Saakhi – Guru Gobind Singh Ji Di Sohina Ate Mohina Te Mehar
ਗੁਰੂ ਗੋਬਿੰਦ ਸਿੰਘ ਜੀ ਦੀ ਸੋਹਿਨਾ ਅਤੇ ਮੋਹਿਨਾ ਤੇ ਮਿਹਰ
ਇੱਕ ਫ਼ਕੀਰ ਜਿਸ ਨੇ ਹੱਥ ਵਿੱਚ ਲਹਿਲਹਾਉਂਦੇ ਫੁਲਾਂ ਦੀ ਟੋਕਰੀ ਫੜੀ ਹੋਈ ਸੀ ਅਤੇ ਸਿਰ ਤੇ ਕਲੰਦਰ ਨੁਮਾ ਟੋਪੀ ਪਾਈ ਹੋਈ ਸੀ, ਸਤਿਗੁਰੂ ਗੁਰੂ ਗੋਬਿੰਦ ਜੀ ਦੇ ਦਰਬਾਰ ਵਿੱਚ ਆਇਆ। ਫੁਲਾਂ ਦੀ ਟੋਕਰੀ ਸਤਿਗੁਰੂ ਜੀ ਅੱਗੇ ਰੱਖੀ ਤੇ ਸਾਹਿਬਾਂ ਦੇ ਚਰਨਾਂ ਉੱਪਰ ਨਮਸਕਾਰ ਕਰ ਸਤਿਗੁਰਾਂ ਦੇ ਸਨਮੁੱਖ ਖਲੋ ਗਿਆ। ਸਤਿਗੁਰੂ ਜੀ ਨੇ ਪੁੱਛਿਆ ਤੂੰ ਕੌਣ ਹੈਂ? ਫ਼ਕੀਰ ਬੋਲਿਆ ਮੈਂ ਰੋਡਾ ਜਲਾਲੀ, ਦੂਰ ਤੋਂ ਦਰਸ਼ਨਾ ਨੂੰ ਆਇਆ ਹਾਂ। ਸਤਿਗੁਰੂ ਜੀ ਬੋਲੇ ਰੋਡਾ ਜਲਾਲੀ ਕਿ ਰੋਡਾ ਪਲਾਲੀ? ਫ਼ਕੀਰ ਕਹਿਣ ਲੱਗਾ, ਨਾ ਪਾਤਸ਼ਾਹ! ਰੋਡਾ ਜਲਾਲੀ।
ਸਤਿਗੁਰੂ ਕਹਿਣ ਲੱਗੇ, ਜੇ ਤੂੰ ਜਲਾਲੀ ਸੀ ਤਾਂ ਸਾਡੇ ਲਈ ਕੋਈ ਨਿੱਗਰ ਸ਼ੈ (ਵਸਤ) ਕਿਉ ਨਹੀਂ ਲਿਆਇਆਂ? ਰੋਡੇ ਨੇ ਉੱਤਰ ਦਿੱਤਾ, ਪਾਤਸ਼ਾਹ! ਮੈਂ ਨੰਗ ਹਾਂ, ਮੇਰੇ ਕੋਲ ਕੁਛ ਨਹੀਂ ਹੈ। ਸਤਿਗੁਰੂ ਕਲਗੀਧਰ ਜੀ ਕਹਿਣ ਲੱਗੇ ਜੇ ਪਾਸ ਕੁਝ ਨਹੀਂ ਸੀ ਤਾਂ ਖਾਲੀ ਹੱਥੀਂ ਆ ਜਾਣਾ ਸੀ। ਫ਼ਕੀਰਾਂ ਦੇ ਖਾਲੀ ਹੱਥ ਸੁਹਣੇ ਲਗਦੇ ਹਨ। ਫ਼ਕੀਰ ਨੇ ਉੱਤਰ ਦਿੱਤਾ, ‘ਓ ਜਲਾਲਿ ਹੂ ਦਸਤੇ ਖਾਲੀ ਰੁਸਵਾ’ (ਭਾਵ ਓ ਅੱਲਾ ਦੇ ਨੂਰ! ਅੱਲਾ ਦੇ ਨੂਰ ਕੋਲ ਆਉਣਾ ਹੋਵੇ ਤਾਂ ਖਾਲੀ ਹੱਥ ਨਹੀਂ ਆਈਦਾ।)
ਸਤਿਗੁਰਾਂ ਉੱਤਰ ਦਿੱਤਾ, “ਓ ਮਦਾਰ! ਦਿਲੇ ਖਾਲੀ ਰੁਸਵਾ ਅਸਤ” (ਹੇ ਮਦਾਰ! ਸ਼ਰਮਿੰਦਗੀ ਦਿਲ ਖਾਲੀ ਹੋਣ ਨਾਲ ਹੁੰਦੀ ਹੈ) ਇਥੇ ਹੱਥਾਂ ਦੀ ਕਹਾਣੀ ਨਹੀਂ, ਪ੍ਰੇਮ ਦੀ ਖੇਡ ਹੈ, ਕਹਿੰਦਿਆਂ ਆਪਣੇ ਨੈਣ ਮੁੰਦ ਲਏ। ਕੁਝ ਸਮੇਂ ਤੋਂ ਬਾਅਦ ਸਤਿਗੁਰੂ ਜੀ ਨੇ ਰੋਡੇ ਨੂੰ ਕਿਹਾ, ਓ ਪਲਾਲੀਆ! ਤੂੰ ਫੁੱਲ ਨਹੀਂ ਤੋੜੇ, ਤੂੰ ਦੋ ਦਿਲ ਤੋੜੇ ਹਨ; ਤੂੰ ਦੋ ਦਿਲ ਨਹੀਂ ਤੋੜੇ, ਤੂੰ ਦੋ ਜਿਊਂਦੀਆਂ ਰੂਹਾਂ ਤੋੜ ਦਿੱਤੀਆਂ। ਇੰਨੇਂ ਬਚਨ ਕਹਿ ਕੇ ਸਤਿਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸੈਨਤ ਕੀਤੀ ਕਿ ਹੱਥ ਮਾਰ ਕੇ ਇਸ ਪਲਾਲੀ ਦੀ ਟੋਪੀ ਉਤਾਰ ਦਿਉ।
ਭਾਈ ਮਨੀ ਸਿੰਘ ਜੀ ਨੇ ਉਸ ਰੋਡੇ ਦੀ ਟੋਪੀ ਨੂੰ ਹੱਥ ਮਾਰ ਕੇ ਲਾਹ ਦਿੱਤਾ ਤੇ ਉਸ ਦੀ ਟੋਪੀ ਵਿੱਚੋਂ ਛਣਨ-ਛਣਨ ਕਰਦੀਆਂ ਪੰਜ ਸੱਤ ਮੋਹਰਾਂ ਤੇ ਰੁਪਏ ਧਰਤੀ ਤੇ ਖਿਲਰ ਗਏ। ਸਤਿਗੁਰਾਂ ਦਾ ਇਹ ਕੌਤਕ ਵੇਖ ਕੇ ਸਾਰੀ ਸੰਗਤ ਹੱਸ ਪਈ ਤੇ ਰੋਡੇ ਜਲਾਲੀ ਦਾ ਮੂੰਹ ਪੀਲਾ ਪੈ ਗਿਆ ਤੇ ਸ਼ਰਮਿੰਦਗੀ ਨਾਲ ਪਾਣੀਓਂ ਪਤਲਾ ਹੋ ਸਤਿਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ।
ਸਤਿਗੁਰੂ ਜੀ ਨੇ ਬਚਨ ਕੀਤਾ ਰੋਡੇ! ਤੂੰ ਰੱਬ ਦੇ ਜਲਾਲ ਵਾਲਾ ਰੋਡਾ ਜਾਂ ਸੋਨੇ ਦੇ ਜਲਾਲ ਵਾਲਾ ਰੋਡਾ? ਰੋਡਾ ਜਲਾਲੀ ਚੁੱਪ ਸੀ। ਸਤਿਗੁਰੂ ਜੀ ਕਹਿਣ ਲੱਗੇ, ਇਨ੍ਹਾਂ ਫੁੱਲਾਂ ਵਿੱਚੋਂ ਖੁਸ਼ਬੂ ਨਹੀਂ ਆਉਂਦੀ, ਸਗੋਂ ਸਹਿਮ ਦੀ ਤੇ ਗਮ ਦੀ ਫਰਿਆਦ ਸੁਣਾਈ ਦਿੰਦੀ ਹੈ। ਇਹ ਬੇਜਾਨ, ਕਿਸੇ ਪਿਆਰੇ ਦੇ ਪਿਆਰ ਨੂੰ ਵਲੂੰਧਰਨ ਦੀਆਂ ਆਹਾਂ ਮਾਰਦੇ ਹਨ। ਤੂੰ ਪੁੰਨ ਨਹੀਂ ਮਹਾਂ ਪਾਪ ਖੱਟਿਆ ਹੈ।
ਰੋਡਾ ਤਾਂ ਸ਼ਰਮਿੰਦਗੀ ਦਾ ਮਾਰਾ ਉਥੇ ਖੜਾ ਰਿਹਾ। ਸਤਿਗੁਰੂ ਕਲਗੀਧਰ ਜੀ ਉਸ ਜਗ੍ਹਾ ਪੁੱਜੇ ਜਿੱਥੇ ‘ਸੋਹਿਨਾ ਤੇ ਮੋਹਿਨਾ’ ਇਸਤ੍ਰੀ-ਭਰਤਾ ਨੇ ਸਤਿਗੁਰੂ ਜੀ ਦੇ ਪ੍ਰਕਾਸ਼ ਉਤਸਵ ਮੌਕੇ ਭੇਟ ਕਰਨ ਲਈ, ਪੀਲਾ ਗੇਂਦਾ ਤੇ ਗਲਦੌਦੀਆਂ ਉਗਾਈਆਂ ਸਨ ਉਨ੍ਹਾਂ ਦੀ ਬਰਬਾਦੀ ਹੋਈ ਤੱਕ ਕੇ ਸਦਮੇਂ ਵਿੱਚ ਪੈ ਬੇਹੋਸ਼ੀ ਦੀ ਹਾਲਤ ਵਿੱਚ ਪਏ ਸਨ।
ਸਤਿਗੁਰੂ ਜੀ ਨੇ ਦੋਵਾਂ ਨੂੰ ਹੋਸ਼ ਵਿੱਚ ਲਿਆ ਕੇ ਉਨ੍ਹਾਂ ਨੂੰ ਸਾਵਧਾਨ ਕੀਤਾ ਅਤੇ ਦੋਵਾਂ ਨੂੰ ਨਦਰੀਂ ਨਦਰ ਨਿਹਾਲ ਕਰ ਉਨ੍ਹਾਂ ਦੀ ਸੇਵਾ ਥਾਂ ਪਾ ਕੇ ਉਨ੍ਹਾਂ ਦਾ ਲੋਕ ਪ੍ਰਲੋਕ ਸਵਾਰਿਆ। ਹੋਸ਼ ਪਰਤਣ ਤੇ ਸੋਹਿਨਾ ਤੇ ਮੋਹਿਨਾ ਨੂੰ ਰੋਡੇ ਜਲਾਲੀ ਦੀ ਕਰਤੂਤ ਦਾ ਪਤਾ ਲੱਗਾ ਅਤੇ ਇਹ ਸੋਅ ਵੀ ਕੰਨੀ ਪਈ ਕਿ ਰੋਡੇ ਜਲਾਲੀ ਨੂੰ ਸਿੱਖਾਂ ਨੇ ਡੱਕਿਆ ਹੋਇਆ ਹੈ। ਪਰਉਪਕਾਰੀ ਸਿੱਖ ਸਿੱਖਣੀ ਨੇ ਸਾਹਿਬਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਪਾਤਸ਼ਾਹ! ਜਿੱਥੇ ਆਪ ਜੀ ਨੇ ਸਾਡੇ ਤੇ ਮਿਹਰਾਂ ਕੀਤੀਆਂ ਹਨ, ਉਥੇ ਕਿਰਪਾ ਕਰੋ, ਰੋਡੇ ਜਲਾਲੀ ਨੂੰ ਵੀ ਬਖਸ਼ ਦੇਵੋ, ਅਸੀਂ ਸੰਸਾਰੀ ਜੀਵ ਭੁੱਲ ਦੇ ਪੁਤਲੇ ਹਾਂ। ਅਸੀਂ ਖਿਨ-ਖਿਨ ਔਗੁਣ ਕਰਦੇ ਹਾਂ, ਸਾਡੀਆਂ ਭੁੱਲਾਂ ਅਤੇ ਅਉਗਣਾਂ ਲਈ ਇੱਕ ਤੇਰੀ ਰਹਿਮਤ ਦ੍ਰਿਸ਼ਟੀ ਤੇ ਤੇਰਾ ਨਾਮ ਹੀ ਦਾਰੂ ਹਨ ਸੋ ਕ੍ਰਿਪਾ ਕਰੋ ਰੋਡੇ ਨੂੰ ਬਖਸ਼ਿਸ਼ ਕਰਕੇ ਤਾਰ ਦੇਵੋ।
ਸਤਿਗੁਰੂ ਜੀ ਨੇ ਸੋਹਿਨਾ ਮੋਹਿਨਾ ਦੀ ਇਹ ਖਿਮਾ ਦ੍ਰਿਸ਼ਟੀ ਤੇ ਕੋਮਲਤਾ ਵੇਖ ਕੇ ਰੋਡੇ ਨੂੰ ਸੱਦ ਕੇ ਅਸ਼ੀਰਵਾਦ ਦਿੱਤੀ। ਕੰਡ ਤੇ ਹੱਥ ਫੇਰਿਆ, ਜੋ ਅੰਦਰ ਕਮੀਂ ਸੀ ਗੁਰੂ ਰਹਿਮਤ ਨਾਲ ਦੂਰ ਹੋ ਗਈ ਤੇ ਸਤਿਗੁਰਾਂ ਰੋਡੇ ਨੂੰ ਸੰਬੋਧਨ ਕਰਕੇ ਕਿਹਾ, ਰੋਡੇ ਜਲਾਲੀ! ਤਕੜਾ ਹੋ, ਜੁੜ ਜਾਹ “ਹੁਸਨਾਂ ਦੇ ਜਲਾਲ” ਨਾਲ ਤੇ ਟੁੱਟਿਆਂ ਹੋਇਆਂ ਨੂੰ ਜੋੜ “ਹੁਸਨਲ ਜਮਾਲ” ਨਾਲ। ਰੋਡਾ ਅਸਲੀ ਰੂਪ ਵਿੱਚ ਗੁਰੂ ਮਿਹਰ ਨਾਲ ਜਲਾਲ ਵਾਲਾ ਹੋ ਗਿਆ। ਨਾਮ ਦੀ ਰੌਂ ਅੰਦਰ ਚਲ ਪਈ, ਮੁਲੰਮਾਂ, ਪਾਜ, ਛਲ, ਕਪਟ, ਗੁਰੂ ਮਿਹਰ ਦਾ ਹੱਥ ਕੰਡ ਤੇ ਫਿਰਨ ਨਾਲ ਅੰਦਰੋਂ ਨਿਕਲ ਗਿਆ।
ਸਿੱਖਿਆ- ਇਕ ਗੁਰੂ ਦਾ ਦਰ ਹੀ ਐਸਾ ਦਰ ਹੈ ਜੋ ਬੁਰਾ ਕਰਨ ਵਾਲਿਆਂ ਨਾਲ ਵੀ ਨੇਕੀ ਕਰਕੇ ਉਨ੍ਹਾਂ ਦਾ ਲੋਕ ਪ੍ਰਲੋਕ ਸਵਾਰ ਦਿੰਦਾ ਹੈ। ਸਾਨੂੰ ਵੀ ਚਾਹਿਦਾ ਹੈ ਕਿ ਗੁਰੂ ਵੱਲ ਜਾਂਦਿਆਂ ਹੋਇ ਖਾਲੀ ਮਨ ਲੈ ਕੇ ਨਾ ਜਾਇਏ।
Waheguru Ji Ka Khalsa Waheguru Ji Ki Fateh
– Bhull Chukk Baksh Deni Ji –