Saakhi – Baba Mohri Ji Ate Gyan Da Shisha
ਬਾਬਾ ਮੋਹਰੀ ਜੀ ਅਤੇ ਗਿਆਨ ਦਾ ਸ਼ੀਸ਼ਾ
ਧੰਨ ਗੁਰੂ ਅਮਰਦਾਸ ਜੀ ਦਾ ਦਰਬਾਰ ਲੱਗਾ ਹੋਇਆ ਸੀ। ਗੁਰੂ ਸਾਹਿਬ ਜੀ ਸੰਗਤ ਉੱਤੇ ਰਹਿਮਤਾਂ ਦਾ ਬਰਖਾ ਕਰ ਰਹੇ ਸੀ। ਗੁਰੂ ਸਾਹਿਬ ਦੇ ਪੁਤਰ ਭਾਈ ਮੋਹਰੀ ਜੀ ਜੋ ਗੁਰ ਕਿਰਪਾ ਨਾਲ ਹਮੇਸ਼ਾਂ ਸਿਮਰਨ ਵਿੱਚ ਜੁੜੇ ਰਹਿੰਦੇ ਸੀ। ਸਤਿਗੁਰੂ ਪਿਤਾ ਜੀ ਦੇ ਦਰਸ਼ਨ ਕਰਨ ਲਈ ਆਏ ਤਾਂ ਉਹਨਾਂ ਨਾਲ ਸੰਗਤ ਵਿੱਚ ਬੈਠੇ ਕੁਛ ਲੋਕ ਕਿਸੇ ਧੰਨਵਾਨ ਦੇ ਲੱਖ ਟਕਿਆਂ ਬਾਰੇ ਗੱਲ ਕਰ ਰਹੇ ਸੀ। ਬਾਬਾ ਮੋਹਰੀ ਜੀ ਦਾ ਧਿਆਨ ਵੀ ਉਹਨਾਂ ਦਿਆਂ ਗੱਲਾਂ ਵੱਲ ਚਲਿਆ ਗਿਆ।
ਬਾਬਾ ਮੋਹਰੀ ਜੀ ਦੇ ਮਨ ਅੰਦਰ ਖਿਆਲ ਆਇਆ, ਲੱਖ ਟਕੇ ਕਿੰਨੇ ਹੁੰਦੇ ਹਨ ? ਮੈਂ ਤਾਂ ਅੱਜ ਤਕ ਲੱਖ ਟਕੇ ਇਕੱਠੇ ਨਹੀਂ ਦੇਖੇ ਨਹੀਂ ਹਨ।
ਇਸ ਖਿਆਲ ਵਿੱਚ ਡੁੱਬੇ ਮੋਹਰੀ ਜੀ ਜਦ ਗੁਰੂ ਸਾਹਿਬ ਨੂੰ ਸ਼ੀਸ਼ ਨਿਵਾਉਣ ਲਈ ਪਹੁੰਚੇ ਤਾਂ ਸਭਨਾ ਦੇ ਦਿਲਾਂ ਦਿਆਂ ਜਾਨਣ ਵਾਲੇ ਸਤਿਗੁਰਾਂ ਨੇ ਬਾਬਾ ਮੋਹਰੀ ਜੀ ਦੇ ਮਨ ਵਿੱਚ ਆਈ ਬੈਚੇਨੀ ਨੂੰ ਦੂਰ ਕਰਨ ਲਈ ਸੰਗਤ ਨੂੰ ਹੁਕਮ ਕੀਤਾ ਕਿ ਅੱਜ ਸਾਰੀ ਸੰਗਤ ਆਪਣੇ ਆਪਣੇ ਕੋਲ ਰੱਖੇ ਸਾਰੇ ਟਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਣਾਂ ਵਿੱਚ ਸੇਵਾ ਲਈ ਹਾਜਿਰ ਕਰੇ।
ਗੁਰੂ ਸਾਹਿਬ ਨੂੰ ਹੁਕਮ ਕਰਨ ਦੀ ਹੀ ਦੇਰ ਸੀ ਕਿ ਗੁਰੂ ਸਾਹਿਬ ਦੇ ਚਰਣਾਂ ਵਿੱਚ ਮਾਇਆ ਦਾ ਢੇਰ ਲੱਗ ਗਿਆ। ਫਿਰ ਗੁਰੂ ਸਾਹਿਬ ਨੇ ਬਾਬਾ ਜੀ ਨੂੰ ਹੁਕਮ ਕੀਤਾ, ਬਾਬਾ ਮੋਹਰੀ, ਇਹਨਾਂ ਨੂੰ ਗਿਣ ਕੇ ਦੱਸੋ ਕਿੰਨੇ ਹਨ ?
ਬਾਬਾ ਮੋਹਰੀ ਜੀ ਬਹੁਤ ਖੁਸ਼ ਹੋਇ ਕਿਉਕਿ ਗੁਰੂ ਸਾਹਿਬ ਨੇ ਉਹਨਾਂ ਦੇ ਲੱਖ ਟਕੇ ਦੇਖਣ ਦੀ ਮੁਰਾਦ ਪਲ ਵਿੱਚ ਹੀ ਪੂਰੀ ਕਰ ਦਿੱਤੀ ਸੀ।
ਬਾਬਾ ਜੀ ਨੇ ਖੁਸ਼ੀ-ਖੁਸ਼ੀ ਟਕੇ ਗਿਣਨੇ ਸ਼ੁਰੂ ਕਰ ਦਿੱਤੇ। ਬਾਬਾ ਜੀ ਗਿਣਤੀ ਕਰਕੇ ਟਕੇ ਇੱਕ ਪਾਸੇ ਰੱਖਣ ਲੱਗ ਪਏ। ਕੁਝ ਸਮੇਂ ਬਾਦ ਥਾਂ ਘੱਟ ਪੈਣ ਲਗੀ ਤਾਂ ਬਾਬਾ ਜੀ ਅਪਣੀ ਗੋਦੀ ਵਿੱਚ ਰੱਖ ਟਕੇ ਗਿਣਨ ਲੱਗ ਪਏ ਤੇ ਇਕ ਮਿਥੀ ਗਿਣਤੀ ਤੋਂ ਬਾਦ ਟਕੇ ਪਹਿਲਾਂ ਵਾਲੇ ਢੇਰ ਉੱਤੇ ਉਲਟ ਦਿੰਦੇ।
ਕਈ ਘੰਟੇ ਬੀਤਣ ਦੇ ਬਾਦ ਵੀ ਟਕਿਆਂ ਦੀ ਗਿਣਤੀ ਪੂਰੀ ਨਹੀਂ ਹੋ ਸਕੀ। ਲੋਹੇ ਦੇ ਬਣੇ ਟਕੇ ਆਪਣੀ ਕਾਲਿਖ ਛੱਡ ਰਹੇ ਸਨ। ਬਾਬਾ ਮੋਹਰੀ ਜੀ ਦੇ ਦੋਨੋਂ ਹੱਥ, ਚਿੱਟੇ ਕਪੜੇ ਕਾਲਿਖ ਨਾਲ ਕਾਲੇ ਹੋ ਗਏ। ਮੱਥੇ ਦਾ ਪਸੀਨਾਂ ਸਾਫ ਕਰਦੇ ਸਮੇਂ ਕਾਲਿਖ ਵਾਲੇ ਹੱਥ ਮੂੰਹ ਤੇ ਲਗੱਣ ਨਾਲ ਉਹਨਾਂ ਦਾ ਪਵਿਤ੍ਰ ਚਿਹਰਾ ਵੀ ਕਾਲਾ ਹੋ ਗਿਆ।
ਤਦ ਗੁਰੂ ਸਾਹਿਬ ਨੇ ਆਪਣੇ ਪਿਆਰੇ ਸੇਵਕ ਭਾਈ ਪਾਰੋ ਜੀ ਨੂੰ ਇਕ ਸ਼ੀਸ਼ਾ ਲੈ ਕੇ ਆਣ ਦਾ ਹੁਕਮ ਕੀਤਾ। ਭਾਈ ਪਾਰੋ ਨੇ ਸ਼ੀਸ਼ਾ ਲਿਆ ਹਾਜਿਰ ਕੀਤਾ। ਗੁਰੂ ਸਾਹਿਬ ਨੇ ਉਹ ਸ਼ੀਸ਼ਾ ਟਕੇ ਗਿਣਨ ਵਿੱਚ ਮਗਨ ਹੋਇ ਬਾਬਾ ਮੋਹਰੀ ਜੀ ਦੇ ਸਾਹਮਣੇ ਰੱਖ ਦਿੱਤਾ।
ਬਾਬਾ ਮੋਹਰੀ ਜੀ ਨੇ ਜਦ ਖੁਦ ਨੂੰ ਸ਼ੀਸ਼ੇ ਵਿੱਚ ਦੇਖਿਆ ਤਾਂ ਇਕ ਦਮ ਖੜੇ ਹੋ ਗਏ ਅਤੇ ਗੁਰੂ ਸਾਹਿਬ ਜੀ ਨੂੰ ਨਮਸ਼ਕਾਰ ਕਰ ਗੁਰੂ ਦਰਬਾਰ ਵਿੱਚੋਂ ਨਿਕਲ ਗਏ ਅਤੇ ਆਪਣੇਂ ਨਿਵਾਸ ਤੇ ਜਾ ਕੇ ਫਿਰ ਸਿਮਰਨ ਵਿੱਚ ਲੀਨ ਹੋ ਗਏ।
ਭਾਈ ਪਾਰੋ ਜੀ ਨੇ ਪੁਛਿਆ ਸਤਿਗੁਰੂ ਜੀ ਆਪ ਜੀ ਦੇ ਹੁਕਮ ਨਾਲ ਬਾਬਾ ਮੋਹਰੀ ਜੀ ਮਾਇਆ ਦੀ ਗਿਣਤੀ ਕਰ ਰਹੇ ਸੀ। ਆਪ ਜੀ ਨੇ ਜਦ ਸ਼ੀਸ਼ਾ ਉਹਨਾਂ ਸਾਹਮਣੇ ਰਖਿੱਆ ਤਾਂ ਉਹ ਇਕ ਦਮ ਉਠ ਕੇ ਚਲੇ ਗਏ। ਕਿਤੇ ਉਹ ਨਾਰਾਜ ਤਾਂ ਨਹੀਂ ਹੋ ਗਏ ?
ਗੁਰੂ ਸਾਹਿਬ ਨੇ ਜਵਾਬ ਕੀਤਾ, ਨਹੀਂ ਭਾਈ ਪਾਰੋ। ਉਹ ਆਪਣਾ ਅਕਸ਼ ਸ਼ੀਸ਼ੇ ਵਿੱਚ ਦੇਖ ਕੇ ਇਸ ਲਈ ਇਥੋਂ ਚਲੇ ਗਏ ਹਨ ਕਿਉਕੀਂ ਉਹਨਾਂ ਨੂੰ ਇਸ ਪਰਮ ਸੱਤ ਦਾ ਇਹਸਾਸ ਹੋ ਗਿਆ ਹੈ ਕਿ ਮਾਇਆ ਏਨੀ ਪ੍ਰਬਲ ਹੈ ਕਿ ਸਤਿਗੁਰੂ ਦੇ ਦਰਬਾਰ ਵਿੱਚ ਵੀ ਸਾਧੂ ਮਨਾਂ ਉਤੇ ਆਪਣਾ ਜਾਲ ਪਾਉਦੀ ਹੈ। ਉਹਨਾਂ ਦੇ ਨਿਰਲੇਪ ਸਾਧੂ ਮਨ ਵਿੱਚ ਮਾਇਆ ਨੇ ਲੱਖ ਟਕੇ ਦੇਖਣ ਦੀ ਬੇਚੈਨੀ ਪੈਦਾ ਕਰ ਦਿੱਤੀ।
ਆਪਣੇ ਅਕਸ਼ ਤੇ ਕਾਲਿਖ ਦੇਖ ਕੇ ਉਹ ਇਕ ਦਮ ਇਸ ਲਈ ਉੱਠ ਗਏ ਕਿਉਕੀ ਉਹਨਾਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਧੰਨ ਦੇ ਮੋਹ ਵਿੱਚ ਫਸੇ ਪ੍ਰਾਣਿਆਂ ਦੇ ਧੰਨ ਇਕੱਠਾ ਕਰਨ ਦਾ ਮੋਹ ਨਾ ਸਿਰਫ ਇਸ ਸ਼ੰਸਾਰ ਵਿੱਚ, ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਵੀ ਮੂੰਹ ਕਾਲਾ ਹੀ ਕਰਦਾ ਹੈ। ਆਪਣੇ ਮਨ ਦੀ ਪੜਚੋਲ ਅਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਸਦਕੇ ਉਹਨਾਂ ਨੂੰ ਇਸ ਸੱਚ ਦਾ ਗਿਆਨ ਹੋ ਗਿਆ ਹੈ ਇਸ ਲਈ ਉਹ ਬਿਨਾ ਸਮਾਂ ਖਰਾਬ ਕੀਤੇ ਮਾਇਆ ਦਾ ਮੋਹ ਤਿਆਗ ਕੇ ਉਸ ਸੱਚੇ ਪਿਤਾ ਵਾਹਿਗੁਰੂ ਜੀ ਦੇ ਸਿਮਰਨ ਵਿਚ ਫਿਰ ਤੋਂ ਲੀਨ ਹੋ ਗਏ ਹਨ।
ਸਿੱਖਿਆ – ਮਾਇਆ ਦਾ ਮੋਹ ਜੀਵ ਦਾ ਮੂੰਹ ਇਸ ਸੰਸਾਰ ਦੇ ਨਾਲ-ਨਾਲ ਉਸ ਸੱਚੇ ਪਿਤਾ ਵਾਹਿਗੁਰੂ ਜੀ ਦੇ ਦਰਬਾਰ ਵਿੱਚ ਕਾਲਾ ਕਰਵਾ ਦਿੰਦਾ ਹੈ।
Waheguru Ji Ka Khalsa Waheguru Ji Ki Fateh
– Bhull Chuk Baksh Deni Ji –