Saakhi – Kalgidhar Patshah Ate Bhai Joga Singh
ਕਲਗੀਧਰ ਪਾਤਸ਼ਾਹ ਅਤੇ ਭਾਈ ਜੋਗਾ ਸਿੰਘ
ਇੱਕ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਇੱਕ ਗੁਰੂ ਪ੍ਰੇਮੀ ਪਰਿਵਾਰ ਪਿਛਾਵਰ (ਪਾਕਿਸਤਾਨ) ਤੋਂ ਚੱਲ ਕੇ ਆਇਆ। ਪਰਿਵਾਰ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕ ਆਸ਼ੀਰਵਾਦ ਪ੍ਰਾਪਤ ਕੀਤੀ। ਇਸ ਪਰਿਵਾਰ ਦਾ ਇੱਕ ਹੋਣਹਾਰ ਬੱਚਾ, ਜਿਸ ਦੀ ਵਰੇਸ ਅਜੇ ਛੋਟੀ ਸੀ, ਉਸ ਨੇ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਬੜੇ ਅਦਬ ਅਤੇ ਸਤਿਕਾਰ ਨਾਲ ਨਮਸਕਾਰ ਕੀਤੀ। ਸਤਿਗੁਰਾਂ ਉਸ ਨੂੰ ਆਪਣੇ ਕੋਲ ਸੱਦ ਲਿਆ ਅਤੇ ਬਚਨ ਕੀਤਾ, ਕਾਕਾ! ਤੇਰਾ ਨਾਉਂ ਕੀ ਹੈ? ਬੱਚੇ ਨੇ ਬੜੀ ਅਧੀਨਗੀ ਨਾਲ ਉੱਤਰ ਦਿੱਤਾ, ਪਾਤਸ਼ਾਹ! ਮੇਰਾ ਨਾਉਂ ਜੋਗਾ ਹੈ। ਸਤਿਗੁਰਾਂ ਮੁੜ ਉਸ ਨੂੰ ਪੁੱਛਿਆ, ਜੋਗਿਆ! ਤੂੰ ਕੀਹਦੇ ਜੋਗਾ ਹੈਂ? ਪੂਰਬਲੇ ਚੰਗੇ ਕਰਮਾਂ ਨੇ ਉਸ ਜੋਗੇ ਦੇ ਮੂੰਹ ਵਿੱਚੋਂ ਕਹਾ ਦਿੱਤਾ, ਪਾਤਸ਼ਾਹ! ਮੈਂ ਤੁਹਾਡੇ ਜੋਗਾ ਹਾਂ। ਸਤਿਗੁਰੂ ਜੀ ਮੁਸਕਰਾਏ, ਰਹਿਮਤ ਕਰ ਦਿੱਤੀ ਅਤੇ ਕਲਾਈ ਵਿੱਚ ਲੈ ਕੇ ਬਚਨ ਕੀਤਾ, “ਜੋਗਿਆ! ਜੇ ਤੂੰ ਗੁਰੂ ਜੋਗਾ ਤਾਂ ਅੱਜ ਤੋਂ ਗੁਰੂ ਤੇਰੇ ਜੋਗਾ।” ਪਰਿਵਾਰ ਸਤਿਗੁਰਾਂ ਦੇ ਦਰਸ਼ਨ ਕਰਕੇ ਵਾਪਸ ਪਿਛਾਵਰ ਚਲਾ ਗਿਆ। ਜੋਗੇ ਨੂੰ ਸਤਿਗੁਰਾਂ ਨੇ ਆਪਣੇ ਪਾਸ ਰੱਖ ਲਿਆ।
ਸਮਾਂ ਬੀਤਦਾ ਗਿਆ, ਉਧਰ ਪਰਿਵਾਰ ਨੇ ਭਾਈ ਜੋਗੇ ਦੀ ਮੰਗਣੀ ਕਰ ਦਿੱਤੀ। ਇਧਰ ਜੋਗਾ ਅੰਮ੍ਰਿਤ ਛਕ ਕੇ ਜੋਗਾ ਸਿੰਘ ਬਣ, ਸੰਗਤ ਅਤੇ ਸਤਿਗੁਰਾਂ ਦੀ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਕਰਨ ਲੱਗ ਪਿਆ। ਪਰਿਵਾਰ ਨੇ ਜੋਗਾ ਸਿੰਘ ਦੇ ਅਨੰਦ ਕਾਰਜ ਦਾ ਦਿਨ ਨੀਯਤ ਕਰਕੇ, ਸਤਿਗੁਰਾਂ ਦੇ ਚਰਨਾਂ ਵਿੱਚ ਆ ਬੇਨਤੀ ਕੀਤੀ, ਦਾਤਾ ਜੀ! ਜੋਗਾ ਸਿੰਘ ਨੂੰ ਸਾਡੇ ਨਾਲ ਭੇਜ ਦਿਉ ਤਾਂ ਜੋ ਇਸ ਦਾ ਅਨੰਦ ਕਾਰਜ ਕਰ ਦੇਈਏ ਅਤੇ ਇਹ ਆਪਣਾ ਗ੍ਰਿਹਸਥੀ ਜੀਵਨ ਅਰੰਭ ਕਰ ਸਕੇ। ਸਤਿਗੁਰਾਂ ਨੇ ਪਰਿਵਾਰ ਦੀ ਬੇਨਤੀ ਮੰਨ ਕੇ ਜੋਗਾ ਸਿੰਘ ਨੂੰ ਪਰਿਵਾਰ ਦੇ ਨਾਲ ਜਾਣ ਦੀ ਆਗਿਆ ਦੇ ਦਿੱਤੀ। ਸਾਰਾ ਪਰਿਵਾਰ ਬੜੇ ਚਾਵਾਂ ਨਾਲ ਮੰਜ਼ਲਾਂ ਮਾਰਦਾ ਆਪਣੇ ਘਰ ਪੁੱਜਾ।
ਨੀਯਤ ਕੀਤੇ ਦਿਨ ਉੱਤੇ ਜੋਗਾ ਸਿੰਘ ਦੇ ਅਨੰਦ ਕਾਰਜ ਦੀ ਤਿਆਰੀ ਹੋ ਗਈ। ਇਧਰ ਸਤਿਗੁਰੂ ਜੀ ਨੇ ਪੱਤ੍ਰਿਕਾ ਲਿਖ ਕੇ ਇੱਕ ਸਿੱਖ ਦੇ ਹੱਥ ਦੇ ਕੇ ਉਸ ਨੂੰ ਪਿਛਾਵਰ ਭੇਜ ਦਿੱਤਾ ਅਤੇ ਤਾਕੀਦ ਕੀਤੀ, ਕਿ ਇਹ ਚਿੱਠੀ ਭਾਈ ਜੋਗਾ ਸਿੰਘ ਨੂੰ ਉਸ ਵੇਲੇ ਦੇ ਦੇਵੀਂ ਜਦੋਂ ਦੋ ਲਾਵਾਂ ਸੰਪੂਰਨ ਹੋ ਜਾਣ। ਜੋਗਾ ਸਿੰਘ ਦੀ ਬਰਾਤ ਚੜ੍ਹੀ, ਜਲਪਾਣੀ ਛਕਣ ਉਪ੍ਰੰਤ ਅਨੰਦ ਕਾਰਜ ਦੀ ਰਸਮ ਅਰੰਭ ਹੋਈ। ਜਿਸ ਵੇਲੇ ਦੋ ਲਾਵਾਂ ਦੀ ਸੰਪੂਰਨਤਾ ਹੋਈ, ਸਤਿਗੁਰਾਂ ਦੇ ਭੇਜੇ ਹੋਏ ਸਿੱਖ ਨੇ ਭਾਈ ਜੋਗਾ ਸਿੰਘ ਅੱਗੇ ਪੱਤ੍ਰਿਕਾ ਲਿਆ ਰੱਖੀ ਅਤੇ ਕਿਹਾ ਕਿ ਇਹ ਪੱਤ੍ਰਿਕਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੇਰੇ ਜੋਗ ਭੇਜੀ ਹੈ।
ਭਾਈ ਜੋਗਾ ਸਿੰਘ ਨੇ ਪੱਤ੍ਰਿਕਾ ਮੱਥੇ ਨੂੰ ਲਾਈ, ਨਮਸਕਾਰ ਕਰਕੇ ਖੋਲ੍ਹੀ ਅਤੇ ਪੜ੍ਹੀ। ਪੱਤ੍ਰਿਕਾ ਵਿੱਚ ਸਤਿਗੁਰੂ ਜੀ ਨੇ ਲਿਖਿਆ ਸੀ, ਜੋਗਾ ਸਿੰਘ! ਅਸੀਂ ਇਹ ਪੱਤ੍ਰਿਕਾ ਦੇ ਕੇ ਸਿੱਖ ਨੂੰ ਭੇਜ ਰਹੇ ਹਾਂ, ਜਦੋਂ ਤੂੰ ਇਹ ਪੱਤ੍ਰਿਕਾ ਪੜ੍ਹੇਂ, ਉਸ ਸਮੇਂ ਜਿਹੜਾ ਵੀ ਤੂੰ ਕਾਰਜ ਕਰਦਾ ਹੋਵੇਂ ਉਸ ਨੂੰ ਵਿੱਚੇ ਛੱਡ ਕੇ ਛੇਤੀ ਅਨੰਦਪੁਰ ਸਾਹਿਬ ਸਾਡੇ ਪਾਸ ਪਹੁੰਚ ਜਾਵੀਂ, ਤੇਰੇ ਉੱਪਰ ਗੁਰੂ ਦੀ ਖੁਸ਼ੀ ਹੋਵੇਗੀ। ਜੋਗਾ ਸਿੰਘ ਨੇ ਪੱਤ੍ਰਿਕਾ ਪੜ੍ਹੀ ਅਤੇ ਅਨੰਦ ਕਾਰਜ ਦਾ ਕੰਮ ਅਧੂਰਾ ਛੱਡ ਕੇ ਉਸੇ ਸਮੇਂ ਅਨੰਦਪੁਰ ਸਾਹਿਬ ਨੂੰ ਤੁਰ ਪਿਆ। ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਰੋਕਣ ਉੱਤੇ ਵੀ ਜੋਗਾ ਸਿੰਘ ਨੇ ਗੁਰੂ ਹੁਕਮ ਨੂੰ ਪਹਿਲ ਦਿੱਤੀ।
ਪਿਛਾਵਰ ਤੋਂ ਚੱਲ ਕੇ ਜੋਗਾ ਸਿੰਘ ਹੁਸ਼ਿਆਰਪੁਰ ਪੁੱਜ ਗਿਆ। ਅਗਲੇ ਦਿਨ ਗੁਰੂ ਚਰਨਾਂ ਵਿੱਚ ਹਾਜ਼ਰ ਹੋਣਾ ਹੈ, ਇਧਰ ਭਾਈ ਜੋਗਾ ਸਿੰਘ ਦੇ ਮਨ ਵਿੱਚ ਮਾਇਆ ਨੇ ਆਪਣਾ ਪ੍ਰਭਾਵ ਪਾਉਣਾ ਅਰੰਭ ਕਰ ਦਿੱਤਾ। ਜੋਗਾ ਸਿੰਘ ਅਰਾਮ ਕਰਨ ਤੋਂ ਪਹਿਲਾਂ ਬਜ਼ਾਰ ਵੱਲ ਟਹਿਲਣ ਵਾਸਤੇ ਤੁਰ ਪਿਆ, ਨਾਲ-ਨਾਲ ਮਨ ਵਿੱਚ ਵਿਚਾਰ ਕਰੇ ਕਿ ਸ਼ਾਇਦ ਹੀ ਮੇਰੇ ਵਰਗਾ ਕੋਈ ਗੁਰੂ ਹੁਕਮ ਨੂੰ ਮੰਨਣ ਵਾਲਾ ਸਿਦਕੀ ਸਿੱਖ ਹੋਵੇਗਾ। ਮੈਂ, ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਰੋਕਣ ਤੇ ਵੀ ਅਧੂਰੀਆਂ ਲਾਂਵਾਂ ਛੱਡ ਕੇ ਗੁਰੂ ਹੁਕਮ ਨੂੰ ਪਹਿਲ ਦਿੱਤੀ ਹੈ।
ਭਾਈ ਜੋਗਾ ਸਿੰਘ ਅਜੇ ਇਨ੍ਹਾਂ ਵਿਚਾਰਾਂ ਵਿੱਚ ਹੀ ਉਲਝਿਆ ਹੋਇਆ ਸੀ ਕਿ ਸਾਹਮਣੇ ਚੁਬਾਰੇ ਦੀ ਬਾਰੀ ਵਿੱਚ ਇੱਕ ਖੁਬਸੂਰਤ ਔਰਤ ਹਾਰ-ਸ਼ਿੰਗਾਰ ਲਾ ਕੇ ਬੈਠੀ ਨਜ਼ਰੀਂ ਪਈ। ਉਸ ਔਰਤ ਦੀ ਖੂਬਸੂਰਤੀ ਵੇਖ ਕੇ ਜੋਗਾ ਸਿੰਘ ਦਾ ਮਨ ਭਰਮ ਗਿਆ। ਜੋਗਾ ਸਿੰਘ ਨੇ ਉਸ ਔਰਤ ਦੇ ਚੁਬਾਰੇ ਵੱਲ ਵੇਖਿਆ। ਸਤਿਗੁਰੂ ਜੀ ਨੇ ਜੋ ਆਪਣੇ ਸਿੱਖ ਨਾਲ ਕਿਸੇ ਸਮੇਂ ਬਚਨ ਕੀਤਾ ਸੀ, ਜੋਗਿਆ! ਜੇ ਤੂੰ ਗੁਰੂ ਜੋਗਾ ਤਾਂ ਅੱਜ ਤੋਂ ਗੁਰੂ ਤੇਰੇ ਜੋਗਾ। ਜਿਵੇਂ ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਫੁਰਮਾਨ ਹੈ, ਜਿਹੜਾ ਸਿੱਖ ਇੱਕ ਵਾਰੀ ਗੁਰੂ ਵਾਲਾ ਬਣ ਕੇ ਗੁਰੂ ਨਾਲ ਬਚਨ-ਬੱਧਤਾ ਕਰ ਲੈਂਦਾ ਹੈ ਫਿਰ ਸਤਿਗੁਰੂ ਉਸ ਦੇ ਲੋਕ ਪ੍ਰਲੋਕ ਵਿੱਚ ਰੱਖਿਅਕ ਬਣ ਕੇ ਹਰ ਬੁਰੇ ਕਰਮ ਤੋਂ ਰੱਖਿਆ ਕਰ ਕੇ ਉਸ ਦੀ ਖੋਟੀ ਮੱਤ ਨੂੰ ਦੂਰ ਕਰ, ਉਸ ਗੁਰਸਿੱਖ ਦਾ ਹਲਤਪਲਤ ਸਵਾਰ ਦਿੰਦੇ ਹਨ। ਸਾਹਿਬ ਗੁਰੂ ਅਰਜਨ ਦੇਵ ਜੀ ਦਾ ਸੁਖਮਨੀ ਸਾਹਿਬ ਵਿੱਚ ਬਚਨ ਹੈ:-
ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥
ਸੇਵਕ ਕਉ ਗੁਰੁ ਸਦਾ ਦਇਆਲ ॥
ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥
ਗੁਰ ਬਚਨੀ ਹਰਿ ਨਾਮੁ ਉਚਰੈ ॥
ਸਤਿਗੁਰੁ ਸਿਖ ਕੇ ਬੰਧਨ ਕਾਟੈ ॥
ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥
ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥
ਗੁਰ ਕਾ ਸਿਖੁ ਵਡਭਾਗੀ ਹੇ ॥
ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥
ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥੧॥
ਗਉੜੀ ਸੁਖਮਨੀ ਮ: ੫, ਅੰਗ: ੨੮੬
ਜਿਉਂ ਹੀ ਜੋਗਾ ਸਿੰਘ ਵੇਸਵਾ ਦੇ ਘਰ ਦੇ ਦਰਵਾਜੇ ਅੱਗੇ ਪੁੱਜਾ, ਉੱਥੇ ਉਸ ਨੂੰ ਚੋਬਦਾਰ ਪਹਿਰਾ ਦਿੰਦਾ ਦਿਖਾਈ ਦਿੱਤਾ। ਜੋਗਾ ਸਿੰਘ ਵਾਪਸ ਪਰਤ ਆਇਆ। ਮਾਇਆ ਦਾ ਪ੍ਰਭਾਵ ਜੋਗਾ ਸਿੰਘ ਦੀ ਬਿਰਤੀ ਉੰਪਰ ਅਜੇ ਵੀ ਹਾਵੀ ਸੀ। ਕਝੁ ਸਮਾਂ ਉਡੀਕ ਕਰਨ ਤੋਂ ਬਾਅਦ ਜੋਗਾ ਸਿੰਘ ਨੇ ਫਿਰ ਵੇਸਵਾ ਦੇ ਘਰ ਵਿੱਚ ਜਾਣ ਦਾ ਯਤਨ ਕੀਤਾ, ਅੱਗੋਂ ਚੋਬਦਾਰ ਨੇ ਝਾੜ ਪਾਈ, ਭਲਿਆ! ਵੇਖਣ ਨੂੰ ਤਾਂ ਤੂੰ ਕਲਗੀਧਰ ਦਾ ਸਿੱਖ ਜਾਪਦਾ ਹੈ ਪਰ ਮੁੜ-ਮੁੜ ਕੇ ਵੇਸਵਾ ਦੇ ਦੁਆਰੇ ਤੂੰ ਕੀ ਲੈਣ ਆਉਂਦਾ ਹੈਂ? ਤੈਨੂੰ ਆਪਣੇ ਗੁਰੂ ਅਤੇ ਧਾਰਨ ਕੀਤੇ ਸਿੱਖੀ ਬਾਣੇ ਦੀ ਸ਼ਰਮ ਨਹੀਂ ਆਉਂਦੀ ?
ਚੋਬਦਾਰ ਦੇ ਝਾੜ ਪਾਉਣ ਤੇ ਜੋਗਾ ਸਿੰਘ ਦੀ ਮਤ ਤੋਂ ਮਾਇਆ ਦਾ ਪ੍ਰਭਾਵ ਦੂਰ ਹੋ ਗਿਆ ਅਤੇ ਵੇਸਵਾ ਦੁਆਰੇ ਜਾਣ ਦੇ ਫੁਰਨੇ ਉੱਪਰ ਮੁੜ-ਮੁੜ ਪਛਤਾਉਣ ਲੱਗਾ। ਰਾਤ ਪਛਤਾਵੇ ਵਿੱਚ ਬਤੀਤ ਹੋਈ, ਅਗਲੇ ਦਿਨ ਜੋਗਾ ਸਿੰਘ, ਕਲਗੀਧਰ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਸਤਿਗਰਾਂ ਨੂੰ ਨਮਸ਼ਕਾਰ ਕਰਕੇ ਜੋਗਾ ਸਿੰਘ ਸਾਹਿਬਾਂ ਦੇ ਨਜ਼ਦੀਕ ਬੈਠ ਗਿਆ। ਸਤਿਗੁਰੂ ਜੀ ਨੇ ਜੋਗਾ ਸਿੰਘ ਨੂੰ ਸੰਬੋਧਨ ਕਰ ਕੇ ਬਚਨ ਕੀਤਾ ਜੋਗਾ ਸਿੰਘ! ਤੂੰ ਤਾਂ ਗੁਰੂ ਦਾ ਬਚਨ ਮੰਨਣ ਵਾਲਾ ਸਿਦਕੀ ਸਿੱਖ ਆਪਣੇ ਆਪ ਨੂੰ ਜਣਾਉਂਦਾਂ ਸੀ ਪਰ ਸਾਰੀ ਰਾਤ ਸਾਡੇ ਪਾਸੋਂ ਵੇਸਵਾ ਦੇ ਘਰ ਮੁਹਰੇ ਪਹਿਰਾ ਦੁਆਉਂਦਾ ਰਿਹਾਂ, ਇਹ ਕੀ ਕੀਤਾ ਸੂ? ਅੰਤਰਯਾਮੀ ਸਤਿਗੁਰਾਂ ਦੇ ਬਚਨ ਸੁਣ ਕੇ ਜੋਗਾ ਸਿੰਘ ਗੁਰੂ ਚਰਨਾਂ ਉੱਪਰ ਢਹਿ ਪਿਆ ਅਤੇ ਮੁਆਫ਼ੀ ਮੰਗੀ ਕਿ ਹੇ ਦਾਤਾ! ਮੈਂ ਤਾਂ ਮਾਇਆ ਦੇ ਪ੍ਰਭਾਵ ਅਧੀਨ ਵਿਕਾਰਾਂ ਦੇ ਸਾਗਰ ਵਿੱਚ ਡੁੱਬਣ ਲੱਗਾ ਸੈਂ, ਪਰ ਤੁਸੀਂ ਆਪਣੇ ਬਿਰਦ ਦੇ ਸਦਕੇ “ਬੂਡਤ ਜਾਤ ਪੂਰੇ ਗੁਰ ਕਾਢੇ” ਦੀ ਲਾਜ ਪਾਲਕੇ ਮੇਰੇ ਲੋਕ-ਪ੍ਰਲੋਕ ਨਸ਼ਟ ਹੋਣ ਤੋਂ ਬਚਾ ਲਏ ਹਨ। ਤੁਸੀਂ ਮਿਹਰ ਨਾ ਕਰਦੇ, ਮੈਂ ਤਾਂ ਮਾਇਆ ਦੇ ਪ੍ਰਭਾਵ ਅਧੀਨ:- ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ॥ ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ॥੧॥ ਮ: ੫, ਅੰਗ: ੪੦੩ ਦੀ ਕਾਰ ਕਰ ਜਾਣੀ ਸੀ।
ਸਿੱਖਿਆ – ਗੁਰੂ ਅੱਜ ਵੀ ਹਾਜ਼ਰ ਨਾਜ਼ਰ ਹੈ “ਗੁਰੁ ਮੇਰੈ ਸੰਗਿ ਸਦਾ ਹੈ ਨਾਲੇ॥” ਆਸਾ ਮ: ੫, ਅੰਗ: ੩੯੪ ਕੇਵਲ ਸਾਡੀਆਂ ਅੱਖਾਂ ਹੀ ਉਸ ਨੂੰ ਨਹੀਂ ਵੇਖ ਰਹੀਆਂ ਕਿਉਂਕਿ ਸਾਡੇ ਨੇਤ੍ਰਾਂ ਵਿੱਚ ਮਾਇਆ ਦਾ ਗਾੜ੍ਹਾ ਜਾਲਾ ਆ ਚੁੱਕਾ ਹੈ। ਜਦੋਂ ਅਜਿਹੀ ਹਾਲਤ ਬਣ ਜਾਵੇ, ਫਿਰ ਤਾਂ ਜ਼ਰੂਰ ਹੀ ਸਾਨੂੰ ਜੋਗਾ ਸਿੰਘ ਵਾਂਗ ਗੁਰੂ ਜੋਗੇ ਬਣ ਜਾਣਾ ਚਾਹਿਦਾ ਹੈ।
Waheguru Ji Ka Khalsa Waheguru Ji Ki Fateh
– Bhull Chukk Baksh Deni Ji –