Saakhi – Guru Amardas Ji Ate Bhai Mahesh Shah
ਗੁਰੂ ਅਮਰਦਾਸ ਜੀ ਅਤੇ ਭਾਈ ਮਹੇਸ਼ ਸ਼ਾਹ
ਭਾਈ ਮਹੇਸ਼ਾ ਗੁਰੂ ਅਮਰਦਾਸ ਜੀ ਦਾ ਇਕ ਪ੍ਰਸਿੱਧ ਅਤੇ ਪਿਆਰ ਵਾਲਾ ਸਿੱਖ ਸੀ। ਸੁਲਤਾਨਪੁਰ ਦੇ ਰਹਿਣ ਵਾਲਾ ਭਾਈ ਮਹੇਸ਼ਾ ਵਪਾਰੀ ਸੀ ਅਤੇ ਨਾਲ ਸ਼ਾਹੂਕਾਰਾ ਵੀ ਕਰਦਾ ਸੀ। ਉਸਦੀ ਗਿਣਤੀ ਧਨੀ ਲੋਕਾਂ ਵਿਚ ਹੁੰਦੀ ਸੀ। ਖੱਟੀ-ਕਮਾਈ ਚੰਗੀ ਹੋਣ ਕਰਕੇ ਘਰ ਵਿਚ ਹਰ ਤਰ੍ਹਾਂ ਦੀ ਖੁਲ੍ਹ-ਡੁਲ੍ਹ ਸੀ। ਸਮਾਂ ਪਾ ਕੇ ਉਸਦੇ ਮਨ ਵਿਚ ਵਿਚਾਰ ਆਇਆ ਕਿ ਏਥੇ ਤਾਂ ਬਥੇਰਾ ਸੁਖ ਭੋਗ ਲਿਆ ਅਤੇ ਭੋਗ ਰਿਹਾ ਹਾਂ, ਕੁਝ ਕੋਸ਼ਿਸ ਅਗਲੇ ਜਨਮ ਲਈ ਵੀ ਕਰਨੀ ਚਾਹੀਦੀ ਹੈ। ਇਹ ਧਨ ਪਦਾਰਥ ਤਾਂ ਏਥੇ ਹੀ ਰਹਿ ਜਾਣਾ ਹੈ। ਕੁਝ ਖਰਚ ਅੱਗੇ ਲਈ ਵੀ ਲੜ ਬੰਨ੍ਹਣਾ ਚਾਹੀਦਾ ਹੈ। ਮਹੇਸ਼ੇ ਦੇ ਮਨ ਵਿਚ ਇਹ ਵਿਚਾਰ ਆਇਆ ਤਾਂ ਕਿਸੇ ਨੇ ਉਸ ਨੂੰ ਗੁਰੂ ਅਮਰਦਾਸ ਜੀ ਦੀ ਦੱਸ ਪਾ ਦਿੱਤੀ। ਉਹ ਗੋਇੰਦਵਾਲ ਸਾਹਿਬ ਪਹੁੰਚ ਗਿਆ।
ਸ੍ਰੀ ਗੁਰੂ ਅਮਰਦਾਸ ਜੀ ਦਾ ਹੁਕਮ ਸੀ ਕਿ ਜੋ ਕੋਈ ਵੀ ਉਹਨਾਂ ਦੇ ਦਰਸ਼ਨ ਕਰਨਾ ਚਾਹੁਦਾ ਹੋਵੇ, ਉਹ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕੇ। ਮਹੇਸ਼ਾ ਲੰਗਰੋਂ ਪ੍ਰਸ਼ਾਦ ਛਕ ਕੇ ਗੁਰੂ ਜੀ ਦੇ ਹਜ਼ੂਰ ਜਾ ਹਾਜ਼ਰ ਹੋਇਆ। ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਉਹਨਾਂ ਦੇ ਚਰਨਾਂ ਕੋਲ ਹੀ ਬੈਠ ਗਿਆ।
ਗੁਰੂ ਜੀ ਨੇ ਪੁੱਛਿਆ, ‘ਸੁਣਾਓ, ਮਹੇਸ਼ ਸ਼ਾਹ ਕਿਵੇਂ ਆਉਣਾ ਹੋਇਆ ?” ਭਾਈ ਮਹੇਸ਼ਾ ਨੇ ਜਵਾਬ ਦਿੱਤਾ – ਸੱਚੇ ਪਾਤਿਸ਼ਾਹ! ਮੇਰੇ ਉੱਤੇ ਮਿਹਰ ਕਰੋ, ਮੈਨੂੰ ਨਾਮ ਦੀ ਦਾਤ ਬਖਸ਼ੋ। ਅਜਿਹੀ ਮਿਹਰ ਕਰੋ ਕਿ ਮੇਰਾ ਅੱਗਾ ਸਵਰ ਜਾਇ। ਇਸ ਜੀਵਨ ਦੇ ਬਾਦ ਵਾਲਾ ਸਮਾਂ ਸੌਖਾ ਤੇ ਸੁਖ ਵਾਲਾ ਹੋਵੇ।”
ਗੁਰੂ ਜੀ – ਨਾਮ ਦੀ ਕਮਾਈ ਬੜੀ ਔਖੀ ਹੈ। ਤੇਨੂੰ ਦੁਨੀਆਂ ਦੇ ਸੁਖ ਭੋਗਣ ਦੀ ਆਦਤ ਪਈ ਹੋਈ ਹੈ। ਇਸ ਰਾਹੇ ਚਲਣ ਵਾਲਿਆਂ ਨੂੰ ਬੜੀਆਂ ਤਕਲੀਫਾਂ ਸਹਿਿਣਆਂ ਪੈਂਦੀਆਂ ਹਨ। ਇਹ ਰਾਹ ਤਾਂ ਖੰਡੇ ਨਾਲੋਂ ਤਿੱਖਾ ਤੇ ਵਾਲ ਨਾਲੋਂ ਨਿੱਕਾ ਹੈ। ਕੀ ਪਤਾ ਤੇਰੇ ਨਾਲ ਕੀ ਹੋ ਜਾਵੇ ? ਫਿਰ ਤੂੰ ਔਖਾ ਹੋਵੇਂਗਾ, ਡੋਲੇਂਗਾ ਤੇ ਪਛਤਾਵੇਂਗਾ, ਨਾ ਏਧਰ ਜੋਗਾ ਰਹੇਂਗਾ, ਨਾ ਓਧਰ ਜੋਗਾ। ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਤੇ ਅਨਮੋਲ ਵਚਨ ਪੜ੍ਹਨ ਲਈ ਐਥੇ ਕਲਿਕ ਕਰੋ ਜੀ
ਭਾਈ ਮਹੇਸ਼ਾ – “ਸੱਚੇ ਪਾਤਸ਼ਾਹ! ਮੈਂ ਪੂਰਾ ਸੋਚ ਵਿਚਾਰ ਕਰ ਲਿਆ ਹੈ। ਆਪ ਜੀ ਮੇਰੇ ਉੱਤੇ ਮਿਹਰ ਕਰੋ, ਮੈਨੂੰ ਰੱਬ ਦੀ ਭਗਤੀ ਦੇ ਰਾਹੇ ਤੋਰੋ ਅਤੇ ਇਸ ਉੱਤੇ ਚਲਣ ਦਾ ਬਲ ਵੀ ਬਖਸ਼ੋ। ਰਾਹ ਦੀ ਤਕਲੀਫ ਝੱਲਣ ਦਾ ਬਲ ਵੀ ਤਾਂ ਆਪ ਜੀ ਨੇ ਹੀ ਦੇਣਾ ਹੈ! ਮੇਰੇ ਉੱਤੇ ਦਇਆਂ ਕਰਕੇ ਸੱਚੇ ਨਾਮ ਦਾ ਸੱਚਾ ਧਨ ਬਖਸ਼ੋ, ਫੇਰ ਮੈਨੂੰ ਕੋਈ ਪ੍ਰਵਾਹ ਨਹੀਂ ਰਹੇਗੀ। ਮੇਰਾ ਬੇੜਾ ਪਾਰ ਹੋ ਜਾਵੇਗਾ।”
ਗੁਰੂ ਜੀ ਨੇ ਕਿਹਾ “ਭਾਈ ਮਹੇਸ਼ੇ ਨਾਮ-ਧਨ ਮਿਲਣ ਬਾਦ ਦੁਨੀਆਂ ਵਾਲਾ ਆਮ ਧਨ ਤੈਥੋਂ ਖੁਸ ਗਿਆ ਤਾਂ ਦੁੱਖੀ ਤਾਂ ਨਾ ਹੋਵੇਂਗਾ?”
ਭਾਈ ਮਹੇਸ਼ਾ – “ਸੱਚੇ ਪਾਤਸ਼ਾਹ! ਆਪ ਜੀ ਦੀ ਮਿਹਰ ਹੋ ਗਈ ਤਾਂ ਦੁੱਖ ਕਿਉ ਕਰਨਾ ਹੈ ? ਉਝ ਵੀ ਦੁਨੀਆਂ ਦਾ ਧਨ ਤਾਂ ਮੈਂ ਇਕ ਦਿਨ ਛੱਡਣਾ ਹੀ ਹੈ। ਜੇ ਉਹ ਧਨ ਪਹਿਲਾਂ ਮੈਨੂੰ ਛੱਡ ਜਾਉ ਤਾਂ ਕਿਹੜੀ ਵੱਡੀ ਗੱਲ ਹੈ ? ਆਪ ਮੈਨੂੰ ਦਰ ‘ਤੇ ਆਏ ਨੂੰ ਖਾਲੀ ਨਾ ਮੋੜੋ। ਮੇਰੀ ਝੋਲੀ ਸੱਚੇ ਨਾਮ ਧਨ ਨਾਲ ਭਰ ਦਿਓ।
ਨਵੀਆਂ ਧਾਰਮਿਕ ਰਿੰਗਟੋਨਾਂ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ
ਭਾਈ ਮਹੇਸ਼ੇ ਦਾ ਪੱਕਾ ਇਰਾਦਾ ਵੇਖ ਕੇ ਗੁਰੂ ਜੀ ਨੇ ਉਸ ਦੇ ਸਿਰ ‘ਤੇ ਹੱਥ ਫੇਰਿਆ, ਪਿੱਠ ‘ਤੇ ਥਾਪੜਾ ਦਿੱਤਾ ਅਤੇ ਉਸ ਨੂੰ ਨਾਮ ਦੀ ਦਾਤ ਬਖਸ਼ ਦਿੱਤੀ। ਇਸਦੇ ਨਾਲ ਜਿਵੇਂ ਭਾਈ ਮਹੇਸ਼ੇ ਦੀ ਕਾਇਆਂ ਹੀ ਪਲਟ ਗਈ। ਉਸ ਦੇ ਰੋਮ-ਰੋਮ ਅੰਦਰ ਅਜਿਹਾ ਰਸ ਤੇ ਅਨੰਦ ਭਰ ਗਿਆ, ਜਿਹੋ ਜਿਹਾ ਅੱਗੇ ਉਸ ਨੇ ਕਦੇ ਨਹੀਂ ਮਾਣਿਆ ਸੀ। ਉਸ ਦੇ ਮਨ ਅੰਦਰ ਸ਼ਾਂਤੀ, ਸੁਖ ਅਤੇ ਖੁਸ਼ੀ ਦਾ ਵਾਸ ਹੋ ਗਿਆ ਅਤੇ ਉਹ ਨਾਮ ਦਾ ਰਸੀਆ ਬਣ ਗਿਆ।
ਉਹ ਨਾਮ ਜਪਣ, ਕਿਰਤ ਕਰਨ ਅਤੇ ਵੰਡ ਕੇ ਛਕਣ ਦੇ ਉਪਦੇਸ਼ ਨੂੰ ਕਮਾਉਦੇ ਹੋਇ ਸ਼ਾਹੂਕਾਰਾ ਤੇ ਵਪਾਰ ਵੀ ਕਰਦਾ ਰਿਹਾ। ਕੁਝ ਸਮੇਂ ਬਾਦ ਚਿਰ ਵਾਹਿਗੁਰੂ ਦਾ ਹੋਰ ਹੀ ਭਾਣਾ ਵਰਤਣ ਲੱਗ ਪਿਆ। ਸ਼ਾਹੂਕਾਰੇ ਵਿੱਚ ਘਾਟਾ ਪੈਣਾ ਸ਼ੁਰੂ ਹੋ ਗਿਆ। ਦੁਨਿਆਵੀ ਧਨ ਜਾਣ ਲੱਗਾ ਅਤੇ ਗਰੀਬੀ ਸਤਉਣ ਲੱਗ ਪਈ। ਦਾਲ ਰੋਟੀ ਦਾ ਮਸਾਂ ਹੀ ਗੁਜ਼ਾਰਾ ਚਲਣ ਲੱਗਾ ਪਰ ਮਹੇਸ਼ਾ ਜਰਾ ਵੀ ਨਹੀਂ ਘਬਰਾਇਆ ਅਤੇ ਡੋਲਿਆ। ਸੁਲਤਾਨਪੁਰ ਦੇ ਲੋਕ ਉਸ ਨੂੰ ਮਖੌਲ ਕਰਨ ਲੱਗ ਪਏ ਕਿ “ਵੇਖੋ, ਚੰਗੀ ਸਿੱਖੀ ਧਾਰੀ ਆ ਆਪਣੀ ਸਾਰੀ ਕਮਾਈ ਗੁਆ ਬੈਠਾ ਹੈ।” ਪਰ ਮਹੇਸ਼ੇ ਨੇ ਇਸ ਠੱਠੇ-ਮਖੌਲ ਭੋਰਾ ਵੀ ਪਰਵਾਹ ਨਾ ਕੀਤੀ। ਉਹ ਕਰਤਾਰ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨਦਾ ਅਤੇ ਆਪਣਾ ਕਾਰ-ਵਿਹਾਰ ਕਰਦਾ ਰਿਹਾ।
ਧਾਰਮਿਕ ਮੋਬਾਇਲ ਵਾਲਪੈਪਰ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ
ਗੁਰੂ ਜੀ ਮਹੇਸ਼ੇ ਦਾ ਸਿਦਕ ਅਤੇ ਭਰੋਸਾ ਵੇਖ ਕੇ ਬੜੇ ਪ੍ਰਸੰਨ ਹੋਏ। ਇਕ ਦਿਨ ਜਦ ਉਹ ਗੋਇੰਦਵਾਲ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਤਾਂ ਉਨ੍ਹਾਂ ਨੇ ਉਸ ਦੇ ਸਿਰ ਤੇ ਹੱਥ ਫੇਰਿਆ, ਪਿੱਠ ਉੱਪਰ ਥਾਪੀ ਦਿੱਤੀ ਅਤੇ ਕਿਹਾ, “ਮਹੇਸ਼ਿਆ! ਤੂੰ ਆਪਣਾ ਬਚਨ ਪੂਰੀ ਤਰ੍ਹਾਂ ਨਿਬਾਹਿਆ ਹੈ, ਤੂੰ ਮਾਇਆ ਦੇ ਜਾਣ ‘ਤੇ ਉਦਾਸ ਅਤੇ ਦੁਖੀ ਨਹੀਂ ਹੋਇਆ। ਸਿੱਖੀ ਇਹੋ ਮੰਗ ਕਰਦੀ ਹੈ ਕਿ ਧਨ ਆਵੇ ਤਾਂ ਉਸ ਨੂੰ ਚੰਗੇ ਅਰਥ ਲਾਓ, ਪਰ ਆਪਣਾ ਮਨ ਉਸ ਤੋਂ ਉੱਚਾ ਤੇ ਵੱਖਰਾ ਰੱਖੋ। ਹੁਣ ਕਾਰ-ਵਿਹਾਰ ਕਰੀ ਚਲ। ਕਰਤਾਰ ਮਿਹਰ ਕਰੇਗਾ, ਮਾਇਆ ਫੇਰ ਆਵੇਗੀ, ਹੁਣ ਉਹ ਤੇਰੇ ਮਨ ਵਿਚ ਨਸ਼ਾ ਜਾਂ ਅਹੰਕਾਰ ਨਹੀਂ ਪੈਦਾ ਕਰੇਗੀ। ਤੂੰ ਉਸ ਨੂੰ ਜੋੜਨ ਦੀ ਨਾ ਕਰੀਂ, ਵਰਤੀ ਅਤੇ ਵਰਤਾਵੀਂ।”
ਸਮਾਂ ਪਾ ਕੇ ਮਹੇਸ਼ਾ ਫੇਰ ਧਨੀ ਹੋ ਗਿਆ। ਉਹ ਨਾਮ ਜਪਦਾ, ਕਿਰਤ ਕਰਦਾ ਅਤੇ ਵੰਡ ਕੇ ਛਕਦਾ ਸੀ। ਉਸ ਦਾ ਮਨ ਨੀਵਾਂ ਤੇ ਮਤ ਉੱਚੀ ਹੋ ਚੁਕੀ ਸੀ।
ਸਿੱਖਿਆ- ਸਾਨੂੰ ਦੁਨਿਆਵੀ ਧਨ ਦੀ ਬਜਾਇ ਨਾਮ ਧਨ ਨੂੰ ਪਹਿਲ ਦੇਣੀਂ ਚਾਹਿਦੀ ਹੈ ਅਤੇ ਹਰ ਲੋੜਵੰਦ ਦੀ ਮਦਦ ਲਈ ਤਿਆਰ ਰਹਿਣਾਂ ਚਾਹਿਦਾ ਹੈ।
Waheguru Ji Ka Khalsa Waheguru Ji Ki Fateh
– Bhull Chuk Baksh Deni Ji –