Saakhi – Kalgidhar Patshah Ate Sujaan Rai
ਕਲਗੀਧਰ ਪਾਤਸ਼ਾਹ ਅਤੇ ਸੁਜਾਨ ਰਾਇ
ਅਨੰਦਪੁਰ ਸਾਹਿਬ ਸਤਿਗੁਰੂ ਜੀ ਦੇ ਦਰਬਾਰ ਵਿੱਚ ਇੱਕ ਕਵੀ ਜਿਸ ਦਾ ਨਾਉ ਅੰਮ੍ਰਿਤ ਰਾਇ ਸੀ, ਜੋ ਬੜਾ ਗੁਣੀ ਵਿਦਵਾਨ ਤੇ ਸਤਿਗੁਰੂ ਜੀ ਦਾ ਸਿੱਖ ਬਣ, ਮਨ ਦੀ ਸ਼ਾਂਤੀ ਪ੍ਰਾਪਤ ਕਰ ਚੁੱਕਾ ਸੀ ਅਤੇ ਨਿੱਤ ਉੱਚ ਪਾਏ ਦੀਆਂ ਕਵਿਤਾਵਾਂ ਰੱਚ ਕੇ ਸਾਹਿਬਾਂ ਦੀ ਪ੍ਰਸੰਨਤਾ ਪ੍ਰਾਪਤ ਕਰਦਾ ਸੀ। ਅੰਮ੍ਰਿਤ ਰਾਇ ਦਾ ਇੱਕ ਮਿੱਤਰ ਲਾਹੌਰ ਵਿੱਚ ਰਹਿੰਦਾ ਸੀ। ਉਹ ਵੀ ਬੜਾ ਵਿਦਵਾਨ ਤੇ ਹਿਕਮਤ ਦਾ ਬਹੁਤ ਮਾਹਰ ਸੀ। ਕੁਦਰਤ ਨੇ ਉਸ ਦੇ ਹੱਥ ਵਿੱਚ ਬਹੁਤ ਸ਼ਫਾ ਪ੍ਰਦਾਨ ਕੀਤੀ ਸੀ। ਜਿਸ ਨੂੰ ਵੀ ਉਹ ਦਵਾਈ ਦਿੰਦਾ ਉਹ ਰਾਜ਼ੀ ਹੋ, ਉਸ ਦਾ ਜਸ ਕਰਦਾ।
ਤੀਹ ਸਾਲ ਦੀ ਉਸ ਦੀ ਉਮਰ ਸੀ। ਘਰ ਵਿੱਚ ਸਾਰਾ ਸੁੱਖ ਆਰਾਮ ਸੀ। ਮਾਇਆ ਦੀ ਕੋਈ ਕਮੀਂ ਨਹੀਂ ਸੀ। ਲੁਕਾਈ ਵਿੱਚ ਬੜਾ ਨਾਮਣਾ ਤੇ ਸਤਿਕਾਰ ਸੀ ਪਰ ਮਨ ਅਸ਼ਾਂਤ ਸੀ। ਕਈ ਸਾਧੂ ਮਹਾਤਮਾਂ-ਪੀਰਾਂ ਫਕੀਰਾਂ ਦੀ ਸੰਗਤ ਕੀਤੀ, ਤੀਰਥਾਂ ਤੇ ਵੀ ਗਿਆ ਪਰ ਮਨ ਦੀ ਨਾ ਅਸ਼ਾਂਤੀ ਦੂਰ ਹੋਈ ਤੇ ਨਾ ਹੀ ਭਟਕਣਾ ਖਤਮ ਹੋਈ। ਇਸ ਦਾ ਨਾਉਂ ਸੀ ਸੁਜਾਨ ਰਾਇ, ਜੋ ਲਾਹੌਰ ਸ਼ਹਿਰ ਦੇ ਰਹਿਣ ਵਾਲਾ ਸੀ। ਅੰਮ੍ਰਿਤ ਰਾਇ, ਸੁਜਾਨ ਰਾਇ ਦੀ ਆਤਿਮਕ ਭੁੱਖ ਨੂੰ ਜਾਣਦਾ ਸੀ।
ਅੰਮ੍ਰਿਤ ਰਾਇ ਨੇ ਸੁਜਾਨ ਰਾਇ ਨੂੰ ਸੰਦੇਸ਼ ਭੇਜਿਆ, ਮੇਰੇ ਵੀਰ! ਮੈਂ ਤੇਰੇ ਅੰਦਰ ਦੀ ਵੇਦਨ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਮੇਰੇ ਅੰਦਰ ਵੀ ਇੱਕ ਭੁੱਖ ਸੀ। ਜਿਸ ਨੂੰ ਨਾ ਵਿੱਦਿਆ ਤ੍ਰਿਪਤ ਕਰ ਸਕੀ, ਨਾ ਮਾਇਆ ਤੇ ਨਾ ਮਾਣ ਸਤਿਕਾਰ। ਤੂੰ ਮੇਰਾ ਜਿਗਰੀ ਮਿੱਤਰ ਹੈਂ, ਜੇ ਅੰਦਰਲੀ ਅਤ੍ਰਿਪਤੀ ਤੋਂ ਨਿਯਾਤ ਪ੍ਰਾਪਤ ਕਰਨਾ ਚਾਹੁੰਦਾ ਹੈਂ ਤਾਂ ਬਿਨਾਂ ਦੇਰੀ ਕੀਤੇ ਸਭ ਸ਼ੰਕਿਆਂ ਦਾ ਤਿਆਗ ਕਰ, ਸ੍ਰੀ ਅਨੰਦਪੁਰ ਸਾਹਿਬ ਆ ਜਾਹ। ਅਨੰਦਪੁਰ ਸਾਹਿਬ ਵਿਖੇ ਸਾਮਰਤਖ ਪ੍ਰਮਾਤਮਾਂ ਦਾ ਰੂਪ ਸ੍ਰੀ ਗੁਰੂ ਗੋਬਿੰਦ ਜੀ ਬਿਰਾਜ ਰਹੇ ਹਨ। ਛੇਤੀ ਆ ਤੇ ਦਰਸ਼ਨ ਕਰ, ਆਪਣੇ ਮਨ ਦੀ ਤ੍ਰਿਪਤੀ ਕਰ ਕੇ ਸੁਖੀ ਹੋ ਜਾਹ।
ਸੁਜਾਨ ਰਾਇ ਨੂੰ ਆਪਣੇ ਮਿਤ੍ਰ ਦਾ ਸੁਨੇਹਾ ਮਿਲਿਆ, ਮਨ ਨੂੰ ਕੁਝ ਢਰਾਸ ਪ੍ਰਾਪਤ ਹੋਈ। ਹੁਣ ਦਿਨ ਰਾਤ ਗੁਰੂ ਦਰਸ਼ਨਾਂ ਦੀ ਤਾਂਘ ਵਿੱਚ ਬਤੀਤ ਹੋਣ ਲੱਗਾ। ਅੰਦਰੋਂ ਐਸੀ ਖਿੱਚ ਬਣੇ ਕਿ ਉੱਡ ਕੇ ਪਹੁੰਚ ਜਾਂਵਾਂ ਪਰ ਸਿਰ ਪਈਆਂ ਜ਼ਿੰਮੇਵਾਰੀਆਂ ਨੂੰ ਸੰਕੋਚਦਿਆਂ ਸਮਾਂ ਲੱਗ ਜਾਣਾ ਸੀ। ਅਨੰਦਪੁਰ ਸਾਹਿਬ ਦੀ ਤਿਆਰੀ ਅਰੰਭ ਕਰ ਦਿੱਤੀ, ਸਾਰਾ ਕਾਰਜ ਸੰਕੋਚ ਕੇ ਅਤੇ ਘਰ ਦੀ ਜ਼ਿੰਮੇਵਾਰੀ ਘਰਵਾਲੀ ਨੂੰ ਸੌਂਪ ਸੁਜਾਨ ਰਾਇ ਲਾਹੌਰ ਤੋਂ ਆਤਿਮਕ ਤ੍ਰਿਪਤੀ ਦੀ ਲਾਲਸਾ ਅਧੀਨ ਸ੍ਰੀ ਅਨੰਦਪੁਰ ਸਾਹਿਬ ਨੂੰ ਤੁਰ ਪਿਆ। ਰਸਤੇ ਵਿੱਚ ਪੜਾਉ ਕਰਦਾ ਸੁਜਾਨ ਰਾਇ ਕਲਗੀਧਰ ਜੀ ਦੇ ਦਰਬਾਰ ਵਿੱਚ ਪੁੱਜਾ।
ਕੀਰਤਨ ਚੱਲ ਰਿਹਾ ਸੀ, ਸੰਗਤਾਂ ਸਤਿਗੁਰੂ ਜੀ ਦੇ ਚਰਨ ਪਰਸ ਕੇ ਜਨਮਾਂ ਜਨਮਾਂਤਰਾਂ ਦੇ ਖੋਟੇ ਕਰਮਾਂ ਤੋਂ ਨਿਯਾਤ ਪ੍ਰਾਪਤ ਕਰ, ਜੀਅ ਦਾਨ ਪ੍ਰਾਪਤ ਕਰ ਰਹੀਆਂ ਸਨ। ਸੁਜਾਨ ਰਾਇ ਨੇ ਵੀ ਸ੍ਰੀ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਸੁਜਾਨ ਰਾਇ ਦੇ ਅੰਦਰ ਗੁਰੂ ਦਰਸ਼ਨਾਂ ਤੇ ਗੁਰੂ ਚਰਨਾਂ ਦੀ ਛੂਹ ਨਾਲ ਕੋਈ ਅਗੰਮੀ ਖੇਡ ਵਰਤ ਗਈ ਤੇ ਉਹ ਦਰਸ਼ਨ ਸਿੱਕ ਪ੍ਰੋਤਾ ਮੱਥਾ ਟੇਕ ਕੰਧ ਨਾਲ ਜਾ ਖਲੋਤਾ ਤੇ ਇੱਕ ਟੱਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰੀ ਜਾ ਰਿਹਾ ਹੈ। ਦਰਸ਼ਨ ਕਰਕੇ ਸੁਜਾਨ ਸਿੰਘ ਦੇ ਮਨ ਦੀ ਤ੍ਰਿਪਤੀ ਨਹੀਂ ਹੁੰਦੀ। ਸਭ ਅੱਗਾ ਪਿੱਛਾ ਭੁੱਲ ਗਿਆ, ਸੰਗਤਾਂ ਸਤਿਗੁਰੂ ਜੀ ਪਾਸੋਂ ਅਸੀਸਾਂ ਪ੍ਰਾਪਤ ਕਰ ਘਰਾਂ ਨੂੰ ਪਰਤੀਆਂ।
ਕਲਗੀਧਰ ਜੀ ਨੇ ਸਿੱਖ ਨੂੰ ਭੇਜ ਕੇ ਭਾਈ ਸੁਜਾਨ ਰਾਇ ਨੂੰ ਕੋਲ ਸੱਦਿਆ, ਪੁੱਛਿਆ ਸਿੱਖਾ! ਕੰਧ ਨਾਲ ਪਿੱਠ ਲਾਈ ਖਲੋਤਾ ਕੀ ਕਰ ਰਿਹਾ ਹੈਂ? ਸੁਜਾਨ ਰਾਇ ਨੇ ਸਿਰ ਨਿਹੁੜਾ ਉੱਤਰ ਦਿੱਤਾ, ਆਪ ਜੀ ਦੇ ਪਾਵਨ ਦਰਸ਼ਨ ਕਰ ਰਿਹਾ ਹਾਂ ਤੇ ਦਰਸ਼ਨਾਂ ਨਾਲ ਤ੍ਰਿਪਤੀ ਨਹੀਂ ਹੁੰਦੀ। ਕੰਧ ਨਾਲ ਇਸ ਕਰਕੇ ਖੜਾ ਹਾਂ ਕਿ ਮਤਾ ਆਪ ਦੇ ਸਨਮੁਖ ਖੜੇ ਹੋਣ ਨਾਲ ਕਿਸੇ ਹੋਰ ਸਿੱਖ ਤੇ ਆਪ ਜੀ ਦੇ ਵਿਚਕਾਰ ਮੈਂ ਰੁਕਾਵਟ ਬਣਾਂ।
ਸਤਿਗੁਰੂ ਜੀ ਮੁਸਕ੍ਰਾਏ ਤੇ ਸੁਜਾਨ ਰਾਇ ਨੂੰ ਕਹਿਣ ਲੱਗੇ, ਸਿੱਖਾ! ਇਹ ਦਰਸ਼ਨ ਸਾਡੇ ਅਧੂਰੇ ਦਰਸ਼ਨ ਹਨ। ਜਦੋਂ ਅਸੀਂ ਮਹਿਲਾਂ ਵਿੱਚ ਚਲੇ ਗਏ, ਇਹ ਦਰਸ਼ਨ ਅਲੋਪ ਹੋ ਜਾਣੇ ਹਨ। ਮੇਰਾ ਅਸਲੀ ਸਰੂਪ, ਗੁਰੂ ਸ਼ਬਦ ਤੇ ਸੰਗਤ ਹੈ। ਜੇ ਮੇਰੇ ਅਸਲੀ ਤੇ ਸਦੀਵੀਂ ਦਰਸ਼ਨ ਕਰਨੇ ਲੋਚਦਾ ਹੈਂ ਤਾਂ ਜੁੜ ਸ਼ਬਦ ਨਾਲ ਤੇ ਕਰ ਸੰਗਤ ਦੀ ਸੇਵਾ, ਸਾਰਿਆਂ ਨੂੰ ਮੇਰਾ ਰੂਪ ਜਾਣ ਉਨ੍ਹਾਂ ਦੀ ਦਾਰੀ ਕਰ, ਮੇਰੇ ਅਸਲੀ ਦਰਸ਼ਨ ਤੈਨੂੰ ਪ੍ਰਾਪਤ ਹੋ ਜਾਣਗੇ।
ਸੁਜਾਨ ਰਾਇ ਨੇ ਬੇਨਤੀ ਕੀਤੀ, ਪਾਤਸ਼ਾਹ! ਕਿੱਥੇ ਜਾਵਾਂ? ਸਤਿਗੁਰੂ ਕਲਗੀਧਰ ਜੀ ਕਹਿਣ ਲੱਗੇ, ਜਾਹ ਕੀਰਤਪੁਰ ਚਲੇ ਜਾਹ। ਉੱਥੇ ਬੈਠ ਸੇਵ ਕਮਾ, ਮੈਂ ਆਪੇ ਤੇਰੇ ਪਾਸ ਆਵਾਂਗਾ। ਭਾਈ ਸੁਜਾਨ ਰਾਇ ਜੀ ਨੇ ਕਲਗੀਧਰ ਜੀ ਦੇ ਚਰਨਾਂ ਤੇ ਸੀਸ ਨਿਵਾਇਆ, ਦਰਸ਼ਨ ਦੀਦਾਰ ਕਰ, ਅਸੀਸ ਪ੍ਰਾਪਤ ਕਰ, ਕੀਰਤਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਕੀਰਤਪੁਰ ਸਾਹਿਬ ਤੋਂ ਬਾਹਰ ਨਿਵੇਕਲਾ ਥਾਂ ਵੇਖ ਝੌਂਪੜੀ ਪਾ ਲਈ। ਆਪ ਜੀ ਅੰਮ੍ਰਿਤ ਵੇਲੇ ਉੱਠ “ਕਰ ਇਸ਼ਨਾਨ ਸਿਮਰ ਪ੍ਰਭ ਆਪਨਾ” ਦੀ ਕਾਰ ਕਰਨ ਜੁੱਟ ਜਾਂਦੇ, ਬਾਕੀ ਸਾਰਾ ਦਿਨ ਆਏ ਗਏ ਲੋੜਵੰਦਾਂ ਦੀ ਲੋੜ ਅਨੁਸਾਰ ਜਲ-ਪਾਣੀ ਨਾਲ ਸੇਵਾ ਕਰਦੇ।
ਤਨ ਦੇ ਰੋਗੀਆਂ ਨੂੰ ਦੁਆ-ਦਾਰੂ ਦੇ ਕੇ ਉਨ੍ਹਾਂ ਦਾ ਦੁੱਖ ਦੂਰ ਕਰ ਲੋਕਾਈ ਦੀਆਂ ਅਸੀਸਾਂ ਪ੍ਰਾਪਤ ਕਰਦੇ। ਦੂਰ ਦੁਰਾਡੇ ਪਿੰਡਾਂ ਵਿੱਚ ਕਿਸੇ ਰੋਗੀ ਦਾ ਪਤਾ ਲਗਦਾ ਜਾਂ ਕੋਈ ਆ ਪੁਕਾਰ ਕਰਦਾ, ਉਸ ਨਾਲ ਚੱਲ ਕੇ ਜਾਂਦੇ ਤੇ ਆਪਣੇ ਹਿੱਕਮਤ ਦੇ ਗੁਣ ਨਾਲ ਉਸ ਦੀ ਦਾਰੀ ਕਰ ਗੁਰ ਅਸੀਸਾਂ ਪ੍ਰਾਪਤ ਕਰਦੇ। ਇਹ ਸਾਰਾ ਕਾਰਜ ਬਿਨਾਂ ਕੁਝ ਪੈਸਾ ਲਏ ਬੜੀ ਚਾਈਂ ਚਾਈਂ ਗੁਰੂ ਹੁਕਮ ਜਾਣ ਕਰਦੇ। ਜੋ ਆਤਮਿਕ ਰੋਗੀ ਹੁੰਦਾ, ਉਸ ਨੂੰ:- ਸਰਬ ਰੋਗ ਕਾ ਅਉਖਦੁ ਨਾਮੁ ॥ ਕਲਿਆਣ ਰੂਪ ਮੰਗਲ ਗੁਣ ਗਾਮ ॥ ਗਉੜੀ ਸੁਖਮਨੀ ਮ: ੫, ਅੰਗ: ੨੭੪ ਦਾ ਪੱਲਾ ਪਕੜਾ, ਉਸ ਦੀ ਆਤਮਾਂ ਦਾ ਰੋਗ ਦੂਰ ਕਰਦੇ। ਥੋੜ੍ਹੇ ਸਮੇਂ ਵਿੱਚ ਹੀ ਆਪ ਜੀ ਦੀ ਪਰਉਪਕਾਰੀ ਸੋਅ-ਸੋਭਾ ਸਾਰੇ ਇਲਾਕੇ ਵਿੱਚ ਫੈਲ ਗਈ। ਸੰਗਤਾਂ ਰਾਹੀਂ ਕਲਗੀਧਰ ਜੀ ਦੇ ਕੰਨਾਂ ਵਿੱਚ ਵੀ ਸੁਜਾਨ ਰਾਇ ਜੀ ਦੀ ਪਰਉਪਕਾਰੀ ਸੋਭਾ ਸਮੇਂ ਸਮੇਂ ਪੈਂਦੀ ਰਹਿੰਦੀ। ਸਤਿਗੁਰੂ ਜੀ ਉਸ ਦੀ ਸੋਭਾ ਸੁਣ ਮੁਸਕਰੋਉਂਦੇ ਤੇ ਖੁਸ਼ੀ ਪਗ੍ਰਟ ਕਰਦੇ।
ਭਾਈ ਸੁਜਾਨ ਰਾਇ ਜੀ ਦੇ ਕੰਨਾਂ ਵਿੱਚ ਜੋ ਸਤਿਗੁਰੂ ਜੀ ਨੇ ਬਚਨ ਕਹੇ ਸਨ ਕਿ “ਸੰਗਤ ਵਿਖੇ ਗੁਰੂ ਹੈ ਰਹਿੰਦਾ”, ਇਹ ਸ਼ੁਭ-ਵਾਕ ਗੁਰਾਂ ਦੇ ਉਸਦੇ ਕੰਨਾਂ ਵਿੱਚ ਗੂੰਜਦੇ ਉਸ ਗੁਰਮੁਖ ਤੋਂ ਪੰਜ ਵਰ੍ਹੇ ਸੰਗਤ ਦੀ ਸੇਵ ਕਰਵਾਉਂਦੇ ਰਹੇ ਅਤੇ ਪੰਜ ਵਰ੍ਹੇ ਗਾਖੜੀ ਕਾਰ ਕਰਨ ਉਪ੍ਰੰਤ ਛੇਵਾਂ ਵਰ੍ਹਾ ਵੀ ਲੰਘਣ ਵਾਲਾ ਸੀ। ਸੇਵ ਕਮਾਉਂਦਿਆਂ ਮਨ ਨਿਰਮਲ-ਪਵਿੱਤ੍ਰ ਹੋ ਚੁੱਕਾ ਸੀ। ਸਤਿਗੁਰੂ ਜੀ ਦੇ ਦਰਸ਼ਨਾਂ ਦੀ ਸਿੱਕ ਦਿਨੋਦਿਨ ਵਧਦੀ, ਵੈਰਾਗ ਬਣ ਅੱਖਾਂ ਰਾਹੀਂ ਹੰਝੂਆਂ ਦੇ ਰੂਪ ਵਿੱਚ ਵਹਿੰਦੀ ਰਹਿੰਦੀ। ਭਾਈ ਸੁਜਾਨ ਰਾਇ ਦਿਨ ਰਾਤ:- ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ ॥ ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ ॥੧॥ ਮ: ੫, ਅੰਗ: ੧੦੯੪ ਦੀ ਵੈਰਾਗੀ ਅਵਸਥਾ ਵਿੱਚ ਰਹਿੰਦੇ। ਧਿਆਨ ਲੀਨ ਹਣੋ ਸਮੇਂ ਇੱਕ ਚੰਦਨ ਦੀ ਚੋੰਕੀ ਉੱਪਰ ਸੁੰਦਰ ਗਲੀਚਾ ਵਿਛਾ ਸਾਹਮਣੇ ਰੱਖ ਲੈਂਦੇ ਤੇ ਸਤਿਗੁਰੂ ਕਲਗੀਧਰ ਜੀ ਨੂੰ ਸਨਮੁੱਖ ਪ੍ਰਤੀਤ ਕਰਦੇ।
ਭਰ ਸਰਦੀ ਦੀ ਅੱਧੀ ਰਾਤ ਗੁਰਦੇਵ ਕਲਗੀਧਰ ਜੀ ਘੋੜੇ ਤੇ ਸਵਾਰ ਹੋ ਅਨੰਦਪੁਰ ਸਾਹਿਬ ਤੋਂ ਧਿਆਨ ਵਿੱਚ ਲੀਨ ਭਾਈ ਸੁਜਾਨ ਰਾਇ ਦੀ ਝੌਂਪੜੀ ਅੱਗੇ ਆ ਪੁੱਜੇ। ਘੋੜਾ ਬਾਹਰ ਬੰਨ੍ਹ ਸਤਿਗੁਰੂ ਜੀ ਨੇ ਭਾਈ ਸੁਜਾਨ ਰਾਇ ਦੀ ਝੌਂਪੜੀ ਦਾ ਦਰਵਾਜਾ ਖੋਹਲਿਆ, ਪਰ ਸੁਜਾਨ ਰਾਇ ਗੁਰੂ ਧਿਆਨ ਮੂਰਤ ਵਿੱਚ ਮਗਨ ਸਮਾਧੀ ਲੀਨ ਸੀ। ਸਤਿਗੁਰੂ ਜੀ ਸਾਹਮਣੇ ਪਈ ਚੰਦਨ ਦੀ ਚੌਂਕੀ ਤੇ ਬਿਰਾਜ ਗਏ।
ਥੋੜ੍ਹਾ ਸਮਾਂ ਬੀਤਣ ਤੋਂ ਪਿੱਛੋਂ ਸਤਿਗੁਰੂ ਜੀ ਨੇ ਸੁਜਾਨ ਰਾਇ ਦੇ ਅੰਦਰ ਜੋ ਗੁਰੂ ਮੂਰਤ ਬਣੀ ਹੋਈ ਸੀ, ਉਸ ਨੂੰ ਖਿੱਚ ਲਿਆ। ਸੁਜਾਨ ਰਾਇ ਤ੍ਰਬਕਿਆ, ਅੱਖਾਂ ਖੁਲੀਆਂ, ਸਾਮਰਤੱਖ ਸਤਿਗੁਰਾਂ ਦੇ ਦਰਸ਼ਨ ਕਰ, ਗੁਰੂ ਚਰਨਾਂ ਨਾਲ ਲਿਪਟ ਗਿਆ। ਇੱਕ ਘੜੀ ਤੱਕ ਸਿੱਖ ਗੁਰੂ ਤੇ ਗੁਰੂ ਸਿੱਖ ਓਤਪੋਤ ਰਹੇ। ਇੰਨੇਂ ਸਮੇਂ ਵਿੱਚ ਭਾਈ ਸੁਜਾਨ ਰਾਇ ਨੂੰ ਬਾਹਰੋਂ ਇੱਕ ਵਿਆਕੁਲ ਕੂਕ ਵਿੱਚ ਸੱਦ ਸੁਣਾਈ ਦਿੱਤੀ। ਬਾਹਰ ਇਕ ਦੁਖਿਆ ਰੋਗੀ ਦਵਾ ਦਾਰੂ ਕਰਨ ਦੀ ਦੁਹਾਈ ਦੇ ਰਿਹਾ ਸੀ। ਭਾਈ ਵੀਰ ਸਿੰਘ ਜੀ ਦੇ ਸ਼ਬਦਾਂ ਵਿੱਚ:-
ਇੰਨੇ ਤਕ ਇਕ ਸਦ ਵਿਆਕੁਲ ਕੂਕ ਕਰੇਂਦੀ ਆਈ।
ਦਿਆਂ ਦੁਹਾਈ ਵੈਦ ਰਾਜ ਜੀ ਮੇਰੀ ਕਰੋ ਦੁਆਈ।
ਤ੍ਰਬਕੀ ਸੂਰਤ ਸਿੱਖ ਦੀ ਸੁਣਕੇ ਬ੍ਹਾਰਮੁਖੀ ਹੁਣ ਹੋਈ।
ਸਮਝ ਪਈ ਦਿਲ ਦੁਬਿਧਾ ਆਇਆ ਸੁਰਤੀ ਸੋਚ ਪਰੋਈ।
ਉਧਰ ਹੈ ਕੋਈ ਦੁਖੀਆ ਆਇਆ ਉਚੀ ਹੈ ਜੋ ਰੋਇਆ।
ਇਧਰ ਸਤਿਗੁਰ ਦਰਸ਼ਨ ਦਿੱਤੇ ਧਯਾਨ ਸਿਧ ਹੈ ਹੋਇਆ।
ਸਿੱਕ ਸਿੱਕਦਿਆਂ ਇਹ ਛਿੰਨ ਲੱਧੀ ਜਾਵਾਂ ਬੇਮੁਖਤਾਈ।
ਜੇ ਨਾ ਜਾਵਾਂ ਹੁਕਮ ਅਦੂਲੀ ਤਾਂ ਵੀ ਬੇਮੁਖਤਾਈ।
ਆਦਰ ਦਿਆਂ ਕਿ ਹੁਕਮ ਮਨਾਵਾਂ? ਪਹਿਲੋਂ ਹੁਕਮ ਮਨਾਵਾਂ।
ਫਿਰ ਆ ਚਰਨੀਂ ਪਿਯਾਰੇ ਰੋ ਰੋ ਭੁੱਲ ਬਖਸ਼ਾਵਾਂ।
ਦੁਬਿਧਾ ਨੂੰ ਇੱਕ ਪਾਸੇ ਕਰਕੇ ਭਾਈ ਸੁਜਾਨ ਰਾਇ ਨੇ ਦੁਖੀ-ਦਰਦੀ ਦੇ ਨਾਲ ਜਾ ਕੇ ਹੁਕਮ ਮੰਨਣ ਦੀ ਕਾਰ ਨੂੰ ਪਹਿਲ ਦਿੱਤੀ ਤੇ ਸਤਿਗੁਰੂ ਜੀ ਨੂੰ ਸੀਸ ਨਿਵਾ ਕੇ ਅਛੋਪਲੇ ਦੁਖੀਏ ਲੋੜਵੰਦ ਨਾਲ ਤੁਰ ਗਿਆ। ਸਤਿਗੁਰੂ ਜੀ ਉਸੇ ਧਿਆਨ ਮਗਨ ਬਿਰਤੀ ਵਿੱਚ ਚੌਂਕੀ ਉੱਪਰ ਹੀ ਬਿਰਾਜੇ ਰਹੇ। ਭਾਈ ਸੁਜਾਨ ਰਾਇ ਨੇ ਰੋਗੀ ਦੀ ਦਾਰੀ ਕਰ, ਦੁਖੀ ਨੂੰ ਸੁਖੀ ਕਰ, ਅਸੀਸਾਂ ਪ੍ਰਾਪਤ ਕਰ, ਮੁੜ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਰੋ ਰੋ ਕੇ ਮੁਆਫੀ ਮੰਗੀ, ਸਤਿਗੁਰੂ! ਸਿੱਕਾਂ ਸਿੱਕਦਿਆਂ ਵਰ੍ਹਿਆਂ ਬਾਅਦ ਆਪ ਦੇ ਦਰਸ਼ਨ ਹੋਏ, ਮੈਂ ਗੁਸਤਾਖ਼ ਨੇ ਗੁਸਤਾਖ਼ੀ ਕੀਤੀ, ਆਪ ਜੀ ਨੂੰ ਛੱਡ ਕੇ ਬਾਹਰ ਚਲਾ ਗਿਆ।
ਸਤਿਗੁਰੂ ਜੀ ਪ੍ਰਸੰਨਤਾ ਦੇ ਘਰ ਆਏ, ਸੁਜਾਨ ਰਾਇ ਨੂੰ ਘੁੱਟ ਛਾਤੀ ਨਾਲ ਲਾਇਆ ਤੇ ਬਚਨ ਕੀਤਾ ਸੁਜਾਨ ਰਾਇ! ਤੇਰੀ ਘਾਲ ਥਾਂਇ ਪਈ। ਤੂੰ ਦੁਖੀ ਲੋੜਵੰਦ ਨਾਲ ਨਹੀਂ ਗਿਆਂ, ਤੂੰ ਮੇਰੇ ਨਾਲ ਗਿਆਂ। ਤੂੰ ਬਿਮਾਰ ਦੀ ਦਾਰੀ ਨਹੀਂ ਕੀਤੀ ਤੂੰ ਮੇਰੀ ਦਾਰੀ ਕੀਤੀ ਹੈ। ਤੂੰ ਰੋਗੀ ਦੀ ਪ੍ਰਸੰਨਤਾ ਪ੍ਰਾਪਤ ਨਹੀਂ ਕੀਤੀ ਸਗੋਂ ਮੇਰੀ ਪ੍ਰਸੰਨਤਾ ਦਾ ਪਾਤਰ ਬਣਿਆ ਹੈਂ। ਹੁਣ ਤੈਨੂੰ ਮੇਰੇ ਸੰਪੂਰਣ ਰੂਪ ਦੇ ਦਰਸ਼ਨ ਨਸੀਬ ਹੋ ਗਏ ਹਨ।
ਸਤਿਗੁਰੂ ਜੀ ਨੇ ਆਪਣਾ ਕੋਮਲ ਹੱਥ ਸੁਜਾਨ ਰਾਇ ਦੇ ਸਿਰ ਉੱਪਰ ਫੇਰਦਿਆਂ ਜੋ ਬਚਨ ਕੀਤਾ, ਉਸ ਸਮੇਂ ਨੂੰ ਭਾਈ ਵੀਰ ਸਿੰਘ ਜੀ ਨੇ ਹੇਠ ਲਿਖੀ ਕਵਿਤਾ ਵਿੱਚ ਰੂਪਮਾਨ ਕੀਤਾ ਹੈ:-
ਸਿਰ ਤੇ ਕੋਮਲ ਹਥ ਫੇਰਿਆ ਚੱਕ ਗਲੇ ਸਿੱਖ ਲਾਇਆ।
ਘਾਲ ਪਈ ਅੱਜ ਥਾਉਂ ਤੁਹਾਡੀ, ਇਹ ਵਰ ਮੁਖੋਂ ਅਲਾਇਆ।
ਬਚਨ ਕਮਾਵੈ ਜਿਹੜਾ ਕੋਈ, ਉਹ ਮੈਨੂੰ ਹੈ ਪਿਆਰਾ।
ਸਿੱਖ ਉਹੋ ਸਤਸੰਗੀ ਉਹੋ ਮੇਰਾ ਪੁੱਤ ਦੁਲਾਰਾ।
ਲੈ ਗਏ ਉਸ ਨੂੰ ਨਾਲ ਗੁਰੂ ਜੀ ਸੰਗਤ ਵਿੱਚ ਰਲਾਇਆ।
ਨਾਮ ਸੁਜਾਨ ਸਿੰਘ ਉਸ ਨੂੰ ਬਖਸ਼ਿਆ ਟੱਬਰ ਫੇਰ ਬੁਲਾਇਆ।
ਸਤਿਗੁਰੂ ਜੀ ਸੁਜਾਨ ਰਾਇ ਦੀ ਕੁਟੀਆ ਚੋਂ ਬਾਹਰ ਆਏ। ਸੰਗਤਾਂ ਨੇ ਬਾਹਰ ਦੀਵਾਨ ਸਜਾਇਆ ਹੋਇਆ ਸੀ। ਲੰਗਰ ਦੇ ਭੰਡਾਰੇ ਵਰਤ ਰਹੇ ਸਨ। ਸੰਗਤਾਂ ਨੇ ਸ੍ਰੀ ਗੁਰੂ ਜੀ ਲਈ ਜੋ ਸਿੰਘਾਸਣ ਤਿਆਰ ਕੀਤਾ ਸੀ, ਕਲਗੀਧਰ ਜੀ ਉਸ ਉੱਪਰ ਬਿਰਾਜਮਾਨ ਹੋਏ। ਸੰਗਤਾਂ ਦਰਸ਼ਨ ਕਰ ਨਿਹਾਲ ਹੋਈਆਂ। ਸਤਿਗੁਰੂ ਜੀ ਸੰਗਤ ਸਮੇਤ ਭਾਈ ਸੁਜਾਨ ਰਾਇ ਜੀ ਨੂੰ ਅਨੰਦਪੁਰ ਸਾਹਿਬ ਨਾਲ ਲੈ ਗਏ। ਸੁਜਾਨ ਰਾਇ ਦਾ ਪਰਿਵਾਰ ਲਾਹੌਰ ਤੋਂ ਮੰਗਵਾਇਆ। ਸਾਰਿਆਂ ਨੂੰ ਸਾਹਿਬਾਂ ਅੰਮ੍ਰਿਤ ਛਕਾ ਕੇ ਸਮੇਤ ਭਾਈ ਸੁਜਾਨ ਰਾਇ ਦੇ “ਸਭੁ ਪਰਿਵਾਰੁ ਚੜਾਇਆ ਬੇੜੇ॥” ਅਤੇ ਭਾਈ ਸੁਜਾਨ ਰਾਇ ਨੂੰ ਸੁਜਾਨ ਸਿੰਘ ਨਾਂਉ ਪਦ੍ਰਾਨ ਕਰ ਸਤਿਗੁਰੂ ਜੀ ਨੇ ਅਸੀਸਾਂ ਦਿੱਤੀਆਂ ਤੇ ਬਚਨ ਕੀਤਾ ਸੁਜਾਨ ਸਿੰਘ! ਤੂੰ ਗੁਰੂ ਬਚਨਾਂ ਤੇ ਗੁਰੂ ਦੀ ਬਾਣੀ ਦੀ ਕਮਾਈ ਕਰਕੇ ਬਾਬਾ ਸ਼ੇਖ ਫਰੀਦ ਜੀ ਤੇ ਬਾਬਾ ਕਬੀਰ ਜੀ ਦੇ ਬਚਨਾਂ ਨੂੰ ਸਫਲ ਕੀਤਾ ਹੈ। ਬਾਬਾ ਫਰੀਦ ਜੀ ਫੁਰਮਾਨ ਕਰਦੇ ਹਨ ਕਿ ਪਰਮਾਤਮਾ ਦੇ ਰਹਿਣ ਦਾ ਨਿਵਾਸ ਅਸਥਾਨ ਸੰਸਾਰ ਹੈ ਤੇ ਸੰਸਾਰ ਪਰਮਾਤਮਾ ਦੇ ਵਿਰਾਟ ਰੂਪ ਵਿੱਚ ਸਮੋਇਆ ਹੋਇਆ ਹੈ। ਇਸ ਲਈ ਸਭ ਆਪਣੇ ਹਨ, ਕਿਸੇ ਨੂੰ ਬੁਰਾ ਨਾ ਕਹੋ ਤੇ ਨਾ ਕਿਸੇ ਦਾ ਬੁਰਾ ਕਰੋ। ਆਪ ਜੀ ਦਾ ਬਚਨ ਹੈ:-
ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥
ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥੭੫॥
– ਸਲੋਕ ਫਰੀਦ ਜੀ, ਮ:੫, ਅੰਗ: ੧੩੮੧
ਲੋਗਾ ਭਰਮਿ ਨ ਭੂਲਹੁ ਭਾਈ ॥
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ॥੧॥ਰਹਾਉ॥
– ਪ੍ਰਭਾਤੀ ਕਬੀਰ ਜੀ, ਅੰਗ: ੧੩੫੦
ਸੁਜਾਨ ਸਿੰਘ! ਪੜ੍ਹਦੇ ਤਾਂ ਸਾਰੇ ਹਨ:- ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ ਸੋਰਠਿ ਮ: ੫, ਅੰਗ: ੬੧੧ ਪਰ ਗੁਰੂ ਬਚਨਾਂ ਦੀ ਕਮਾਈ ਕੋਈ ਤੇਰੇ ਵਰਗਾ ਵਿਰਲਾ ਹੀ ਕਰਦਾ ਹੈ। ਗੁਰੂ ਦੇ ਬਚਨ ਹੀ ਅਸਲੀ ਗੁਰੂ ਹਨ:- ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿ ਜਨਾਵੈਗੋ ॥੫॥ ਕਾਨੜਾ ਮ: ੪, ਅੰਗ: ੧੩੦੯ ਸੁਜਾਨ ਸਿੰਘ! ਤੂੰ ਗੁਰੂ ਦੇ ਬਚਨਾਂ ਨੂੰ ਗੁਰੂ ਜਾਣ ਕੇ ਮੰਨਿਆ ਹੈ, ਤੂੰ ਪਾਰਗਰਾਮੀ ਹੋਇਆਂ।
ਸਿੱਖਿਆ- ਆਉ ਆਪਾਂ ਵੀ ਭਾਈ ਸੁਜਾਨ ਸਿੰਘ ਜੀ ਵਰਗੇ ਹੁਕਮੀਂ ਗੁਰਸਿੱਖਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਮਨੁੱਖਾ ਜੀਵਨ ਸਫਲ ਕਰਨ ਲਈ “ਸਭ ਮਹਿ ਜੋਤਿ ਜੋਤਿ ਹੈ ਸੋਇ” ਦਾ ਗੁਰੂ-ਹੁਕਮ, ਮਨ-ਬਚ-ਕਰਮ ਕਰਕੇ ਹਿਰਦੇ ਵਸਾ, ਉਸ ਉੱਪਰ ਅਮਲੀ ਰੂਪ ਨਾਲ ਪਹਿਰਾ ਦੇ ਕੇ ਖਲਕਤ ਦੀ ਟਹਿਲ ਵਿੱਚ ਤੱਤਪਰ ਹੋਈਏ ਤਾਂ ਜੋ ਅਸੀਂ ਵੀ ਗੁਰੂ ਅਸੀਸ ਨਾਲ ਅਨੰਦਤ ਹੋ ਜਾਈਏ।
Waheguru Ji Ka Khalsa Waheguru Ji Ki Fateh
– Bhull Chukk Baksh Deni Ji –
Very Nice