Saakhi – Guru Gobind Singh Ji Ate Sikh Noujawan
ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖ ਨੌਜਵਾਨ
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਿੰਘਾਸਨ ਉੱਪਰ ਬਿਰਾਜਮਾਨ ਸਨ। ਨਜ਼ਦੀਕ ਕੁਝ ਪਿਆਰੇ ਸਿੱਖ ਸਤਿਗੁਰਾਂ ਨਾਲ ਬਚਨ-ਬਿਲਾਸ ਕਰਕੇ ਮਨ ਦੇ ਸ਼ੰਕੇ ਦੂਰ ਕਰ, ਅਸੀਸਾਂ ਪ੍ਰਾਪਤ ਕਰ ਰਹੇ ਸਨ। ਸਤਿਗੁਰਾਂ ਆਪਣੇ ਬਚਨ ਨੂੰ ਬਿਸਰਾਮ ਦਿੱਤਾ ਤੇ ਆਪਣੇ ਗੜਵਈ ਭਾਈ ਜ਼ਾਲਮ ਸਿੰਘ ਨੂੰ ਬਿਲਾਸ ਵਿੱਚ ਅਵਾਜ਼ ਮਾਰੀ, ਜ਼ਾਲਮ ਸਿੰਘ! ਜ਼ਾਲਮ ਪਿਆਸ ਨੂੰ ਮਿਟਾਉਣ ਲਈ ਠੰਢਾ ਪਾਣੀ ਲਿਆ। ਕਿਸੇ ਕਾਰਣ ਜ਼ਾਲਮ ਸਿੰਘ ਬਾਹਰ ਗਿਆ ਹੋਇਆ ਸੀ। ਸਤਿਗੁਰਾਂ ਦੀ ਪਾਣੀ ਮੰਗਣ ਦੀ ਅਵਾਜ਼ ਸੁਣ ਕੇ ਸੰਗਤ ਵਿੱਚੋਂ ਇੱਕ ਚੜ੍ਹਦੀ ਜਵਾਨੀ ਦਾ ਨੌਜਵਾਨ, ਜਿਸ ਨੇ ਸੁੰਦਰ ਕੱਪੜੇ ਪਹਿਨੇ ਹੋਏ ਸਨ, ਸੁੰਦਰ ਡੀਲ-ਡੋਲ, ਹੱਥ ਬੜੇ ਕੋਮਲ ਅਤੇ ਪਤਲੇ; ਹੱਥ ਜੋੜ ਉੱਠ ਖਲੋਤਾ ਅਤੇ ਬੇਨਤੀ ਕੀਤੀ, ਪਾਤਸ਼ਾਹ! ਜ਼ਾਲਮ ਸਿੰਘ ਹਾਜ਼ਰ ਨਹੀਂ ਹੈ, ਮੈਨੂੰ ਹੁਕਮ ਕਰੋ ਤਾਂ ਮੈਂ ਸ੍ਰੀ ਜੀ ਲਈ ਜਲ ਲੈ ਕੇ ਆਉਂਦਾ ਹਾਂ। ਸਤਿਗੁਰੂ ਜੀ ਨੇ ਸੈਨਤ ਨਾਲ ਹਾਂ ਕਰ ਦਿੱਤੀ।
ਨੌਜਵਾਨ ਚਲਾ ਗਿਆ, ਥੋੜ੍ਹੇ ਚਿਰ ਬਾਅਦ ਕਟੋਰਾ ਧੋ ਮਾਂਜ ਕੇ ਜਲ ਭਰ ਕੇ ਸਾਹਿਬਾਂ ਦੇ ਹਾਜ਼ਰ ਕੀਤਾ। ਸਤਿਗੁਰੂ ਜੀ ਨੇ ਨੌਜਵਾਨ ਦੇ ਹੱਥੋਂ ਜਲ ਵਾਲਾ ਕਟੋਰਾ ਫੜ੍ਹ ਲਿਆ ਅਤੇ ਉਸ ਦੇ ਹੱਥਾਂ ਵੱਲ ਤੱਕ ਕੇ ਬਚਨ ਕੀਤਾ, ਭਾਈ ਗੁਰਸਿਖਾ! ਤੇਰੇ ਹੱਥ ਬੜੇ ਕੋਮਲ ਹਨ, ਉਂਗਲਾਂ ਪਤਲੀਆਂ ਐਉਂ ਮਾਲੂਮ ਹੁੰਦੀਆਂ ਹਨ ਜਿਵੇਂ ਤੂੰ ਇਹ ਰਾਖਵੀਆਂ ਰੱਖੀਆਂ ਹਨ, ਕਦੇ ਇਨ੍ਹਾਂ ਹੱਥਾਂ ਨਾਲ ਸੰਗਤਾਂ ਦੀ ਸੇਵਾ ਕੀਤੀ ਹੈ? ਸਿੱਖ ਬੱਚੇ ਨੇ ਉੱਤਰ ਦਿੱਤਾ, ਪਾਤਸ਼ਾਹ! ਘਰ ਵਿੱਚ ਆਪ ਦਾ ਬਖਸ਼ਿਸ਼ ਕੀਤਾ ਧੰਨ ਪਦਾਰਥ ਬਹੁਤ ਹੈ। ਨੌਕਰ ਹਰ ਵੇਲੇ ਸੇਵਾ ਵਿੱਚ ਹੁਕਮ ਦੀ ਉਡੀਕ ਕਰਦੇ ਹਨ। ਅੱਜ ਪਹਿਲਾ ਦਿਨ ਹੈ ਕਿ ਇਨ੍ਹਾਂ ਹੱਥਾਂ ਨਾਲ ਆਪ ਜੀ ਲਈ ਗੜਵਾ-ਕਟੋਰਾ ਮਾਂਜ ਧੋ ਕੇ ਜਲ ਲਿਆਇਆਂ ਹਾਂ। ਗੜਵਾ-ਕਟੋਰਾ ਮਾਂਜਣ ਤੋਂ ਪਹਿਲਾਂ ਮੈਂ ਆਪਣੇ ਹੱਥ ਸੁੱਚੇ ਕੀਤੇ ਫਿਰ ਬਰਤਣਾਂ ਦੀ ਸਫਾਈ ਕੀਤੀ ਤੇ ਸਵੱਸ਼ ਜਲ ਸ੍ਰੀ ਜੀ ਲਈ ਲਿਆਂਦਾ ਹੈ।
ਸਤਿਗੁਰੂ ਜੀ ਨੇ ਨੌਜਵਾਨ ਸਿੱਖ ਦੇ ਬਚਨ ਸੁਣ ਕੇ ਜਲ ਦਾ ਕਟੋਰਾ ਧਰਤੀ ਤੇ ਉਲਟਾ ਦਿੱਤਾ। ਸਿੱਖ ਨੌਜਵਾਨ ਹੈਰਾਨ-ਪ੍ਰੇਸ਼ਾਨ ਸੀ ਕਿ ਮੈ, ਹੱਥ ਧੋ ਗੜਵਾ ਕਟੋਰਾ ਮਾਂਜ ਕੇ ਜਲ ਲਿਆਂਦਾ ਪਰ ਸਤਿਗੁਰੂ ਜੀ ਨੇ ਅੰਗੀਕਾਰ ਨਹੀਂ ਕੀਤਾ ਸਗੋਂ ਧਰਤੀ ਤੇ ਡੋਹਲ ਦਿੱਤਾ ਹੈ। ਲੋਕ ਕੀ ਕਹਿਣਗੇ ਕਿ ਇਹ ਨੌਜਵਾਨ ਗੁਰੂ ਦੀ ਦ੍ਰਿਸ਼ਟੀ ਵਿੱਚ ਕਿੰਨਾ ਕੁ ਪਾਪ ਕਰਮੀ ਹੈ? ਅੰਦਰੋ-ਅੰਦਰ ਸੰਸਾ ਨੌਜਵਾਨ ਨੂੰ ਖਾਣ ਲੱਗਾ ਤੇ ਕੰਬਦੇ ਕੰਬਦੇ ਨੌਜਵਾਨ ਨੇ ਬਚਨ ਕੀਤਾ, ਪਾਤਸ਼ਾਹ! ਮੈਂ ਮੁੰਢ ਕਦੀਮਾਂ ਤੋਂ ਸਿੱਖ ਪ੍ਰਵਾਰ ਦਾ ਸਿੱਖ ਪੁੱਤਰ ਹਾਂ। ਪਾਤਸ਼ਾਹ! ਮੇਰੇ ਪਾਸੋਂ ਕਿਹੜੀ ਖਤਾ (ਗਲਤੀ) ਹੋ ਗਈ ਜਿਸ ਕਾਰਣ ਆਪ ਜੀ ਨੇ ਮੇਰੇ ਹੱਥ ਦਾ ਜਲ ਪ੍ਰਵਾਨ ਨਹੀਂ ਕੀਤਾ?
ਕਲਗੀਧਰ ਜੀ ਕਹਿਣ ਲੱਗੇ, ਨੌਜਵਾਨ! ਠੀਕ ਹੈ ਕਿ ਤੇਰੇ ਪਿਉ ਦਾਦੇ ਸਿੱਖ ਹਨ ਅਤੇ ਤੂੰ ਵੀ ਪਾਹੁਲ ਲਈ ਹੈ, ਸਿੱਖੀ ਧਾਰੀ ਹੈ ਪਰ ਤੂੰ ਸਿੱਖੀ ਦੀ ਕਮਾਈ ਨਹੀਂ ਕੀਤੀ। ਤੂੰ ਸਿੱਖੀ ਨੂੰ ਸੂਮ ਦੇ ਧਨ ਵਾਂਗ ਸਾਂਭੀ ਬੈਠਾ ਹੈਂ। ਸਿੱਖੀ ਜਦੋਂ ਕਮਾਈ ਜਾਂਦੀ ਹੈ ਤਦੋਂ ਹੀ ਪ੍ਰਫੁਲਤ ਹੁੰਦੀ ਹੈ ਅਤੇ ਕਮਾਈ ਹੋਈ ਸਿੱਖੀ ਮਨ ਨੂੰ, ਸਰੀਰ ਨੂੰ ਅਤੇ ਸਮੁੱਚੇ ਮਨੁੱਖਾ ਜਨਮ ਨੂੰ ਸਫਲਾ ਕਰਦੀ ਹੈ। ਸਿੱਖੀ, ਕੇਵਲ ਧਾਰਨ ਕਰਨ ਦਾ ਨਾਮ
ਨਹੀਂ, ਸਿੱਖੀ ਕਮਾਉਣ ਦਾ ਨਾਮ ਹੈ। “ਸਿੱਖੀ” ਕ੍ਰਿਆ-ਹੀਣ ਨਹੀਂ, “ਸਿੱਖੀ” ਤਾਂ ਕਿਰਿਆਮਾਨ ਹੋ ਕੇ, ਸਿੱਖੀ ਦੇ ਅਸੂਲਾਂ ਨੂੰ ਅਮਲ ਵਿੱਚ ਲਿਆਉਣ ਦਾ ਨਾਮ ਹੈ।
ਸਿੱਖੀ ਦੀ ਸ਼ੁਰੂਆਤ ਸੇਵਾ ਤੋਂ ਹੁੰਦੀ ਹੈ। ਸੇਵਾ ਨਾਲ ਸਰੀਰ ਤੇ ਕਰਮ-ਇੰਦਰੇ ਸਵੱਸ਼ ਹੁੰਦੇ ਹਨ, ਮਨ ਪਵਿੱਤ੍ਰ ਹੁੰਦਾ ਹੈ। ਮਨ ਵਿੱਚ ਸੇਵਾ ਕਰਨ ਨਾਲ ਨਿਮਰਤਾ ਆਉਂਦੀ ਹੈ, ਅੰਦਰੋਂ ਹੰਕਾਰ ਖਤਮ ਹੁੰਦਾ ਹੈ। ਹੰਕਾਰ ਖਤਮ ਹੋਣ ਤੇ “ਨਾਮ” ਅੰਦਰ ਟਿਕ ਕੇ ਪਰਮ ਪੁਰਖ ਦੀ ਹਜ਼ੂਰੀ ਦਾ ਨਿਵਾਸ ਬਖਸ਼ਿਸ਼ ਕਰਦਾ ਹੈ। ਇਸ ਹਜ਼ੂਰੀ ਯਾਦ ਵਿੱਚ ਵਸਦਿਆਂ ਫਿਰ ਸੇਵਾ ਕਰਨੀ ਨਹੀਂ ਪੈਂਦੀ, ਅਜਿਹੇ ਗੁਰਸਿੱਖ ਪਾਸੋਂ ਸੇਵਾ ਆਪਣੇ ਆਪ ਹੁੰਦੀ ਹੈ। ਮੈਂ ਬੜਾ ਉੱਜਲ ਹਾਂ। ਇਹ ਉੱਜਲਤਾ ਦਾ ਮਾਣ ਮਨ ਨੂੰ ਮਲੀਨ ਕਰਦਾ ਹੈ। ਸੇਵਾ ਕਰਨ ਨਾਲ ਮਨ ਦੀ ਮਲੀਨਤਾਈ ਦੂਰ ਹੁੰਦੀ ਹੈ। ਗੁਰੂ-ਦਰ ਅਤੇ ਪ੍ਰਭੂਦਰ ਤੇ ਮਾਣ-ਰਹਿਤ, ਨਿਰਮਾਣਤਾ ਵਿੱਚ ਸੇਵਾ ਕਰਨ ਵਾਲਾ ਹੀ ਕਬੂਲ ਹੁੰਦਾ ਹੈ।
ਸਿੱਖਿਆ : ਤਨ ਦੀ ਸਵੱਸ਼ਤਾ ਅਤੇ ਸਫ਼ਲਤਾ ਸੰਗਤਾਂ ਦੀ ਸੇਵਾ ਕਰਨ ਨਾਲ, ਧਨ ਦੀ ਸਫਲਤਾ ਲੋੜਵੰਦਾਂ ਦੀ ਲੋੜ ਪੂਰੀ ਕਰਨ ਨਾਲ ਅਤੇ ਮਨ ਦੀ ਪਵਿੱਤ੍ਰਤਾ ਪਰਮਾਤਮਾਂ ਦੇ ਸਿਮਰਨ ਨਾਲ ਹੁੰਦੀ ਹੈ।
Waheguru Ji Ka Khalsa Waheguru Ji Ki Fateh
– Bhull Chukk Baksh Deni Ji –