Saakhi – Bhai Kataru Ji Ate Sri Guru Arjan Dev Ji
Bhai Kataru Ji Ate Sri Guru Arjan Dev Ji
ਭਾਈ ਕਟਾਰੂ ਜੀ ਅਤੇ ਗੁਰੂ ਅਰਜਨ ਦੇਵ ਜੀ
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਖ ਭਾਈ ਕਟਾਰੂ ਹੋਇਆ ਹੈ, ਜੋ ਕਿ ਪਾਕਿਸਤਾਨ ਗਜ਼ਨੀ ਸ਼ਹਿਰ ਵਿੱਚ ਰਹਿੰਦਾ ਸੀ। ਉਦੋਂ ਜੋ ਰਾਸ਼ਨ ਡਿਪੂ ਹੁੰਦੇ ਸਨ, ਸਾਰਾ ਚਾਰਜ ਉਸ ਸਮੇਂ ਸੂਬੇਦਾਰ ਕੋਲ ਹੁੰਦਾ ਸੀ ਇਹ ਭਾਈ ਕਟਾਰੂ ਸੂਬੇਦਾਰ ਕੋਲ ਧੜਵਈ ਦੀ ਨੌਕਰੀ ਕਰਦਾ ਸੀ, ਲੋਕਾਂ ਨੂੰ ਰਾਸ਼ਨ ਦਿੰਦਾ ਸੀ ਤੇ ਗੁਰੂ ਅਰਜਨ ਦੇਵ ਜੀ ਤੋਂ ਚਰਨ ਪਾਹੁਲ ਪ੍ਰਾਪਤ ਕਰਕੇ ਗੁਰਮੰਤਰ ਦੀ ਦਾਤ ਲੈ ਕੇ ਸਿੱਖ ਸਜਿਆ ਸੀ।
ਗੁਰੂ ਅਰਜਨ ਦੇਵ ਜੀ ਨੇ ਜਦੋਂ ਸਿੱਖੀ ਦਿੱਤੀ ਤੇ ਪੁੱਛਿਆ, ”ਕੀ ਕੰਮ ਕਰਦਾ ਹੈਂ?” ”ਜੀ! ਧੜਵਈ ਦੀ ਨੌਕਰੀ।” ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਕਟਾਰੂ ਜੀ ਨੂੰ ਸਿੱਖੀ ਕਮਾਉਣ ਵਾਸਤੇ ਪੰਜ ਬਚਨ ਦਿੱਤੇ –
1. ਘੱਟ ਨਹੀਂ ਤੋਲਣਾ।
2. ਦਸਵੰਧ ਜ਼ਰੂਰ ਕੱਢਣਾ ਹੈ।
3. ਅੰਮ੍ਰਿਤ ਵੇਲੇ ਉੱਠ ਕੇ ਜਪੁਜੀ ਸਾਹਿਬ ਦਾ ਪਾਠ ਕਰਕੇ ਕੁਝ ਛਕਣਾ ਹੈ।
4. ਕੰਮ-ਕਾਰ ਕਰਦਿਆਂ ਵਾਹਿਗੁਰੂ ਸ਼ਬਦ ਦੀ ਕਮਾਈ ਕਰਨੀ ਹੈ।
5. ਕਿਸੇ ਦਾ ਜਾਣ ਬੁੱਝ ਕੇ ਦਿਲ ਨਹੀਂ ਦੁਖਾਣਾ। ਇਸ ਨੇ ਸਾਰੇ ਬਚਨ ਮੰਨੇ।
ਇਲਾਕੇ ਵਿੱਚ ਬੜੀ ਸੋਭਾ ਹੋ ਗਈ। ਜਦੋਂ ਇਲਾਕੇ ਵਿੱਚ ਸੋਭਾ ਹੋ ਗਈ ਤੇ ਜਿਨ੍ਹਾਂ ਕੋਲ ਸੋਭਾ ਬਰਦਾਸ਼ਤ ਨਹੀਂ ਸੀ ਹੁੰਦੀ ਉਹ ਕਹਿੰਦੇ ਹਨ ਕਿ ਕਿਹੜਾ ਕੰਮ ਕਰੀਏ ਕਿ ਭਾਈ ਕਟਾਰੂ ਨੂੰ ਬਦਨਾਮ ਕਰੀਏ। ਅੱਠ ਕੁ ਬੰਦੇ ਉਨ੍ਹਾਂ ਦੀ ਦੁਕਾਨ ਤੇ ਆਏ। ਤਿੰਨ ਚਾਰਾਂ ਨੇ ਗੱਲੀਂ ਲਗਾ ਲਿਆ ਤੇ ਤਿੰਨਾਂ-ਚਾਰਾਂ ਨੇ ਉਨ੍ਹਾਂ ਦੇ ਪੰਜ-ਸੱਤ ਵੱਟੇ ਬਦਲਾ ਦਿੱਤੇ।
ਜਿਨ੍ਹਾਂ ਨਾਲ ਤੋਲ ਕਰਕੇ ਲੋਕਾਂ ਨੂੰ ਰਾਸ਼ਨ ਦੇਂਦਾ ਸੀ, ਈਰਖਾ ਕਰਣ ਵਾਲਿਆਂ ਨੇ ਘੱਟ ਤੋਲ ਵਾਲੇ ਵੱਟੇ ਇਸ ਦੀ ਦੁਕਾਨ ਤੇ ਰੱਖ ਦਿੱਤੇ, ਨਾਲ ਹੀ ਮਹਿਕਮੇ ਨੂੰ ਸ਼ਿਕਾਇਤ ਕੀਤੀ, ਇਸ ਨੂੰ ਛਾਪਾ ਮਾਰੋ, ਘੱਟ ਤੋਲਦਾ ਹੈ। ਮਹਿਕਮੇ ਵਾਲੇ ਆ ਗਏ, ਆ ਕੇ ਕਹਿੰਦੇ, ”ਭਾਈ ਕਟਾਰੂ,” ਤੇਰੇ ਵਿਰੁੱਧ ਸ਼ਿਕਾਇਤ ਆਈ ਹੈ, ਤੂੰ ਘੱਟ ਤੋਲਦਾ ਹੈਂ। ਤੇਰੇ ਵੱਟੇ ਚੈੱਕ ਕਰਨੇ ਹਨ। ਜਦੋਂ ਉਨ੍ਹਾਂ ਕਿਹਾ ਕਿ ਵੱਟੇ ਚੈੱਕ ਕਰਨੇ ਹਨ ਤੇ ਉਦੋਂ ਨਿਗ੍ਹਾ ਗਈ ਕਿ ਪੰਜ-ਸੱਤ ਵੱਟੇ ਮੇਰੇ ਨਹੀਂ।
ਮਹਿਕਮੇ ਵਾਲੇ ਕਹਿੰਦੇ, ”ਵੱਟੇ ਚੈੱਕ ਕਰਵਾ।” ਭਾਈ ਕਟਾਰੂ ਕੀ ਕਹਿੰਦਾ ਹੈ, ਮਹਿਕਮੇ ਵਾਲਿਆਂ ਨੂੰ ਕਿ ਤੁਸੀਂ ਵੱਟੇ ਚੈੱਕ ਕਰੋ, ਮੈਨੂੰ ਆਪਣਾ ਕੰਮ ਕਰਨ ਦਿਓ। ਆਪਣਾ ਕੰਮ ਕਿਹੜਾ ਸੀ? ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਭਾਈ ਕਟਾਰੂ ਜੀ ਨੇ ਸ੍ਰੀ ਜਪੁਜੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ ਤੇ ਮਨ ਨਾਲ ਅੰਦਰੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ। ਕਿਉਂਕਿ ਪਾਵਨ ਬਾਣੀ ਵਿੱਚ ਜ਼ਿਕਰ ਆਉਂਦਾ ਹੈ ਕਿ ਕੋਈ ਭਉਜਲ ਆਵੇ ਤਾਂ ਸਿੱਖ ਬਾਣੀ ਪੜ੍ਹਕੇ ਅਰਦਾਸ ਕਰੇ¸
ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ।।
(ਪਉੜੀ, ਵਾਰ ਗੁਜਰੀ ਮ: 5, ਅੰਗ 519)
ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਬੈਠੇ ਸਨ। ਇੱਕ ਸਿੱਖ ਨੇ ਮਸਨੂਰੀ ਟਕਾ ਮੱਥਾ ਟੇਕਿਆ, ਜੋ ਦਰਸ਼ਨ ਕਰਨ ਵਾਸਤੇ ਆਇਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਉਹ ਟਕਾ ਲੈ ਕੇ ਕਦੀ ਖੱਬੀ ਤਲੀ ਰੱਖਦੇ ਹਨ, ਕਦੀ ਸੱਜੀ। ਕਦੀ ਖੱਬੀ, ਕਦੀ ਸੱਜੀ। ਸੇਵਾਦਾਰ ਕਹਿੰਦਾ ਹੈ, ਮਹਾਰਾਜ ਕੀ ਕਰ ਰਹੇ ਹੋ? ਸੰਗਤਾਂ ਮੋਹਰਾਂ, ਸੋਨਾ, ਚਾਂਦੀ, ਕੀਮਤੀ ਵਸਤੂਆਂ ਚੜ੍ਹਾ ਜਾਂਦੀਆਂ ਹਨ, ਸੇਵਾਦਾਰ ਨੂੰ ਕਹਿੰਦੇ ਹੋ, ਖ਼ਜ਼ਾਨੇ ਵਿੱਚ ਪਾ ਦੇ। ਅੱਜ ਟਕਾ ਲੈ ਕੇ ਕਦੀ ਸੱਜੀ ਤਲੀ, ਕਦੀ ਖੱਬੀ ਤਲੀ। ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ, ”ਮੈਂ ਕੀ ਕਰਾਂ? ਗ਼ਜ਼ਨੀ ਵਿੱਚ ਮੇਰੇ ਸਿੱਖ ਭਾਈ ਕਟਾਰੂ ਦੇ ਵਿਰੋਧੀਆਂ ਨੇ ਵੱਟੇ ਬਦਲਾ ਦਿੱਤੇ ਹਨ। ਮਹਿਕਮੇ ਵਾਲੇ ਚੈਕ ਕਰ ਰਹੇ ਨੇ। ਮੇਰਾ ਸਿੱਖ ਸ੍ਰੀ ਜਪੁਜੀ ਸਾਹਿਬ ਨਾਲ ਜੁੜ ਦੇ ਅਰਦਾਸ ਕਰ ਰਿਹਾ ਹੈ।”
ਸੇਵਾਦਾਰ ਕਹਿੰਦਾ ਹੈ, ਮਹਾਰਾਜ, ਟਕੇ ਨੂੰ ਕੀ ਕਰਦੇ ਪਏ ਹੋ? ਕਦੀ ਸੱਜੀ ਤਲੀ, ਕਦੀ ਖੱਬੀ ਤਲੀ। ਗੁਰੂ ਅਰਜਨ ਦੇਵ ਜੀ ਕਹਿੰਦੇ, ਜਪੁਜੀ ਸਾਹਿਬ ਦੇ ਪਾਠ ਅਤੇ ਅਰਦਾਸ ਸਦਕੇ ਉਸ ਦੀ ਚਿੰਤਾ ਮੇਰੇ ਕੋਲ ਆ ਗਈ ਹੈ। ਜਦੋਂ ਮਹਿਕਮੇ ਵਾਲੇ ਹਲਕੇ ਵਜ਼ਨ ਦਾ ਵੱਟਾ ਸੱਜੇ ਛਾਬੇ ਵਿੱਚ ਪਾਉਂਦੇ ਹਨ, ਮੈਂ ਟਕਾ ਸੱਜੀ ਤਲੀ ‘ਤੇ ਲੈ ਆਉਂਦਾ ਹਾਂ, ਜਦੋਂ ਉਹ ਖੱਬੇ ਛਾਬੇ ਵਿੱਚ ਪਾਉਂਦੇ ਹਨ, ਮੈਂ ਖੱਬੀ ਤਲੀ ‘ਤੇ ਲੈ ਆਉਂਦਾ ਹਾਂ। ਮੇਰੇ ਸਿੱਖ ਦੇ ਵੱਟਿਆਂ ਵਿੱਚ ਫਰਕ ਨਾ ਪੈ ਜਾਵੇ। ਇਸ ਤਰ੍ਹਾਂ ਗੁਰੂ ਜੀ ਨੇ ਅੰਮ੍ਰਿਤਸਰ ਵਿੱਚ ਬੈਠਿਆਂ ਗਜ਼ਨੀ ਵਿੱਚ ਬੈਠੇ ਆਪਣੇ ਸਿੱਖ ਦੀ ਪੈਜ ਰੱਖੀ।
ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਈ ਛਡਾਈ।। (ਅੰਗ 588)
ਸਿੱਖਿਆ – ਇਹ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਥੇ ਚਾਹੁੰਣ ਆਪਣੇ ਸਿੱਖ ਦੀ ਰਾਖੀ ਕਰ ਸਕਦੇ ਹਨ। ਸਾਨੂੰ ਸਿਰਫ਼ ਸਿਮਰਨ ਬਾਣੀ ਦਾ ਆਸਰਾ ਲੈ ਕੇ ਅਰਦਾਸ ਵਿੱਚ ਜੁੜਨ ਦੀ ਲੋੜ ਹੈ, ਗੁਰੂ ਸਾਹਿਬ ਅੰਗ-ਸੰਗ ਹੋ ਕੇ ਸਹਾਈ ਹੁੰਦੇ ਹਨ। ਕਿਸੇ ਬਿਪਤਾ ਵੇਲੇ ਚਿੰਤਾ ਹੀ ਕਰਨ ਨਾਲ ਮਸਲਾ ਹੱਲ ਨਹੀਂ ਹੁੰਦਾ ਚਿੰਤਾ ਨੂੰ ਚਿੰਤਨ ਬਣਾਈਏ ਤਾਂ ਚਿੰਤਾ ਗੁਰੂ ਸਾਹਿਬ ਆਪਣੇ ਤੇ ਲੈ ਲੈਂਦੇ ਹਨ।
Waheguru Ji Ka Khalsa Waheguru Ji Ki Fateh
– Bhull Chukk Baksh Deni Ji –
PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POSTS ETC.
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |