ ਉੱਤੇ ਟੁੱਟ ਪਿਆ। ਸਰਸਾ ਨਦੀ ਪਾਣੀ ਨਾਲ ਠਾਠਾਂ ਮਾਰ ਰਹੀ ਸੀ। ਸਰਸਾ ਨਦੀ ‘ਤੇ ਭਿਆਨਕ ਜੰਗ ਹੋਇਆ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਸਮੇਤ ਗੁਰੂ ਜੀ ਨਾਲੋਂ ਵਿਛੜ ਗਏ। ਗੁਰੂ ਜੀ ਚਮਕੌਰ ਸਾਹਿਬ ਪੁੱਜੇ ਜਿੱਥੇ 8 ਪੋਹ ਸੰਮਤ 1761 ਸੰਨ 1704 ਨੂੰ ਚਮਕੌਰ ਦਾ ਯੁੱਧ ਹੋਇਆ। 40 ਸਿੰਘਾਂ ਨੇ ਦਸ ਲੱਖ ਫ਼ੌਜ ਦਾ ਟਾਕਰਾ ਬੜੀ ਬਹਾਦਰੀ ਨਾਲ ਕੀਤਾ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਵੈਰੀਆਂ ਦੇ ਆਹੂ ਲਾਹੁੰਦੇ ਸ਼ਹੀਦ ਹੋ ਗਏ। ਪੰਜਾਂ ਸਿੰਘਾਂ ਦੇ ਫ਼ੈਸਲੇ ਅਨੁਸਾਰ ਗੁਰੂ ਜੀ ਚਮਕੌਰ ਦੀ ਗੜ੍ਹੀ ਤੋਂ ਬਾਹਰ ਨਿਕਲੇ ਤੇ ਮਾਛੀਵਾੜੇ ਦੇ ਜੰਗਲਾਂ ਵਿਚ ਜਾ ਪਹੁੰਚੇ। ਮਾਛੀਵਾੜੇ ਤੋਂ ਹੇਹਰਾਂ ਤੱਕ ਉੱਚ ਦੇ ਪੀਰ ਬਣ ਕੇ ਗਏ, 13 ਪੋਹ, ਸੰਮਤ 1761 ਸੰਨ 1704 ਨੂੰ ਛੋਟੇ ਸਾਹਿਬਜ਼ਾਦੇ ਸਰਹਿੰਦ ਵਿਖੇ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ।
ਗੁਰੂ ਜੀ ਨੇ ਪਿੰਡ ਦੀਨੇ ਵਿਖੇ ਪੁੱਜ ਕੇ ਔਰੰਗਜ਼ੇਬ ਵੱਲ ਫ਼ਾਰਸੀ ਵਿਚ ਇਕ ਚਿੱਠੀ ਲਿਖੀ, ਜਿਸ ਨੂੰ ਜ਼ਫਰ-ਨਾਮਾ (ਜਿੱਤ ਦੀ ਚਿੱਠੀ) ਕਿਹਾ ਜਾਂਦਾ ਹੈ। ਇਹ ਜ਼ਫਰਨਾਮਾ ਭਾਈ ਦਇਆ ਸਿੰਘ ਜੀ ਲੈ ਕੇ ਗਏ ਸਨ। 8 ਮਈ ਸੰਨ 1705 ਨੂੰ ‘ਮੁਕਤਸਰ’ ਵਿਖੇ ਮੁਗ਼ਲ ਫ਼ੌਜਾਂ ਨਾਲ ਘਮਸਾਨ ਦਾ ਜੰਗ ਹੋਇਆ ਜਿਸ ਵਿਚ ਮਾਈ ਭਾਗ ਕੌਰ ਤੇ ਭਾਈ ਮਹਾਂ ਸਿੰਘ ਜਥੇਦਾਰ, ਬਾਕੀ ਸਿੱਖਾਂ ਸਮੇਤ ਬੜੀ ਬਹਾਦਰੀ ਨਾਲ ਲੜੇ। ਭਾਈ ਮਹਾਂ ਸਿੰਘ ਜੀ ਸ਼ਹੀਦ ਹੋ ਗਏ। ਵੈਰੀ ਦਲ ਹਾਰ ਖਾ ਕੇ ਭੱਜ ਉੱਠਿਆ। ਸ਼ਹੀਦ ਸਿੰਘਾਂ ਦਾ ਜਿੱਥੇ ਸਸਕਾਰ ਕੀਤਾ ਗਿਆ, ਉੱਥੇ ਅੱਜ ਗੁਰਦੁਆਰਾ ‘ਸ਼ਹੀਦ ਗੰਜ’ ਬਣਿਆ ਹੋਇਆ ਹੈ।ਮੁਕਤਸਰ ਤੋਂ ਗੁਰੂ ਜੀ ਤਲਵੰਡੀ ਸਾਬੋ ਪੁੱਜੇ। ਗੁਰੂ ਜੀ ਇੱਥੇ ਇਕ ਸਾਲ ਦੇ ਕਰੀਬ ਰਹੇ। ਭਾਈ ਡੱਲੇ ਦੀ ਪਰਖ ਕੀਤੀ ਤੇ ਅੰਮ੍ਰਿਤ ਛਕਾ ਕੇ ਭਾਈ ਡੱਲਾ ਸਿੰਘ ਬਣਾਇਆ। ਇੱਥੇ ਹੀ ਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਵਾਈ, ਜਿਸ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਦਰਜ ਕੀਤੀ।
ਅਕਤੂਬਰ, 1706 ਈ. ਵਿਚ ਆਪ ਦੱਖਣ ਵੱਲ ਚੱਲ ਪਏ। 3 ਮਾਰਚ, ਸੰਨ 1707 ਨੂੰ ਔਰੰਗਜ਼ੇਬ ਮਰ ਗਿਆ। ਬਹਾਦਰ ਸ਼ਾਹ ਨੇ ਤਖ਼ਤ ‘ਤੇ ਬੈਠਣ ਵਾਸਤੇ ਗੁਰੂ ਜੀ ਪਾਸੋਂ ਮਦਦ ਮੰਗੀ। ਗੁਰੂ ਜੀ ਨੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ ਦੀ ਕਮਾਨ ਹੇਠ ਇਕ ਜਥਾ ਭੇਜਿਆ। ਬਹਾਦਰ ਸ਼ਾਹ ਦੀ ਜਿੱਤ ਹੋਈ। ਉਸ ਦਾ ਭਰਾ ‘ਆਜ਼ਮ’ ਮਾਰਿਆ ਗਿਆ। ਤਖ਼ਤ ਬਹਾਦਰ ਸ਼ਾਹ ਦੇ ਹੱਥ ਲੱਗਾ। ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਬੜੇ ਸਤਿਕਾਰ ਨਾਲ ਕੀਮਤੀ ਭੇਟਾਂ ਪੇਸ਼ ਕੀਤੀਆਂ। ਗੁਰੂ ਜੀ ਉਸ ਸਮੇਂ ਆਗਰੇ ਵਿਚ ਸਨ। ਅਗਸਤ, 1707 ਤੋਂ ਸਤੰਬਰ, 1708 ਤੱਕ ਗੁਰੂ ਜੀ ਬਹਾਦਰ ਸ਼ਾਹ ਦੇ ਨਾਲ ਰਹੇ। ਸਤੰਬਰ 1708 ਵਿਚ ਨੰਦੇੜ ਅੱਪੜੇ। ਨੰਦੇੜ ਵਿਖੇ ਬੈਰਾਗੀ ਲਛਮਣ ਦਾਸ ਨੂੰ ਮਿਲੇ। ਉਸ ਨੂੰ ਸਿੰਘ ਜਾਇਆ ਤੇ ਬਾਬਾ ਬੰਦਾ ਸਿੰਘ ਬਣਾ ਕੇ ਪੰਜਾਬ ਵੱਲ ਭੇਜਿਆ।
18 ਸਤੰਬਰ, ਸੰਨ 1708 ਨੂੰ ਵਜ਼ੀਰ ਖ਼ਾਂ ਸੂਬਾ ਸਰਹੰਦ ਦੇ ਭੇਜੇ ਹੋਏ ਦੋ ਪਠਾਣਾਂ ਨੇ ਇਕ ਰਾਤ ਧੋਖੇ ਨਾਲ ਗੁਰੂ ਜੀ ਉੱਤੇ ਛੁਰੇ ਨਾਲ ਵਾਰ ਕਰ ਦਿੱਤਾ। ਸਤਿਗੁਰੂ ਜੀ ਨੇ ਇਕ ਪਠਾਣ ਨੂੰ ਤਾਂ ਉਸੇ ਸਮੇਂ ਤਲਵਾਰ ਦੇ ਨਾਲ ਖ਼ਤਮ ਕਰ ਦਿੱਤਾ ਤੇ ਦੂਜਾ ਪਠਾਣ ਸਿੰਘਾਂ ਦੇ ਪੁੱਜਣ ਕਰਕੇ ਸਿੰਘਾਂ ਦੇ ਹੱਥੋਂ ਮਾਰਿਆ ਗਿਆ। ਇਕ ਜਰਾਹ ਨੂੰ ਸੱਦ ਕੇ ਲਿਆਂਦਾ ਗਿਆ ਜਿਸ ਨੇ ਜ਼ਖਮ ਧੋ ਕੇ ਸਾਫ਼ ਕਰਕੇ ਸੀਊਂ ਦਿੱਤੇ ਅਤੇ ਮਲ੍ਹਮ ਪੱਟੀ ਕਰ ਦਿੱਤੀ। ਜ਼ਖਮ ਰਾਜ਼ੀ ਹੋਣਾ ਆਰੰਭ ਹੋ ਗਿਆ। ਸੰਨ 1699 ਦੀ ਵਿਸਾਖੀ ਵਾਲੇ ਦਿਨ ਪੰਜਾਂ ਪਿਆਰਿਆਂ ਦੀ ਰਾਹੀਂ ਅੰਮ੍ਰਿਤ ਮਰਯਾਦਾ ਚਲਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ, ਸ਼ਖਸੀ ਗੁਰਤਾ ਵਾਲਾ ਸਿਲਸਿਲਾ ਖ਼ਤਮ ਕਰਨ ਦੀ ਸੂਚਨਾ ਤਦੋਂ ਹੀ ਕਰ ਦਿੱਤੀ ਸੀ। ਫਿਰ 8-9 ਪੋਹ, ਸੰਮਤ 1761
ਸੰਨ 1704 ਦੀ ਰਾਤ ਨੂੰ ਚਮਕੌਰ ਦੀ ਗੜ੍ਹੀ ਵਿਚ ਖ਼ਾਲਸੇ ਦੀ ਬੇਮਿਸਾਲ ਬਹਾਦਰੀ ਵੇਖ ਕੇ ਸਤਿਗੁਰੂ ਜੀ ਨੇ ਖ਼ਾਲਸੇ ਨੂੰ ਗੁਰਿਆਈ ਦੇ ਦਿੱਤੀ ਸੀ। ਸ਼ਖਸੀ ਗੁਰਿਆਈ ਨੂੰ ਮੁਕਾਣ ਲਈ ਇਹ ਦੂਜਾ ਕਦਮ ਸੀ। ਹੁਣ 7 ਅਕਤੂਬਰ, 1708 ਈ. ਨੂੰ ਆਪਣਾ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਜਾਣ ਕੇ ਭਾਰੀ ਦੀਵਾਨ ਸਜਾਇਆ। ਭਰੀ ਸੰਗਤ ਦੇ ਸਾਹਮਣੇ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਖ਼ਾਲਸਾ ਪੰਥ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਹੈ। ਹੁਣ ਕੋਈ ਸ਼ਖਸੀ ਗੁਰੂ ਨਹੀਂ ਹੋਵੇਗਾ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ, ‘ਆਤਮਾ ਗ੍ਰੰਥ ਵਿਚ ਤੇ ਸਰੀਰ ਪੰਥ ਵਿਚ’ ਕਹਿ ਕੇ ਸਦਾ ਵਾਸਤੇ ਗੁਰਿਆਈ ਜੁਗੋ ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ ਦਿੱਤੀ ਤੇ ਆਪ ਜੋਤੀ ਜੋਤ ਸਮਾ ਗਏ।