Saakhi – Guru Harrai Ate Sikh Da Sawal
ਗੁਰੂ ਹਰਿਰਾਇ ਅਤੇ ਸਿੱਖ ਦਾ ਸਵਾਲ
ਗੁਰੂ ਹਰਿਰਾਇ ਜੀ ਦੇ ਦਰਬਾਰ ਵਿਚ ਇਕ ਵਾਰ ਇਕ ਸਿੱਖ ਆਇਆ ਅਤੇ ਪੁਛਿਆ, “ਮਹਾਰਾਜ ! ਤੁਹਾਨੂੰ ਆਪਣੇ ਦੋਵਾਂ ਪੁੱਤਰਾਂ ਵਿਚੋਂ ਕਿਹੜਾ ਪੁੱਤਰ ਜ਼ਿਆਦਾ ਪਿਆਰਾ ਹੈ।” ? ਗੁਰੂ ਜੀ ਨੇ ਉੱਤਰ ਦਿੱਤਾ, ‘ਮਾਤਾ ਪਿਤਾ ਨੂੰ ਸਭ ਬੱਚੇ ਇਕੋ ਜਿਹੇ ਪਿਆਰੇ ਹੁੰਦੇ ਹਨ। ਮੇਰੇ ਵਾਸਤੇ ਤਾਂ ਮੇਰੇ ਸਾਰੇ ਸਿੱਖ ਹੀ ਮੇਰੇ ਬੱਚੇ ਹਨ ਅਤੇ ਮੈਨੂੰ ਬਹੁਤ ਪਿਆਰੇ ਹਨ, ਪਰ ਜੇ ਤੁਸੀਂ ਇਹਨਾਂ ਪੁੱਤਰਾਂ ਬਾਰੇ ਹੀ ਪਤਾ ਕਰਨਾ ਹੈ ਤਾਂ ਉਹ ਮੈਂ ਨਹੀਂ ਕਹਿ ਸਕਦਾ। ਮੈਂ ਤੁਹਾਨੂੰ ਇਕ ਢੰਗ ਦੱਸ ਸਕਦਾ ਹਾਂ। ਮੈਂ ਤੁਹਾਨੂੰ ਇਹ ਸੂਈ ਦਿੰਦਾ ਹਾਂ। ਇਸ ਵੇਲੇ ਦੋਵੇਂ ਪੁੱਤਰ ਪੰਘੂੜਿਆਂ ਵਿਚ ਬੈਠੇ ਪਾਠ ਕਰ ਰਹੇ ਹਨ। ਤੁਸੀਂ ਦੋਹਾਂ ਸਾਹਿਬਜ਼ਾਦਿਆਂ ਦਾ ਪਹਿਲਾਂ ਪਾਠ ਸੁਣਨਾ, ਫਿਰ ਇਹ ਸੂਈ ਉਨ੍ਹਾਂ ਦੇ ਪੰਘੂੜੇ ਦੇ ਪਾਵੇ ਵਿਚ ਖੋਭ ਦੇਣੀ ਜਿਸ ਦੇ ਪਾਵੇ ਵਿਚ ਇਹ ਸੂਈ ਖੁਭ ਜਾਵੇ ਉਹ ਸਮਝੋ ਮੈਨੂੰ ਜ਼ਿਆਦਾ ਪਿਆਰਾ ਹੈ।”
ਉਹ ਸਿੱਖ ਗੁਰੂ ਜੀ ਨੂੰ ਸਤਬਚਨ ਕਹਿ ਕੇ ਪਹਿਲਾਂ ਬਾਬਾ ਰਾਮਰਾਇ ਦੇ ਪੰਘੂੜੇ ਪਾਸ ਪੁੱਜਾ ਅਤੇ ਕੁਝ ਦੇਰ ਪਾਠ ਸੁਣਦਾ ਰਿਹਾ। ਬਾਬਾ ਰਾਮਰਾਇ ਜੀ ਪੋਥੀ ਪੰਘੂੜੇ ਉੱਤੇ ਰੱਖ ਕੇ ਪਾਠ ਕਰ ਰਹੇ ਸਨ। ਕੁਝ ਸਮਾਂ ਪਾਠ ਸੁਣਨ ਤੋਂ ਬਾਅਦ ਉਸ ਸਿੱਖ ਨੇ ਸੂਈ ਬਾਬਾ ਰਾਮਰਾਇ ਦੇ ਪੰਘੂੜੇ ਦੇ ਇਕ ਪਾਵੇ ਵਿਚ ਖੋਭੀ, ਪਰ ਲੱਕੜ ਦਾ ਪਾਵਾ ਏਨਾ ਸਖਤ ਸੀ ਕਿ ਸੂਈ ਇਕ ਤਿਣਕਾ ਭਰ ਵੀ ਨਾ ਖੁੱਭ ਸਕੀ। ਉਸ ਨੇ ਦੁਬਾਰਾ ਵੀ ਯਤਨ ਕੀਤਾ, ਪਰ ਸੁੱਕੀ ਲੱਕੜ ਵਿਚ ਸੂਈ ਕਿਵੇਂ ਖੁੱਭ ਸਕਦੀ ਸੀ ?
ਤੁਹਾਡੇ ਮੋਬਾਇਲ ਲਈ ਨਵੀਆਂ ਪੰਜਾਬੀ ਧਾਰਮਿਕ ਰਿੰਗਟੋਨਾਂ ਡਾਉਨਲੋਡ ਕਰੋ ਜੀ
ਫਿਰ ਉਹ ਸਿੱਖ ਬਾਲਾ ਗੁਰੂ ਹਰਿਕ੍ਰਿਸ਼ਨ ਜੀ ਦੇ ਪੰਘੂੜੇ ਪਾਸ ਪੁੱਜਿਆ ਅਤੇ ਪਾਠ ਸੁਣਨ ਲੱਗਾ, ਪਾਠ ਏਨੀ ਮਿੱਠੀ ਸੁਰ ਵਿੱਚ ਪੜ੍ਹਿਆ ਜਾ ਰਿਹਾ ਸੀ ਕਿ ਸਿੱਖ ਕੀਲਿਆ ਹੀ ਗਿਆ ਅਤੇ ਕਾਫ਼ੀ ਸਮਾਂ ਪਾਠ ਹੀ ਸੁਣਦਾ ਰਿਹਾ। ਫਿਰ ਉਸਨੂੰ ਗੁਰੂ ਸਾਹਿਬ ਦਾ ਆਦੇਸ਼ ਯਾਦ ਆਇਆ ਤਾਂ ਉਸ ਸੂਈ ਨੂੰ ਬਾਲਾ ਗੁਰੂ ਦੇ ਪਾਵੇ ਵਿਚ ਖੁਭੋਇਆ। ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਪਾਵੇ ਦੀ ਲੱਕੜ ਬਿਲਕੁਲ ਹਰੀ ਲੱਕੜ ਵਾਂਗ ਹੋ ਗਈ ਸੀ ਅਤੇ ਸੂਈ ਉਸ ਵਿਚ ਇਸ ਤਰ੍ਹਾਂ ਖੁੱਭ ਗਈ ਜਿਵੇਂ ਮੋਮ ਹੋਵੇ। ਉਸ ਨੇ ਫਿਰ ਪਾਵੇ ਨੂੰ ਹੱਥ ਲਾ ਕੇ ਵੇਖਿਆ, ਉਸ ਨੂੰ ਇੰਝ ਲੱਗਾ ਜਿਵੇਂ ਪਾਵੇ ਦੀ ਲੱਕੜ ਕਿਸੇ ਨਵੇਂ ਉੱਗੇ ਪੌਦੇ ਦੀ ਹੁੰਦੀ ਹੈ। ਉਹ ਫਿਰ ਗੁਰੂ ਹਰਿਰਾਇ ਜੀ ਪਾਸ ਆਇਆ ਤੇ ਉਨ੍ਹਾਂ ਨੂੰ ਸਾਰੀ ਵਾਰਤਾ ਸੁਣਾਈ।
ਗੁਰੂ ਜੀ ਉਸਦੀ ਗੱਲ ਸੁਣਕੇ ਬੜੇ ਖੁਸ਼ ਹੋਏ ਅਤੇ ਕਿਹਾ, “ਗੁਰੂ ਜੀ ਦੀ ਬਾਣੀ ਨੂੰ ਜਿਹੜਾ ਸੱਚੇ ਦਿਲੋਂ ਪੜ੍ਹਦਾ ਹੈ ਤਾਂ ਸੁੱਕੇ ਬੂਟੇ ਵੀ ਹਰੇ ਹੋ ਜਾਂਦੇ ਹਨ। ਬਾਲ ਹਰਿਕ੍ਰਿਸ਼ਨ ਇਸ ਬਾਣੀ ਨੂੰ ਪ੍ਰਭੂ ਨਾਲ ਇਕਮਿੱਕ ਹੋ ਕੇ ਪੜ੍ਹ ਰਿਹਾ ਹੈ। ਇਸ ਲਈ ਉਸਦੇ ਪੰਘੂੜੇ ਦੀ ਸੁੱਕੀ ਲੱਕੜ ਵੀ ਹਰੀ ਹੋ ਗਈ ਹੈ। ਪਰ ਸਾਹਿਬਜ਼ਾਦਾ ਰਾਮਰਾਇ ਇਕ ਨੇਮ ਪੂਰਾ ਕਰ ਰਿਹਾ ਹੈ, ਇਸ ਲਈ ਉਸ ਦੀ ਬਾਣੀ ਦਾ ਸੁੱਕੀ ਲੱਕੜ ਉਤੇ ਕੋਈ ਪ੍ਰਭਾਵ ਨਹੀਂ ਪਿਆ। ਹੁਣ ਮੈਂ ਸਮਝਦਾ ਹਾਂ ਕਿ ਤੁਹਾਨੂੰ ਸਾਡੇ ਸਵਾਲ ਦਾ ਜਵਾਬ ਮਿਲ ਹੀ ਗਿਆ ਹੋਵੇਗਾ। ਸਿੱਖ ਨੇ ਹਾਂ ਵਿਚ ਸਿਰ ਹਿਲਾ ਵਿਦਾ ਲੈ ਲਈ।
ਸਿਖਿੱਆ – ਗੁਰਬਾਣੀ ਨੂੰ ਪੜ੍ਹਨ ਵੇਲੇ ਧਿਆਨ ਕਰਤਾਰ ਵੱਲ ਰਖਣਾ ਚਾਹਿਦਾ ਹੈ ਜਿਸ ਨਾਲ ਸਾਨੂੰ ਇਸਦਾ ਲਾਹਾ ਮਿਲ ਸਕੇ।
Waheguru Ji Ka Khalsa Waheguru Ji Ki Fateh
– Bhull Chuk Baksh Deni Ji –