Saakhi – Satguru Kalgidhar Ate Gursikh
ਸਤਿਗੁਰੂ ਕਲਗੀਧਰ ਅਤੇ ਗੁਰਸਿੱਖ
ਸਤਿਗੁਰੂ ਜੀ ਦੀਵਾਨ ਦੀ ਸਮਾਪਤੀ ਉਪਰੰਤ ਆਪਣੇ ਨਿਜ ਅਸਥਾਨ ਲਈ ਜਾ ਰਹੇ ਸਨ ਕਿ ਥੋੜ੍ਹੀ ਦੂਰ ਇੱਕ ਗੁਰਸਿੱਖ ਬੜੇ ਪ੍ਰੇਮ ਨਾਲ ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਦਖਣੀ ਓਅੰਕਾਰ ਪੜ੍ਹ ਰਿਹਾ ਸੀ। ਜਦੋਂ ਸਤਿਗੁਰੂ ਜੀ ਗੁਰਸਿੱਖ ਦੇ ਕੋਲ ਦੀ ਲੰਘ ਰਹੇ ਸਨ ਤਦ ਗੁਰਸਿੱਖ “ਕਰਤੇ ਕੀ ਮਿਤਿ ਕਰਤਾ ਜਾਣੈ ਕੇ ਜਾਣੈ ਗੁਰੁ ਸੂਰਾ” ਪੰਕਤੀ ਪੜ੍ਹ ਰਿਹਾ ਸੀ। ਸਤਿਗੁਰੂ ਜੀ ਖਲੋ ਗਏ ਤੇ ਇੱਕ ਗੁਰਸਿੱਖ ਨੂੰ ਹੁਕਮ ਕੀਤਾ ਕਿ ਇਸ ਪਾਸੋਂ ਪੰਜ ਗ੍ਰੰਥੀ ਲੈ ਲਵੋ ਤੇ ਇਸ ਦੇ ਇੱਕ ਚਪੇੜ ਮਾਰੋ।
ਸਿੱਖ ਨੇ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਬਾਣੀ ਪੜ੍ਹ ਰਹੇ ਗੁਰਸਿੱਖ ਦੇ ਚਪੇੜ ਮਾਰੀ। ਬਾਣੀ ਪੜ੍ਹਨ ਵਾਲਾ ਗੁਰਸਿੱਖ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਗੁਰਬਾਣੀ ਪੜ੍ਹ ਰਿਹਾ ਸਾਂ। ਸਤਿਗੁਰੂ ਜੀ ਨੇ ਮੇਰੇ ਚਪੇੜ ਕਿਉਂ ਮਰਵਾਈ? ਗੁਰਸਿੱਖ ਨੇ ਉੱਠ ਕੇ ਹੱਥ ਜੋੜ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੜੀ ਆਜ਼ਜ਼ੀ ਨਾਲ ਬੇਨਤੀ ਕੀਤੀ ਪਾਤਸ਼ਾਹ! ਮੈਂ ਭੁੱਲਣਹਾਰ ਹਾਂ ਮੈਨੂੰ ਆਪਣੀ ਗਲਤੀ ਦਾ ਪਤਾ ਨਹੀਂ ਲੱਗਾ ਮੈਂ ਤਾਂ ਜਮਾਂ ਦੀ ਮਾਰ ਤੋਂ ਬਚਣ ਵਾਸਤੇ ਗੁਰਬਾਣੀ ਪੜ੍ਹ ਰਿਹਾ ਹਾਂ ਜੇ ਇੱਥੇ ਬਾਣੀ ਪੜ੍ਹਨ ਨਾਲ ਚਪੇੜਾਂ ਪੈਣੀਆਂ ਹਨ ਤਾਂ ਫਿਰ ਦਰਗਾਹ ਵਿੱਚ ਗੁਰਬਾਣੀ ਜਮਾਂ ਦੀ ਮਾਰ ਤੋਂ ਕਿਵੇਂ ਬਚਾਵੇਗੀ?
ਸਤਿਗੁਰੂ ਕਲਗੀਧਰ ਜੀ ਬੈਠ ਗਏ ਤੇ ਗੁਰਸਿੱਖ ਨੂੰ ਸਮਝਾਇਆ ਗੁਰੂ ਪਿਆਰਿਆ! “ਬਾਣੀ ਗੁਰੂ ਗੁਰੂ ਹੈ ਬਾਣੀ”, ਗੁਰਬਾਣੀ ਗੁਰੂ ਦਾ ਸਰੀਰ ਹੈ। ਏਸ ਨੂੰ ਖੰਡਤ ਪੜ੍ਹਨਾ ਜਾਂ ਲਗ ਕੰਨਾਂ ਤੋੜ ਕੇ ਪੜ੍ਹਨ ਨਾਲ ਗੁਰੂ ਦੇ ਅੰਗ, ਭੰਗ ਹੁੰਦੇ ਹਨ। ਦੂਸਰੇ, ਜੋ ਗੁਰਬਾਣੀ ਵਿੱਚ ਸਤਿਗੁਰਾਂ ਸਿਧਾਂਤ ਪ੍ਰਦਾਨ ਕੀਤਾ ਹੈ ਉਨ੍ਹਾਂ ਸਿਧਾਂਤਾਂ ਦੇ, ਅਰਥਾਂ ਦੇ, ਅਨਰਥ ਹੋ ਜਾਂਦੇ ਹਨ। ਤੂੰ ਮੁੜ ਉਹੋ ਪੰਕਤੀਆਂ ਦੁਬਾਰਾ ਪੜ੍ਹ। ਗੁਰਸਿੱਖ ਨੇ ਮੁੜ ਉਹੋ ਪੰਕਤੀਆਂ “ਕਰਤੇ ਕੀ ਮਿਤਿ ਕਰਤਾ ਜਾਣੈ ਕੇ ਜਾਣੈ ਗੁਰੁ ਸੂਰਾ” ਪੜ੍ਹੀਆਂ। ਸਤਿਗੁਰੂ ਜੀ ਕਹਿਣ ਲੱਗੇ ਗੁਰਸਿੱਖਾ! ਇਸੇ ਕਰਕੇ ਤੈਨੂੰ ਚਪੇੜ ਮਰਵਾਈ ਹੈ। ਅਸਲੀ ਪੰਕਤੀ ਹੈ:- ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ॥ ਮ:੧, ਅੰਗ: ੯੩੦
ਤੂੰ “ਕੈ” ਦੇ ਥਾਂ “ਕੇ” ਪੜ੍ਹਦਾ ਹੈਂ, ਦੁਲਾਵਾਂ ਦੇ ਥਾਂ ਇੱਕ ਲਾਵ ਪੜ੍ਹਨ ਨਾਲ ਸਾਰੀ ਪੰਗਤੀ ਦਾ ਅਰਥ ਹੀ ਬਦਲ ਜਾਦਾ ਹੈ। “ਕੈ” ਪੜ੍ਹਨ ਨਾਲ ਅਰਥ ਬਣਦਾ ਹੈ, ‘ਕਰਤਾਰ ਦੀ ਵਡਿਆਈ ਕਰਤਾਰ ਆਪ ਹੀ ਜਾਣਦਾ ਹੈ, ਜਾਂ ਕਰਤਾਰ ਦੀ ਵਡਿਆਈ ਸੂਰਬੀਰ ਸਤਿਗੁਰੂ ਜਾਣਦਾ ਹੈ’। “ਕੇ” ਪੜ੍ਹਨ ਨਾਲ ਅਰਥ ਬਣ ਜਾਂਦਾ ਹੈ ਕਿ ਕਰਤਾਰ ਦੀ ਵਡਿਆਈ ਕਰਤਾਰ ਆਪ ਹੀ ਜਾਣਦਾ ਹੈ, ਗੁਰੂ ਸੂਰਮਾ ਨਹੀਂ ਜਾਣਦਾ। ਸੋ “ਕੇ” ਇੱਕ ਲਾਵ ਪੜ੍ਹਣ ਨਾਲ ਪੰਕਤੀ ਦੇ ਅਰਥ ਬਿਲਕੁਲ ਹੀ ਉਲਟ ਹੋ ਗਏ। ਗੁਰੂ ਤੇ ਪ੍ਰਮੇਸ਼ਰ ਵਿੱਚ ਫਰਕ ਨਹੀਂ ਹੈ।
ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਗੌਂਡ ਰਾਗ ਅੰਦਰ ਬਚਨ ਵੀ ਹੈ ਐ ਗੁਰਸਿੱਖ! ਗੁਰੂ ਤੇ ਪ੍ਰਮੇਸ਼ਰ ਇੱਕ ਰੂਪ ਹਨ “ਗੁਰੁ ਪਰਮੇਸਰੁ ਏਕੋ ਜਾਣੁ” ਜਦੋਂ ਵੀ ਗੁਰਬਾਣੀ ਦਾ ਪਾਠ ਕਰਨਾ ਹੋਵੇ ਬੜੇ ਧਿਆਨ ਨਾਲ ਲਗ-ਕੰਨੇ-ਮਾਤਰਾ ਸਹਿਤ ਬਿਸਰਾਮ ਠੀਕ ਥਾਂ ਤੇ ਲਗਾ ਕੇ ਗਰੁ ਬਾਣੀ ਦਾ ਉਚਾਰਣ ਕਰਨਾ ਚਾਹੀਦਾ ਹੈ। ਤਦੋਂ ਗੁਰੂ ਦੀ ਪੂਰਨ ਪ੍ਰਸੰਨਤਾ ਹੁੰਦੀ ਹੈ ਤੇ ਗੁਰਬਾਣੀ ਉਚਾਰਣ ਕਰਨ ਵਾਲੇ ਨੂੰ ਵੀ ਗੁਰਬਾਣੀ ਦਾ ਪੂਰਨ ਬੋਧ ਹੁੰਦਾ ਹੈ। ਗੁਰਸਿੱਖ ਨੇ ਹੱਥ ਜੋੜ ਆਪਣੀ ਗਲਤੀ ਸਵੀਕਾਰ ਕਰ ਸਤਿਗੁਰੂ ਜੀ ਪਾਸੋਂ ਆਪਣੀ ਭੁੱਲ ਦੀ ਮੁਆਫ਼ੀ ਮੰਗੀ।
ਸਿੱਖਿਆ- ਜਦੋਂ ਵੀ ਆਪਾਂ ਗੁਰਬਾਣੀ ਦਾ ਉਚਾਰਣ ਕਰੀਏ ਲਗ-ਮਾਤ੍ਰ ਵੀਚਾਰ ਕੇ ਕਰਨਾ ਚਾਹੀਦਾ ਹੈ ਤਦ ਹੀ ਅਸੀਂ ਸਤਿਗੁਰੂ ਜੀ ਦੀ ਪ੍ਰਸੰਨਤਾ ਦੇ ਪਾਤਰ ਬਣ ਸਕਦੇ ਹਾਂ ਤੇ ਗੁਰਬਾਣੀ ਦਾ ਪੂਰਾ ਬੋਧ ਪ੍ਰਾਪਤ ਹੋ ਸਕਦਾ ਹੈ।
Waheguru Ji Ka Khalsa Waheguru Ji Ki Fateh
– Bhull Chuk Baksh Deni Ji –