Saakhi – Guru Gobind Singh Ji and Jogi
ਗੁਰੂ ਗੋਬਿੰਦ ਸਿੰਘ ਜੀ ਦਾ ਜੋਗੀਆਂ ਨੂੰ ਝਾੜ ਪਉਣਾਂ
ਅਨੰਦਪੁਰ ਦੀ ਧਰਤੀ ਤੇ ਇੱਕ ਵਾਰੀ ਸੰਨਿਆਸੀ ਮੱਤ ਨਾਲ ਸਬੰਧ ਰੱਖਣ ਵਾਲੇ ਜੋਗੀਆਂ ਦੀ ਜਮਾਤ ਆਈ। ਸਤਿਗੁਰਾਂ ਨੂੰ ਨਮਸਕਾਰ ਕਰ, ਸਤਿਗੁਰਾਂ ਦੇ ਸਨਮੁੱਖ ਬੈਠ ਆਪਣੇ ਅਤੀਤਪੁਣੇ ਦੀ ਵਡਿਆਈ ਉਨ੍ਹਾਂ ਸਨਿਆਸੀਆਂ ਨੇ ਸਤਿਗੁਰਾਂ ਨੂੰ ਦਰਸਾਉਣੀ ਸ਼ੁਰੂ ਕੀਤੀ ਕਿ ਅਸੀਂ ਕੇਵਲ ਪਰਮਾਤਮਾਂ ਨੇ ਸਰੀਰ, ਜੋ ਕਿ ਮਾਇਆ ਦਾ ਪੁਤਲਾ ਹੈ ਇਸ ਤੋਂ ਸਿਵਾ ਅਸੀਂ ਸਥੂਲ ਮਾਇਆ ਨੂੰ ਹੱਥ ਤੱਕ ਨਹੀਂ ਲਾਉਂਦੇ। ਗਰਮੀਂ-ਸਰਦੀ ਦਾ ਸਮਾਂ ਆ ਬਣੇ ਤਾਂ ਕਿਸੇ ਰੱਬ ਪਿਆਰੇ ਅੱਗੇ ਬਿਰਥਾ ਆਖ ਦੇਈਦੀ ਹੈ; ਪਰਮਾਤਮਾਂ ਉਸ ਦੇ ਮਨ ਵਸ ਕੇ ਸਾਡੀ ਲੋੜ ਪੂਰੀ ਕਰ ਦਿੰਦਾ ਹੈ।
ਨਾਲ ਹੀ ਉਨ੍ਹਾਂ ਇਹ ਸਵਾਲ ਰੱਖ ਦਿੱਤਾ ਕਿ ਪਾਤਸ਼ਾਹ! ਤੁਹਾਡੇ ਪਾਸ ਮਾਇਆ ਦੇ ਭੰਡਾਰ ਭਰੇ ਪਏ ਹਨ, ਸਿਆਲ ਉੱਪਰੋਂ ਆ ਰਿਹਾ ਹੈ, ਸਾਨੂੰ ਗਰਮ ਬਸਤ੍ਰਾਂ ਦੀ ਲੋੜ ਹੈ। ਹੁਣ ਪਰਮਾਤਮਾਂ ਸਾਨੂੰ ਪ੍ਰੇਰ ਕੇ ਤੁਹਾਡੇ ਪਾਸ ਲੈ ਆਇਆ ਹੈ, ਤੁਸੀਂ ਸਾਡੇ ਤੇ ਕ੍ਰਿਪਾ ਕਰ ਕੇ ਸਾਡੀ ਇਹ ਜਰੂਰਤ ਪੂਰੀ ਕਰੋ।
ਸਤਿਗੁਰੂ ਜੀ ਮੁਸਕ੍ਰਾਏ ਤੇ ਸਨਿਆਸੀਆਂ ਨੂੰ ਹੁਕਮ ਕੀਤਾ ਕਿ ਤੁਸੀਂ ਆਪਣੀਆਂ ਪੋਥੀਆਂ, ਤੂੰਬੇ, ਕੁਠਾਰੀਆਂ, ਚਿੱਪੀਆਂ, ਪਿਆਲੇ ਆਦਿਕ ਸਾਰਾ ਸਮਾਨ ਇੱਕ ਥਾਂ ਰੱਖ ਦੇਵੋ ਤੇ ਲੰਗਰ ਛਕੋ। ਸਤਿਗੁਰੂ ਜੀ ਦਾ ਬਚਨ ਮੰਨ ਕੇ ਸੰਨਿਆਸੀ ਲੰਗਰ ਛਕਣ ਲਈ ਪੰਗਤ ਵਿੱਚ ਬੈਠ ਗਏ।
ਇਧਰ ਸਤਿਗੁਰੂ ਜੀ ਨੇ ਇਨ੍ਹਾਂ ਦਾ ਪੋਲ ਖੋਹਲਣ ਲਈ ਕੁਝ ਸਿੰਘਾਂ ਨੂੰ ਆਪਣੇ ਪਾਸ ਸੱਦਿਆ ਤੇ ਹੁਕਮ ਕੀਤਾ ਕਿ ਇਨ੍ਹਾਂ ਦੀਆਂ ਪੋਥੀਆਂ ਖੋਹਲ ਕੇ ਵੇਖੋ ਤੇ ਜਿੰਨੀਂ ਮਾਇਆ ਨਿਕਲੇ ਉਸੇ ਪੋਥੀ ਵਿੱਚ ਰੱਖੀ ਜਾਣੀ ਹੈ ਤੇ ਦੂਸਰੇ ਸਿੱਖਾਂ ਨੂੰ ਕਿਹਾ ਕਿ ਤੁਸੀਂ ਕੋਲੇ ਲਿਆਉ ਤੇ ਇਨ੍ਹਾਂ ਦੀਆਂ ਚਿੱਪੀਆਂ, ਕੁਠਾਰੀਆਂ, ਤੂਬਿਆਂ ਹੇਠ ਜਾਂ ਅੰਦਰ ਜੋ ਰਾਲ ਲੱਗੀ ਹੈ, ਉਸ ਨੂੰ ਗਰਮ ਕਰਕੇ ਵੇਖੋ, ਵਿੱਚੋਂ ਕੀ ਕੁਝ ਨਿਕਲਦਾ ਹੈ?
ਸਚਮੁੱਚ ਜਦੋਂ ਸਿੱਖਾਂ ਨੇ ਸਨਿਆਸੀਆਂ ਦੀਆਂ ਪੋਥੀਆਂ ਖੋਹਲੀਆਂ ਤਾਂ ਪੋਥੀਆਂ ਦੇ ਬਾਹਰਲੇ ਕੱਪੜਿਆਂ ‘ਚੋਂ ਮੋਹਰਾਂ ਬਰਾਮਦ ਹੋਈਆਂ। ਜਦੋਂ ਤੂੰਬਿਆਂ, ਚਿੱਪੀਆਂ ਦੀ ਰਾਲ ਗਰਮ ਕਰਕੇ ਉਤਾਰੀ ਤਾਂ ਉਨ੍ਹਾਂ ਵਿੱਚੋਂ ਵੀ ਮੋਹਰਾਂ ਤੇ ਰੁਪਏ ਨਿਕਲੇ। ਜਦੋਂ ਸੰਨਿਆਸੀ ਸਤਿਗੁਰਾਂ ਦੇ ਚਰਨਾਂ ਵਿੱਚ ਵਾਪਸ ਆਏ ਤਾਂ ਆਪਣਾ ਪਾਜ ਉੱਘੜ ਜਾਣ ਤੇ ਬੜੇ ਸ਼ਰਮਿੰਦੇ ਹੋਏ। ਸਤਿਗੁਰੂ ਜੀ ਨੇ ਉਨ੍ਹਾਂ ਨੂੰ ਸੰਬੋਧਨ ਕਰਕੇ ਕਿਹਾ ਕਿ ਤੁਸੀਂ ਤਾਂ ਆਪਣੇ ਆਪ ਨੂੰ ਅਤੀਤ ਪ੍ਰਗਟ ਕਰਦੇ ਸੀ ਤੇ ਕਹਿੰਦੇ ਸੀ ਕਿ ਅਸੀਂ ਕਦੇ ਮਾਇਆ ਨੂੰ ਹੱਥ ਤੱਕ ਨਹੀਂ ਲਾਇਆ।
ਇਹ ਮੋਹਰਾਂ ਤੇ ਰੁਪਏ ਕਿਸ ਵਾਸਤੇ ਰੱਖੇ ਹੋਏ ਹਨ? ਜੇ ਸਰਦੀ ਲਗਦੀ ਹੈ ਤਾਂ ਇਨ੍ਹਾਂ ਪੈਸਿਆਂ ਦੀਆਂ ਲੋਈਆਂ ਤੇ ਗਰਮ ਕੱਪੜੇ ਆਦਿਕ ਲੈ, ਤਨ ਢੱਕੋ। ਤੁਸੀਂ ਆਪਣੇ ਆਪ ਨੂੰ ਮਾਇਆ ਤੋਂ ਅਤੀਤ ਦਰਸਾ ਕੇ ਲੋਕਾਂ ਅੱਗੇ ਹੱਥ ਅੱਡ ਕੇ ਮੰਗਤੇ ਬਣ ਮੰਗਦੇ ਹੋ, ਜੋ ਇੱਕ ਸਾਧੂ ਨੂੰ ਸੋਭਦਾ ਨਹੀਂ; ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਫੁਰਮਾਨ ਹੈ:-
ਗੁਰੁ ਪੀਰੁ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ ॥
ਮ: ੧, ਅੰਗ: ੧੨੪੫
ਜੋ ਮਨੁੱਖ ਕਿਸੇ ਦੇ ਅੱਗੇ ਹੱਥ ਅੱਡ ਕੇ ਮੰਗਦਾ ਹੈ, ਅਜਿਹੇ ਮੰਗਤੇ ਨੂੰ ਥਾਂਥਾਂ ਤੋਂ ਫਿਟਕਾਰਾਂ ਹੀ ਮਿਲਦੀਆਂ ਹਨ। ਮੰਗਣ ਵਾਲੇ ਨੂੰ ਨਾ ਸੰਸਾਰ ਵਿੱਚ ਨਾ ਪ੍ਰਭੂ ਦਰਗਾਹ ਵਿੱਚ ਕੋਈ ਮਾਣ-ਸਤਿਕਾਰ ਮਿਲਦਾ ਹੈ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਫੁਰਮਾਨ ਹੈ:-
ਲੋਕੁ ਧਿਕਾਰੁ ਕਹੈ ਮੰਗਤ ਜਨ ਮਾਗਤ ਮਾਨੁ ਨ ਪਾਇਆ॥
ਰਾਮਕਲੀ ਮ:੧, ੮੭੮
ਜਿਸ ਦੇ ਪਾਸ ਬਿਲਕੁਲ ਕੁਝ ਨਾ ਹੋਵੇ ਉਹ ਤਾਂ ਮੰਗੇ; ਤੁਸੀਂ ਮੋਹਰਾਂ, ਰੁਪਏ ਕੋਲ ਹੁੰਦੇ ਹੋਏ ਥਾਂ-ਥਾਂ ਤੇ ਜਾ ਕੇ ਹੱਥ ਅੱਡ ਕੇ ਫ਼ਕੀਰ ਪੁਣੇ ਨੂੰ ਦਾਗੀ ਕਰਦੇ ਹੋ। ਤੁਸੀਂ ਦੱਸੋ ਇਹ ਮੋਹਰਾਂ ਰੁਪਏ ਜੋ ਤੁਸੀਂ ਪੋਥੀਆਂ ਵਿੱਚ ਚਿੱਪੀਆਂ ਅਤੇ ਕੁਠਾਰੀਆਂ ਨੂੰ ਲਾਖ ਤੇ ਰਾਲ ਲਾ ਕੇ ਛੁਪਾ ਰੱਖੀਆਂ ਹਨ, ਇਹ ਕੀ ਕਰਨੀਆਂ ਹਨ? ਨਾ ਤੁਹਾਡੀ ਰੰਨ, ਨਾ ਕੰਨ, ਨਾ ਧੀਆਂ, ਨਾ ਪੁੱਤਰ, ਤੁਸੀਂ ਤਾਂ ਗ੍ਰਹਿਸਤੀਆਂ ਨੂੰ ਵੀ ਮਾਤ ਪਾਉਂਦੇ ਹੋ।ਸਤਿਗੁਰੂ ਜੀ ਦੀਆਂ ਝਾੜਾਂ ਸਣੁ ਕੇ ਸਾਰਿਆਂ ਸਨਿਆਸੀਆਂ ਨੇ ਮੁਆਫ਼ੀਆਂ ਮੰਗੀਆਂ ਤੇ ਅੱਗੇ ਤੋਂ ਅਜਿਹਾ ਪਖੰਡ ਕਰਨ ਤੋਂ ਤੋਬਾ ਕੀਤੀ।
ਸਿੱਖਿਆ – ਸਾਂਨੂੰ ਵੀ ਸਨਿਆਸੀਆਂ ਵਾਂਗੂ ਮਾਇਆ ਇਕਤਰ ਕਰਨ ਦੀ ਬਜਾਇ ਅਪਣਿਆਂ ਜਰੂਰਤਾਂ ਪੂਰਿਆਂ ਹੋਣ ਮਗਰੋਂ ਬਚਿਆ ਧਨ ਲੋੜਵੰਦਾਂ ਹਿਤ ਖਰਚ ਕਰਨਾ ਚਾਹਿਦਾ ਹੈ।
Waheguru Ji Ka Khalsa Waheguru Ji Ki Fateh
– Bhull Chuk Baksh Deni Ji –