Saakhi – Chhote Sahibzadeya Di Shahidi
Download Greeting इसे हिन्दी में पढ़ें
Saakhi – Chhote Sahibzadeya Di Shahidi
ਸਾਖੀ – ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ
ਜ਼ੋਰਾਵਰ ਸਿੰਘ ਤੇ ਫਤਹ ਸਿੰਘ ਗੁਰੁ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਸਨ। ਅਨੰਦਪੁਰ ਛੱਡਣ ਸਮੇਂ ਉਨ੍ਹਾਂ ਦੀ ਉਮਰ ਸੱਤ ਸਾਲ ਤੇ ਪੰਜ ਸਾਲ ਦੀ ਸੀ। ਰਾਤ ਦੇ ਅੰਧੇਰੇ ਵਿਚ ਸਰਸਾ ਨਦੀ ਪਾਰ ਕਰਦੇ ਹੋਏ ਛੋਟੇ ਸਾਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਦੀ ਮਾਤਾ ਗੁਜਰੀ ਜੀ ਪ੍ਰਵਾਰ ਨਾਲੋਂ ਵਿਛੜ ਗਏ।
ਨਦੀ ਪਾਰ ਕਰਨ ਤੇ ਅਗੋਂ ਉਨ੍ਹਾਂ ਨੂੰ ਗੁਰੂ ਘਰ ਦਾ ਰਸੋਈਆ ਗੰਗੂ ਮਿਲ ਗਿਆ। ਗੰਗੂ ਉਨਾਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ। ਇਕ-ਦੋ ਦਿਨ ਤਾਂ ਉਸਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ ਪਰ ਤੀਜੇ ਦਿਨ ਉਸ ਨੇ ਧਨ ਦੇ ਲਾਲਚ ਵਿੱਚ ਆ, ਮਾਤਾ ਜੀ ਅਤੇ ਬਚਿੱਆਂ ਨੂੰ ਪੁਲੀਸ ਦੇ ਹਵਾਲੇ ਕਰ ਦਿਤਾ।
ਸੂਬਾ ਸਰਹੰਦ ਨੂੰ ਜਦੋਂ ਇਨ੍ਹਾਂ ਗ੍ਰਫਤਾਰੀਆਂ ਦਾ ਪਤਾ ਚਲਿਆ ਤਾਂ ਉਹ ਬਹੁਤ ਖੁਸ਼ ਹੋਇਆ। ਉਸ ਨੇ ਕਿਹਾ, ਉਨ੍ਹਾਂ ਨੂੰ ਭੁੱਖੇ ਭਾਣੇ ਠੰਢੇ ਬੁਰਜ ਵਿਚ ਬੰਦ ਕਰ ਦਿੱਤਾ ਜਾਵੇ ਤੇ ਉਨ੍ਹਾਂ ਨੂੰ ਠੰਢ ਤੋਂ ਬਚਣ ਲਈ ਕੋਈ ਕਪੜਾ ਵੀ ਨਾ ਦਿੱਤਾ ਜਾਵੇ। ਸੂਬੇ ਦੇ ਹੁਕਮ ਅਨੁਸਾਰ ਉਨ੍ਹਾਂ ਨੂੰ ਠੰਡੇ ਬੁਰਜ ਵਿੱਚ ਭੁੱਖੇ ਰੱਖਿਆ ਗਿਆ ਤੇ ਦੂਜੀ ਸਵੇਰ ਉਨ੍ਹਾਂ ਨੂੰ ਸੂਬੇ ਦੀ ਕਚਹਿਰੀ ਵਿਚ ਪੇਸ਼ ਕਰਨ ਲਈ ਇਕ ਸਿਪਾਹੀ ਬੁਲਾਉਣ ਗਿਆ।
ਪੋਤਿਆਂ ਨੂੰ ਤੋਰਨ ਤੋਂ ਪਹਿਲਾਂ ਉਨ੍ਹਾਂ ਦੀ ਦਾਦੀ ਮਾਤਾ ਗੁਜਰੀ ਜੀ ਨੇ ਉਨ੍ਹਾਂ ਨੂੰ ਸਿੱਖਿਆ ਦਿੱਤੀ ਕਿ ਧਰਮ ਨਹੀਂ ਤਿਆਗਣਾ ਭਾਵੇਂ ਸੂਬਾ ਤੁਸਾਂ ਨੂੰ ਕਿੰਨੇ ਵੀ ਲਾਲਚ ਦੇਵੇ ਤੇ ਕਿੰਨਾ ਵੀ ਡਰਾਵੇ ਜਾਂ ਧਮਕਾਵੇ। ਦੋਵੇਂ ਸਾਹਿਬਜ਼ਾਦੇ ਸਿਪਾਹੀ ਦੇ ਨਾਲ ਸੂਬੇ ਦੀ ਕਚਹਿਰੀ ਵਿਚ ਦਾਖ਼ਲ ਹੋ ਗਏ। ਉਨ੍ਹਾਂ ਦੋਹਾਂ ਨੇ ਦੋਵੇਂ ਹੱਥ ਜੋੜ ਕੇ ਕਿਹਾ, ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਇਹ ਫਤਿਹ ਸੁਣ ਕੇ ਸੁਬਾ ਕੁਝ ਬੋਲਣ ਹੀ ਲੱਗਿਆ ਸੀ ਕਿ ਉਸ ਤੋਂ ਪਹਿਲਾਂ ਉਸ ਦਾ ਵਜ਼ੀਰ ਸੁੱਚਾ ਨੰਦ ਬੋਲ ਉਠਿਆ, ‘ਬੱਚਿਓ, ਇਹ ਮੁਗਲ ਸਰਕਾਰ ਦਾ ਦਰਬਾਰ ਹੈ। ਅਨੰਦਪੁਰ ਦਾ ਦਰਬਾਰ ਨਹੀਂ। ਏਥੇ ਸੂਬੇ ਨੂੰ ਸਿਰ ਝੁਕਾਉਣਾ ਹੁੰਦਾ ਹੈ। ਮੈਂ ਹਿੰਦੂ ਹੁੰਦਿਆਂ ਹੋਇਆਂ ਵੀ ਨਿੱਤ ਸੂਬੇ ਨੂੰ ਸਿਰ ਝੁਕਾਉਂਦਾ ਹਾਂ।
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਉਤਰ ਦਿਤਾ, “ਸਾਡਾ ਸਿਰ ਪ੍ਰਮਾਤਮਾ ਤੇ ਗੁਰੂ ਤੋਂ ਬਿਨਾਂ ਹੋਰ ਕਿਸੇ ਅੱਗੇ ਨਹੀਂ ਝੁਕ ਸਕਦਾ।” ਸੁੱਚਾ ਨੰਦ ਨੂੰ ਇਹ ਕੋਰਾ ਜਵਾਬ ਸੁਣ ਕੇ ਸਾਹਿਬਜ਼ਾਦਿਆਂ ਉਪਰ ਗੁੱਸਾ ਤਾਂ ਬਹੁਤ ਆਇਆ ਪਰ ਕਰ ਕੁਝ ਨਾ ਸਕਿਆ। ਚੁੱਪ ਕਰਕੇ ਬੈਠ ਗਿਆ। ਸੂਬਾ ਵਜ਼ੀਰ ਖ਼ਾਨ ਨੂੰ ਆਪਣੇ ਉੱਪਰ ਬਹੁਤ ਭਰੋਸਾ ਸੀ ਕਿ ਉਹ ਮਾਸੂਮ ਬੱਚਿਆਂ ਨੂੰ ਦੁਨੀਆਂ ਦੀ ਮਾਇਆ ਦੇ ਲਾਲਚ ਵਿਚ ਫਸਾ ਕੇ ਮੁਸਲਮਾਨ ਬਣਾ ਲਵੇਗਾ, ਜਿਹੜੀ ਉਸ ਦੀ ਬਹੁਤ ਵੱਡੀ ਜਿੱਤ ਹੋਵੇਗੀ। ਉਸ ਨੇ ਸਾਹਿਬਜ਼ਾਦਿਆਂ ਨੂੰ ਬਹੁਤ ਲਾਲਚ ਦਿੱਤੇ ਪਰ ਉਹ ਨਾ ਮੰਨੇ।
ਅੰਤ ਵਿਚ ਸੂਬੇ ਨੇ ਉਨ੍ਹਾਂ ਨੂੰ ਪੁੱਛਿਆ, “ਜੇ ਮੈਂ ਤੁਸਾਂ ਨੂੰ ਛੱਡ ਦੇਵਾਂ ਤਾਂ ਤੁਸੀਂ ਬਾਹਰ ਜਾ ਕੇ ਕੀ ਕਰੋਗੇ?” ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਉੱਤਰ ਦਿਤਾ, ਅਸੀਂ ਵੱਡੇ ਹੋ ਕੇ ਸਿੰਘ ਇਕੱਠੇ ਕਰਕੇ ਜੁਲਮ ਦੇ ਖ਼ਿਲਾਫ਼ ਓਦੋ ਤਕ ਲੜਾਂਗੇ ਜਦੋਂ ਤਕ ਜੁਲਮ ਦਾ ਅੰਤ ਨਹੀਂ ਹੁੰਦਾ ਜਾਂ ਅਸੀਂ ਜੁਲਮ ਦਾ ਖ਼ਾਤਮਾ ਕਰਦੇ ਕਰਦੇ ਸ਼ਹੀਦੀਆਂ ਪ੍ਰਾਪਤ ਨਹੀਂ ਕਰ ਜਾਂਦੇ, ਜਿਵੇਂ ਸਾਡੇ ਦਾਦਾ ਜੀ ਤੇ ਉਨ੍ਹਾਂ ਦੇ ਸਿੱਖਾਂ ਨੇ ਸਾਡੇ ਲਈ ਪੂਰਨੇ ਪਾਏ ਹਨ।
ਅਸੀਂ ਜੁਲਮ ਅੱਗੇ ਹਾਰ ਨਹੀਂ ਮੰਨ ਸਕਦੇ। ਅਸੀਂ ਅਣਖ ਨਾਲ ਹੀ ਮਰਨਾ ਚਾਹੁੰਦੇ ਹਾਂ। ਬੁਜ਼ਦਿਲਾਂ ਦੀ ਜ਼ਿੰਦਗੀ ਸਾਨੂੰ ਪਸੰਦ ਨਹੀਂ।” ਇਹ ਸੁਣ ਕੇ ਸੂਬੇ ਨੂੰ ਡਰ ਪੈ ਗਿਆ, ਜੇ ਉਹ ਜ਼ਿੰਦਾ ਰਹੇ ਤਾਂ ਉਸ ਦੀ ਜਾਨ ਨੂੰ ਖ਼ਤਰਾ ਸਦਾ ਬਣਿਆ ਰਹੇਗਾ। ਉਸ ਨੇ ਉਨ੍ਹਾਂ ਨੂੰ ਖ਼ਤਮ ਕਰਨ ਵਿਚ ਹੀ ਆਪਣੀ ਭਲਾਈ ਸਮਝੀ।
(ਸਤ ਸਾਲ ਤੇ ਪੰਜ ਸਾਲ ਦੇ ਸਾਹਿਬਜ਼ਾਦਿਆਂ ਨੂੰ ਉਸ ਦੇ ਹੁਕਮ ਨਾਲ ਜ਼ਿੰਦਾ ਦੀਵਾਰ ਵਿਚ ਚਿਣਵਾ ਦਿੱਤਾ ਗਿਆ। ਇਸ ਤਰਹਾਂ ਗੁਰੂ ਗੋਬਿੰਦ ਦੇ ਲਾਲ ਸ਼ਹੀਦੀ ਜ਼ਾਮ ਪੀ ਗਏ ਅਤੇ ਛੋਟੀਆਂ ਜਿੰਦਾਂ ਨੇ ਵੱਡਾ ਸਾਕਾ ਕਰਕੇ ਵਿਖਾ ਦਿੱਤਾ। ਸਾਹਿਬਜ਼ਾਦਿਆਂ ਦਾ ਧਰਮ ਉੱਪਰ ਪੱਕੇ ਰਹਿਣਾ, ਅਸਲ ਵਿਚ ਸੂਬੇ ਦੀ ਇਕ ਹੋਰ ਹਾਰ ਸੀ। ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸੁਣ ਕੇ ਮਾਤਾ ਜੀ ਨੇ ਵੀ ਦੇਹ ਤਿਆਗ ਦਿੱਤੀ।
ਸਿੱਖਿਆ – ਸਾਂਨੂੰ ਅਪਣੇ ਧਰਮ ਉੱਤੇ ਅਡੋਲ ਰਹਿਣਾ ਚਾਹਿਦਾ ਹੈ ਅਤੇ ਗੁਰੂ ਦੇ ਪੱਕੇ ਸਿੱਖ ਬਣ ਕਿਸੇ ਦੀ ਈਨ ਨਹੀਂ ਮੰਨਣੀ ਚਾਹਿਦੀ।
Waheguru Ji Ka Khalsa Waheguru Ji Ki Fateh
– Bhull Chuk Baksh Deni Ji –