Saakhi – Bhai Tara Ji Di Shahidi
ਭਾਈ ਤਾਰਾ ਜੀ ਦੀ ਸ਼ਹੀਦੀ
ਸਤਿਗੁਰੂ ਨਾਨਕ ਦੇਵ ਜੀ ਦੇ ਸਮੇਂ ਬਾਬਰ ਨੇ ਏਮਨਾਬਾਦ ਉੱਪਰ ਹਮਲਾ ਕੀਤਾ, ਏਮਨਾਬਾਦ ਦੇ ਅਤੇ ਆਸ-ਪਾਸ ਦੇ ਲੋਕਾਂ ਦਾ ਧਨ-ਮਾਲ ਲੁੱਟਿਆ, ਇੱਜਤ ਲੁੱਟੀ, ਆਮ ਕਤਲੇਆਮ ਦਾ ਹੁਕਮ ਦੇ ਕੇ ਖੂਨ ਦੀਆਂ ਨਦੀਆਂ ਵਗਾ ਦਿੱਤੀਆਂ। ਜੋ ਬਚੇ, ਉਨ੍ਹਾਂ ਨੂੰ ਬੰਦੀ ਬਣਾ ਲਿਆ ਤੇ ਸਾਰੇ ਸ਼ਹਿਰ ਨੂੰ ਅੱਗ ਲਾ ਕੇ ਸਾੜ ਦੇਣ ਦਾ ਹੁਕਮ ਬਾਬਰ ਨੇ ਜਾਰੀ ਕਰ ਦਿੱਤਾ।
ਹਰ ਪਾਸੇ ਹਾਹਾਕਾਰ ਦੀਆਂ ਅਵਾਜਾਂ ਸੁਣਾਈ ਦਿੰਦੀਆਂ ਸਨ। ਸਾਰਾ ਸ਼ਹਿਰ ਅੱਗ ਦੇ ਲਾਂਬੂਆਂ ਨਾਲ ਜਵਾਲਾ-ਮੁਖੀ ਦਾ ਰੂਪ ਧਾਰਨ ਕਰ ਚੁੱਕਾ ਸੀ। ਗੁਰੂ ਨਾਨਕ ਦੇਵ ਜੀ ਦਾ ਇੱਕ ਸਿੱਖ, ਜਿਸ ਦਾ ਨਾਉਂ ਇਤਿਹਾਸ ਵਿੱਚ ਭਾਈ ਤਾਰਾ ਲਿਿਖਆ ਹੈ, ਉਹ ਇਸ ਕਹਿਰ ਅਤੇ ਸੜਦੀ ਨਗਰੀ ਨੂੰ ਵੇਖ, ਸਹਾਰ ਨਾ ਸਕਿਆ। ਉਸ ਨੇ ਮੱਛਕ ਪਾਣੀ ਨਾਲ ਭਰੀ, ਜਿੱਥੇ-ਜਿੱਥੇ ਘਰ ਸੜ੍ਹ ਰਹੇ ਸਨ, ਉੱਥੇ ਪੁੱਜ, ਅੱਗ ਉੱਪਰ ਪਾਣੀ ਪਾ ਕੇ ਅੱਗ ਬੁਝਾਣ ਦੇ ਯਤਨ ਵਿੱਚ ਜੁੱਟ ਗਿਆ। ਇਹ ਘਰ ਨਾ ਭਾਈ ਤਾਰਾ ਦੇ ਸਨ, ਨਾ ਭਾਈ ਤਾਰਾ ਦੇ ਕਿਸੇ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਦੇ ਸਨ ਪਰ ਭਾਈ ਤਾਰੇ ਦੀ ਦ੍ਰਿਸ਼ਟੀ ਵਿੱਚ ਸਾਰਾ ਸੰਸਾਰ ਹੀ ਉਸ ਨੂੰ ਆਪਣਾ ਭਾਸ ਰਿਹਾ ਸੀ। ਸੰਸਾਰ ਦੀ ਪੀੜਾ ਉਸ ਨੂੰ ਆਪਣੀ ਪੀੜ ਲਗਦੀ ਸੀ। ਦੂਸਰਿਆਂ ਦੇ ਘਰਾਂ ਨੂੰ ਲੱਗੀ ਅੱਗ ਵਿਚ ਉਸ ਨੂੰ ਆਪਣਾ ਘਰ ਸੜਦਾ ਨਜ਼ਰੀਂ ਆ ਰਿਹਾ ਸੀ। ਉਹ ਲਗਾਤਾਰ ਦੌੜ-ਦੌੜ ਕੇ ਮੱਛਕ ਭਰ ਲਿਆਉਂਦਾ ਤੇ ਲੱਗੀ ਅੱਗ ਤੇ ਪਾ ਦਿੰਦਾ।
ਅਜੇ ਦੋ-ਤਿੰਨ ਮੱਛਕਾਂ ਪਾਣੀ ਦੀਆਂ ਭਾਈ ਤਾਰਾ ਜੀ ਨੇ ਬਲਦੀ ਅੱਗ ਉੱਪਰ ਪਾਈਆਂ ਸਨ ਕਿ ਬਾਬਰ ਦੇ ਸਿਪਾਹੀਆਂ ਨੇ ਭਾਈ ਤਾਰੇ ਨੂੰ ਪਕੜ ਲਿਆ, ਮੱਛਕ ਖੋਹ ਲਈ ਤੇ ਪੁੱਛਿਆ ਤੂì ਇਹ ਕੀ ਕਰਦਾ ਹੈਂ? ਭਾਈ ਤਾਰੇ ਨੇ ਉੱਤਰ ਦਿੱਤਾ, ਮੈਂ ਘਰਾਂ ਨੂੰ ਲੱਗੀ ਹੋਈ ਅੱਗ ਬੁਝਾਉਂਦਾ ਹਾਂ। ਸਿਪਾਹੀਆਂ ਨੇ ਪੁੱਛਿਆ, ਕੀ ਤੂì ਅੱਗ ਬੁਝਾ ਲਵੇਂਗਾ? ਭਾਈ ਤਾਰੇ ਨੇ ਕਿਹਾ, ਇੰਨਾਂ ਤੇ ਮੈਂ ਦਾਅਵਾ ਨਹੀਂ ਕਰ ਸਕਦਾ ਪਰ ਮੈਂ ਖਾਮੋਸ਼ ਹੋ ਕੇ ਬਲ ਰਹੀ ਅੱਗ ਨੂੰ ਵੀ ਨਹੀਂ ਵੇਖ ਸਕਦਾ, ਕਿਉਂਕਿ ਮੇਰੇ ਮਾਲਕ ਦਾ ਮੈਨੂੰ ਹੁਕਮ ਹੈ ਕਿ ਜਿੱਥੇ ਅੱਗ ਲੱਗੀ ਹੋਵੇ, ਉਸਨੂੰ ਬੁਝਾਉਣਾ ਮੇਰਾ ਫਰਜ਼ ਹੈ। ਮੈਂ ਆਪਣੇ ਮਾਲਕ ਦਾ ਹੁਕਮ ਵਜਾ ਕੇ ਆਪਣੇ ਫਰਜ਼ ਦੀ ਪੂਰਤੀ ਕਰ ਰਿਹਾ ਹਾਂ। ਸਿਪਾਹੀਆਂ ਕੜਕ ਕੇ ਕਿਹਾ ਤੈਨੂੰ ਪਤਾ ਨਹੀਂ ਇਹ ਅੱਗ ਬਾਬਰ ਦੇ ਹੁਕਮ ਨਾਲ ਲੱਗੀ ਹੈ, ਇਸ ਨੂੰ ਕੋਈ ਬੁਝਾ ਨਹੀਂ ਸਕਦਾ।
ਭਾਈ ਤਾਰੇ ਨੇ ਬੇ-ਝਿਜਕ ਹੋ ਕੇ ਉੱਤਰ ਦਿੱਤਾ, ਠੀਕ ਹੈ ਬਾਬਰ ਤੇ ਉਸ ਦੇ ਸਿਪਾਹੀਆਂ ਦਾ ਕੰਮ ਹੈ ਅੱਗ ਲਾਉਣਾ, ਗੁਰੂ ਨਾਨਕ ਤੇ ਗੁਰੂ ਨਾਨਕ ਦੇ ਸਿੱਖਾਂ ਦਾ ਫਰਜ਼ ਹੈ ਲੱਗੀ ਹੋਈ ਅੱਗ ਨੂੰ ਬੁਝਾਉਣਾ। ਭਾਈ ਤਾਰੇ ਦਾ ਜ਼ੁਰਅਤ ਭਰਿਆ ਉੱਤਰ ਸੁਣ ਕੇ ਬਾਬਰ ਦੇ ਸਿਪਾਹੀ ਕ੍ਰੋਧਿਤ ਹੋਏ ਤੇ ਭਾਈ ਤਾਰਾ ਜੀ ਨੂੰ ਅੱਗ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ। ਭਾਈ ਤਾਰਾ ਜੀ ਆਪ ਤਾਂ ਅੱਗ ਵਿੱਚ ਸੜ੍ਹ ਕੇ ਸ਼ਹੀਦ ਹੋ ਗਏ ਪਰ ਅਨੇਕਾਂ ਨੂੰ ਦੂਸਰਿਆਂ ਦਾ ਦੁੱਖ ਦੂਰ ਕਰਨ ਅਤੇ ਲੱਗੀ ਹੋਈ ਅੱਗ ਨੂੰ ਬੁਝਾਉਣ ਦੇ ਪੂਰਨੇ ਪਾ ਗਏ।
ਸਿੱਖਿਆ – ਸਾਨੂੰ ਹਰ ਇਕ ਦਾ ਦੁੱਖ ਆਪਣਾ ਦੁੱਖਲਗਣਾ ਚਾਹਿਦਾ ਹੈ ਅਤੇ ਸਾਨੂੰ ਇਹਨੁੰ ਦੂਰ ਕਰਨ ਦਾ ਜਤਨ ਕਰਨਾ ਚਾਹਿਦਾ ਹੈ।
Waheguru Ji Ka Khalsa Waheguru Ji Ki Fateh
– Bhull Chukk Baksh Deni Ji