Saakhi – Guru Nanak Sahib Da Janeu Sanskar
ਗੁਰੂ ਨਾਨਕ ਸਾਹਿਬ ਦਾ ਜਨੇਊ ਸੰਸਕਾਰ
ਜਦ ਗੁਰੂ ਨਾਨਕ ਦੇਵ ਜੀ ਨੌਂ ਸਾਲਾਂ ਦੇ ਹੋ ਗਏ ਤਾਂ ਉਹਨਾਂ ਦੇ ਮਾਤਾ-ਪਿਤਾ ਨੇ ਜਨੇਊ ਸੰਸਕਾਰ ਬਾਰੇ ਸਲਾਹ ਕੀਤੀ। ਦਿਨ ਪੱਕਾ ਕਰ ਲਿਆ ਗਿਆ ਅਤੇ ਸਾਰੇ ਸੰਬੰਧੀਆਂ ਨੂੰ ਸੱਦੇ ਭੇਜ ਦਿੱਤੇ ਗਏ। ਮਿਥੇ ਦਿਨ ਘਰ ਦੇ ਪ੍ਰੋਹਤੇ ਪੰਡਿਤ ਹਰਦਿਆਲ ਪਹੁੰਚ ਗਏ। ਘਰ ਵਿਚ ਇਕ ਉੱਚੀ ਥਾਂ ‘ਤੇ ਇਕ ਚਿਟਾਈ ਵਿਛਾਈ ਅਤੇ ਕੁਝ ਮੰਤਰ ਪੜ੍ਹ ਕੇ ਪੰਡਤ ਨੇ ਉਸ ਦੇ ਇਰਦ-ਗਿਰਦ ਇਕ ਲਕੀਰ ਖਿੱਚੀ ਅਤੇ ਆਪ ਚਿਟਾਈ ‘ਤੇ ਬਿਰਾਜ ਗਏ। ਗੁਰੂ ਜੀ ਨੂੰ ਪੰਡਿਤ ਦੇ ਸਾਹਮਣੇ ਬਿਠਾ ਦਿੱਤਾ ਗਿਆ। ਆਲੇ-ਦੁਆਲੇ ਪਿੰਡ ਦੇ ਲੋਕ ਅਤੇ ਰਿਸ਼ਤੇਦਾਰ ਬੈਠ ਗਏ। ਸਾਰੀਆਂ ਰਸਮਾਂ ਪੂਰੀਆਂ ਕਰਕੇ ਪੰਡਿਤ ਹਰਦਿਆਲ ਨੇ ਗੁਰੂ ਨਾਨਕ ਦੇ ਗਲ ਵਿਚ ਜਨੇਊ ਪਾਉਣ ਵਾਸਤੇ ਆਪਣੀ ਬਾਂਹ ਉੱਚੀ ਕੀਤੀ। ਪਰ ਸੰਬੰਧੀਆਂ ਅਤੇ ਪਿੰਡਵਾਸਿਆਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦ ਉਨ੍ਹਾਂ ਵੇਖਿਆ ਕਿ ਗੁਰੂ ਜੀ ਨੇ ਆਪਣੇ ਹੱਥ ਨਾਲ ਪ੍ਰੋਹਤ ਦੀ ਜਨੇਊ ਵਾਲੀ ਬਾਂਹ ਪਿੱਛੇ ਧੱਕ ਦਿੱਤੀ ਅਤੇ ਜਨੇਊ ਪਾਉਣ ਤੋਂ ਨਾਂਹ ਕਰ ਦਿੱਤੀ।
ਨਵੀਆਂ ਧਾਰਮਿਕ ਰਿੰਗਟੋਨਾਂ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ
ਉਹ ਕਹਿਣ ਲੱਗੇ, “ਪੰਡਿਤ ਜੀ, ਪਹਿਲਾਂ ਮੈਨੂੰ ਦੱਸੋ ਕਿ ਜਨੇਊ ਪਾਉਣ ਦਾ ਕੀ ਲਾਭ ਹੈ ? ਪਹਿਲਾਂ ਮੈਨੂੰ ਵਿਸਥਾਰ ਨਾਲ ਸਮਝਾਓ ਤੇ ਫਿਰ ਜਨੇਉ ਮੇਰੇ ਗਲ ਵਿਚ ਪਾਓ। ਪੰਡਿਤ ਹਰਦਿਆਲ ਕਹਿਣ ਲੱਗਾ, “ਦੇਖ ਬੇਟਾ! ਇਹ ਸਾਡੇ ਵਡੇਰਿਆਂ ਵੱਲੋਂ ਚਲਾਈ ਗਈ ਰਹਿਤ ਮਰਯਾਦਾ ਹੈ। ਜਦ ਤਕ ਉੱਚੀ ਜਾਤੀ ਦਾ ਮਨੁੱਖ ਜਨੇਊ ਨਹੀਂ ਪਾਉਂਦਾ ਹੈ, ਉਹ ਨੀਚ ਅਤੇ ਸ਼ੂਦਰ ਹੀ ਰਹਿੰਦਾ ਹੈ। ਜਨੇਊ ਪਾਉਣ ਨਾਲ ਉਹ ਪਵਿੱਤਰ ਅਤੇ ਉੱਚ ਜਾਤੀ ਦਾ ਬਣ ਜਾਂਦਾ ਹੈ।”
ਗੁਰੂ ਜੀ ਪੰਡਿਤ ਦੀ ਇਹ ਗੱਲ ਸੁਣ ਕੇ ਮੁਸਕਰਾਏ ਅਤੇ ਕਹਿਣ ਲੱਗੇ, “ਤੁਹਾਡੀ ਇਹ ਗੱਲ ਮੈਨੂੰ ਉਚਿਤ ਨਹੀਂ ਲੱਗਦੀ, ਇਸ ਵਿਚ ਕੋਈ ਦਲੀਲ ਨਹੀਂ। ਨੀਚ ਅਤੇ ਸ਼ੂਦਰ ਉਹ ਹੀ ਹੁੰਦਾ ਹੈ ਜਿਹੜਾ ਨੀਚਾਂ ਵਾਲੇ ਭੈੜੇ ਅਤੇ ਮੰਦੇ ਕੰਮ ਕਰੇ। ਇਕ ਧਰੋਹੀ, ਪਾਪੀ ਅਤੇ ਪਾਖੰਡੀ ਇਹ ਧਾਗਾ ਪਾ ਕੇ ਕਿਵੇਂ ਉੱਚੀ ਜਾਤੀ ਦਾ ਬਣ ਸਕਦਾ ਹੈ ? ਪੰਡਿਤ ਨੇ ਰਿਸ਼ੀਆਂ ਮੁਨੀਆਂ ਦਾ ਵਾਸਤਾ ਪਾਇਆ ਕਿ ਆਪਣੇ ਵਡੇਰਿਆਂ ਦੀ ਰਹੁ-ਰੀਤ ਨੂੰ ਅਸੀਂ ਕਿਵੇਂ ਛੱਡ ਸਕਦੇ ਹਾਂ। ਗੁਰੂ ਜੀ ਫਿਰ ਮੁਸਕਰਾ ਕੇ ਕਹਿਣ ਲੱਗੇ, “ਮਿਸ਼ਰ ਜੀ! ਤੁਸੀਂ ਬਬੇਕ ਦੀ ਗੱਲ ਨਹੀਂ ਕਰ ਰਹੇ, ਜਦ ਤਕ ਤੁਸੀਂ ਮੈਨੂੰ ਇਸ ਜਨੇਊ ਪਾਉਣ ਦੇ ਲਾਭ ਨੂੰ ਸਪੱਸ਼ਟ ਰੂਪ ਵਿਚ ਨਹੀਂ ਦੱਸਦੇ, ਤਦ ਤਕ ਮੈਂ ਜਨੇਊ ਨਹੀਂ ਪਾਵਾਂਗਾ।
ਧਾਰਮਿਕ ਮੋਬਾਇਲ ਵਾਲਪੈਪਰ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ
ਇਹ ਜਿਹੜਾ ਤੁਸੀਂ ਜਨੇਊ ਦਾ ਧਾਗਾ ਫੜਿਆ ਹੈ ਇਹ ਕਪਾਹ ਦੇ ਰੂੰ ਨੂੰ ਕੱਤ ਕੇ ਬਣਾਇਆ ਗਿਆ ਹੈ, ਇਹ ਧਾਗਾ ਕੁੱਝ ਚਿਰ ਬਾਅਦ ਮੈਲਾ ਹੋ ਕੇ ਟੁੱਟ ਜਾਵੇਗਾ ਅਤੇ ਫਿਰ ਹੋਰ ਪਾਇਆ ਜਾਵੇਗਾ। ਜਦ ਮਨੁੱਖ ਇਸ ਸੰਸਾਰ ਨੂੰ ਛੱਡ ਜਾਵੇਗਾ ਤਾਂ ਇਹ ਧਾਗਾ ਇਥੇ ਰਹਿ ਜਾਵੇਗਾ ਅਤੇ ਇਨਸਾਨ ਦੀ ਆਤਮਾ ਦੇ ਨਾਲ ਨਹੀਂ ਜਾਵੇਗਾ। ਮੈਨੂੰ ਅਜਿਹਾ ਜਨੇਊ ਚਾਹੀਦਾ ਹੈ ਜਿਹੜਾ ਕਿ ਮੇਰੀ ਆਤਮਾ ਦੇ ਨਾਲ ਪਰਲੋਕ ਵਿਚ ਵੀ ਮੇਰਾ ਸਾਥ ਦੇਵੇ, ਜੇ ਤੁਹਾਡੇ ਪਾਸ ਐਸਾ ਕੋਈ ਜਨੇਉ ਹੈ ਤਾਂ ਉਹ ਜ਼ਰੂਰ ਮੈਨੂੰ ਪਾ ਦੇਵੋ। ਪੰਡਿਤ ਲਾ-ਜਵਾਬ ਹੋ ਗਿਆ, ਹਾਰ ਕੇ ਉਹ ਪੁੱਛਣ ਲੱਗਾ ਕਿ ਆਤਮਾ ਦਾ ਜਨੇਊ ਕਿਸ ਤਰ੍ਹਾਂ ਦਾ ਹੁੰਦਾ ਹੈ, ਤੁਸੀਂ ਆਪ ਹੀ ਦੱਸ ਦੇਵੋ। ਤਦ ਗੁਰੂ ਜੀ ਨੇ ਕਿਹਾ, “ਇਸ ਜਨੇਊ ਨੂੰ ਬਣਾਉਣ ਲਈ ‘ਦਇਆ’ ਰੂਪੀ ਕਪਾਹ, ‘ਸੰਤੋਖ’ ਰੂਪੀ ਸੁਤ, “ਜਤ’ ਰੂਪੀ ਗੰਢ ਅਤੇ ‘ਸਤ’ ਰੂਪੀ ਵੱਟ ਦੀ ਵਰਤੋਂ ਕੀਤੀ ਹੋਵੇ ਤਾਂ ਇਹ ਆਤਮਾ ਦਾ ਜਨੇਊ ਬਣ ਜਾਂਦਾ ਹੈ। ਇਹ ਜਨੇਊ ਪਾ ਕੇ ਮਨੁੱਖ ਜਦ ਚੰਗੇ ਕੰਮ ਕਰਦਾ ਹੈ, ਸੱਚੀ ਸੁੱਚੀ ਕਿਰਤ ਕਰਦਾ ਹੈ ਤਾਂ ਉਹ ਨੀਚ ਜਾਤ ਦਾ ਹੋ ਕੇ ਵੀ ਸਵਰਨ ਜਾਤੀ ਦਾ ਬਣ ਜਾਂਦਾ ਹੈ।
ਸਲੋਕੁ ਮ: ੧ ॥
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥
ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥
ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥ (ਅੰਗ ੪੭੧ )
ਸਿੱਖਿਆ – ਕੋਰੇ ਕਰਮਕਾਂਡਾਂ ਦਾ ਤਿਆਗ ਕਰਨਾ ਚਾਹਿਦਾ ਹੈ। ਜਦ ਤਕ ਸਾਡਾ ਮਨ ਅਤੇ ਕਰਮ ਪਵਿੱਤਰ ਨਹੀ ਅਸੀਂ ਪਰਮਾਤਮਾ ਨੂੰ ਨਹੀ ਪਾ ਸਕਦੇ।
Waheguru Ji Ka Khalsa Waheguru Ji Ki Fateh
– Bhull Chuk Baksh Deni Ji –