Saakhi – Satta Ate Balwand Da Hankaar
ਸੱਤਾ ਅਤੇ ਬਲਵੰਡ ਦਾ ਹੰਕਾਰ
ਸੱਤਾ ਅਤੇ ਬਲਵੰਡ ਦੋਵੇ ਪਿਉ ਪੁੱਤਰ ਗੁਰੂ ਘਰ ਦੇ ਕੀਰਤਨੀਏ ਸਨ। ਇਕ ਵਾਰੀ ਸੱਤੇ ਨੇ ਗੁਰੂ ਅਰਜਨ ਦੇਵ ਜੀ ਪਾਸ ਬੇਨਤੀ ਕੀਤੀ, “ਮੇਰੀ ਲੜਕੀ ਦੀ ਸ਼ਾਦੀ ਹੈ, ਇਸ ਲਈ ਤੁਸੀਂ ਮੇਰੀ ਕੁਝ ਮਦਦ ਕਰੋ । ਗੁਰੂ ਜੀ ਨੇ ਕਿਹਾ, “ਅੱਜ ਦੇ ਕੀਰਤਨ ਦਾ ਜੇ ਚੜ੍ਹਾਵਾ ਆਵੇਗਾ ਉਹ ਸਾਰਾ ਤੁਸਾਂ ਨੂੰ ਦੇ ਦਿੱਤਾ ਜਾਵੇਗਾ? ਕੀਰਤਨ ਦੀ ਸਮਾਪਤੀ ਪਿੱਛੋਂ ਜਿਹੜਾ ਚੜ੍ਹਾਵਾ ਆਇਆ, ਸਾਰਾ ਉਨ੍ਹਾਂ ਨੂੰ ਦੇ ਦਿੱਤਾ ਗਿਆ ਪਰ ਉਹ ਸਾਰੀ ਮਾਇਆ ਲੈ ਕੇ ਵੀ ਖੁਸ਼ ਨਾ ਹੋਏ ਕਿਉਂਕਿ ਉਸ ਦਿਨ ਚੜ੍ਹਾਵਾ ਆਮ ਦਿਨਾਂ ਨਾਲੋਂ ਕਾਫੀ ਘੱਟ ਸੀ।
ਗੁਰੂ ਜੀ ਦੇ ਭਰਾ ਪ੍ਰਿਥੀ ਚੰਦ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਸੱਤੇ ਅਤੇ ਬਲਵੰਡ ਨੂੰ ਬੁਲਾ ਕੇ ਕਿਹਾ, “ਤੁਸੀਂ ਭੋਲੇ ਹੋ, ਗੁਰੂ ਅਰਜਨ ਦੇਵ ਨੇ ਸੰਗਤ ਨੂੰ ਚੜ੍ਹਾਵਾ ਦੇਣ ਤੋਂ ਰੋਕ ਦਿੱਤਾ ਸੀ ਕਿਉਂਕਿ ਉਸ ਦਿਨ ਦਾ ਸਾਰਾ ਚੜ੍ਹਾਵਾ ਤੁਸਾਂ ਨੂੰ ਦੇਣਾ ਕੀਤਾ ਸੀ। ਤੁਸੀਂ ਤਾਂ ਜਾਣਦੇ ਹੀ ਹੋ ਕਿ ਸਾਰੀ ਸੰਗਤ ਸਿਰਫ ਤੁਸਾਂ ਦਾ ਕੀਰਤਨ ਸੁਣਨ ਆਉਂਦੀ ਹੈ। ਜੇ ਤੁਸੀਂ ਕੀਰਤਨ ਕਰਨਾ ਬੰਦ ਕਰ ਦੇਵੋਂ ਤਾਂ ਸੰਗਤ ਉਨ੍ਹਾਂ ਪਾਸ ਜਾਣਾ ਬੰਦ ਹੋ ਜਾਵੇਗੀ। ਉਹ ਤਾਂ ਤੁਸਾਂ ਦੇ ਕੀਰਤਨ ਦੇ ਆਸਰੇ ਹੀ ਸੰਗਤ ਪਾਸੋਂ ਚੜ੍ਹਾਵਾ ਲੈਂਦੇ ਹਨ ।
Download Latest Punjabi Mobile Wallpapers
ਸੱਤੇ ਅਤੇ ਖਲਵੰਡ ਨੂੰ ਇਹ ਸਮਝ ਨਾ ਪਈ ਕਿ ਪ੍ਰਿਥੀ ਚੰਦ ਤਾਂ ਗੁਰੂ ਅਰਜਨ ਦੇਵ ਜੀ ਦਾ ਦਿਲੀ ਵਿਰੋਧੀ ਸੀ। ਉਹ ਕਿਵੇਂ ਉਨ੍ਹਾਂ ਨੂੰ ਭਲਾਈ ਦੀ ਸਲਾਹ ਦੇ ਸਕਦਾ ਸੀ। ਉਹ ਦੋਵੇਂ ਪ੍ਰਿਥੀ ਚੰਦ ਦੀਆਂ ਗੱਲਾਂ ਵਿੱਚ ਆ ਗਏ ਤੇ ਓਹਦੇ ਕਹਿਣ ਤੇ ਦੂਜੀ ਸਵੇਰ ਗੁਰੂ ਘਰ ਕੀਰਤਨ ਕਰਨ ਨਾ ਗਏ । ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਨੂੰ ਘਰ ਤੋਂ ਬੁਲਾਉਣ ਲਈ ਸਿੱਖ ਵੀ ਭੇਜੇ। ਪਰ ਉਨ੍ਹਾਂ ਦੋਹਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਗੁਰੂ ਘਰ ਦੀ ਸ਼ਾਨ ਵਿਚ ਵੱਧ-ਘੱਟ ਵੀ ਕਿਹਾ। ਜਦੋਂ ਗੁਰੂ ਜੀ ਨੂੰ ਇਸ ਬਾਰੇ ਪਤਾ ਲਗਿਆ ਤਾਂ ਗੁਰੂ ਜੀ ਨੇ ਕਿਹਾ, “ਉਹ ਫਿੱਟੇ ਗਏ ਹਨ। ਉਨਾਂ ਨੂੰ ਮੇਰੇ ਮੱਥੇ ਨਾ ਲਗਾਉਣਾ। ਜਿਹੜਾ ਸਿੱਖ ਉਨ੍ਹਾਂ ਦੀ ਮੁਆਫ਼ੀ ਦੀ ਸਿਫਾਰਸ਼ ਲੇ ਕੇ ਸਾਡੇ ਪਾਸ ਆਇਗਾ, ਅਸੀਂ ਉਸ ਦਾ ਮੂੰਹ ਕਾਲਾ ਕਰ ਕੇ, ਗਧੇ ਉੱਪਰ ਬਿਠਾ ਕੇ ਸ਼ਹਿਰ ਵਿਚ ਜਲੂਸ ਕੱਢਾਂਗੇ।” ਉਸ ਪਿੱਛੋਂ ਗੁਰੂ ਅਰਜਨ ਦੇਵ ਜੀ ਨੇ ਸੰਗਤਾਂ ਨੂੰ ਨਾਲ ਲੈ ਕੇ ਆਪ ਸਰੰਦਾ ਫੜ ਕੇ ਕੀਰਤਨ ਸ਼ੁਰੂ ਕਰ ਦਿੱਤਾ ਅਤੇ ਉਸ ਦਿਨ ਤੋਂ ਹੀ ਸਾਰੇ ਸਿੱਖਾਂ ਨੂੰ ਕੀਰਤਨ ਦੀ ਦਾਤ ਬਖ਼ਸ਼ ਦਿੱਤੀ।
Download Latest Punjabi Dharmik Ringtones & Gurbani Ringtones
ਉਧਰ ਕੁਝ ਦਿਨਾਂ ਦੇ ਅੰਦਰ ਹੀ ਸੱਤੇ ਅਤੇ ਬਲਵੰਡ ਦੇ ਸਰੀਰ ਫੋੜਿਆ ਨਾਲ ਭਰ ਗਏ । ਸ਼ਰੀਰ ਵਿਚੋਂ ਬਦਬੂ ਆਉਣ ਲੱਗੀ, ਉਨ੍ਹਾਂ ਨੂੰ ਕੋਈ ਆਪਣੇ ਨੇੜੇ ਨਾ ਖੜੇ ਹੋਣ ਦੇਵੇ। ਆਪਣੀ ਤਕਲੀਫ਼ ਤੋਂ ਛੁਟਕਾਰਾ ਪਾਉਣ ਵਾਸਤੇ ਉਨ੍ਹਾਂ ਨੇ ਲਾਹੌਰ ਜਾ ਕੇ ਭਾਈ ਲੱਧੇ ਪਾਸ ਪੁਕਾਰ ਕੀਤੀ ਕਿ ਉਹ ਗੁਰੂ ਅਰਜਨ ਦੇਵ ਜੀ ਪਾਸੋਂ ਉਨ੍ਹਾਂ ਨੂੰ ਮੁਆਫ਼ ਕਰਵਾ ਦੇਵੇ। ਭਾਈ ਲੱਧਾ, ਗੁਰੂ ਜੀ ਦੀ ਰੱਖੀ ਸ਼ਰਤ ਅਨੁਸਾਰ ਆਪਣਾ ਮੂੰਹ ਕਾਲਾ ਕਰ ਕੇ, ਗਧੇ ਉੱਪਰ ਅਸਵਾਰ ਹੋ ਕੇ, ਅੱਗੇ ਢੋਲ ਵਜਾਉਣ ਵਾਲੇ ਨੂੰ ਲਗਾ ਕੇ, ਫਿਟਕਾਰੇ ਹੋਏ ਸੱਤੇ ਅਤੇ ਬਲਵੰਡ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਹਾਜ਼ਰ ਹੋ ਗਿਆ। ਗੁਰੂ ਜੀ ਭਾਈ ਲੱਧੇ ਦੀ ਇਸ ਕਰਨੀ ਤੇ ਬੜੇ ਖੁਸ਼ ਹੋਏ ਅਤੇ ਭਾਈ ਲੱਧੇ ਦੀ ਬੇਨਤੀ ਪ੍ਰਵਾਨ ਕਰ ਕੇ ਗੁਰੂ ਜੀ ਨੇ ਬਚਨ ਕੀਤੇ, “ਇਨ੍ਹਾਂ ਨੂੰ ਗੁਰੂ ਘਰ ਚੋਂ ਮੁਆਫ਼ੀ ਮਿਲ ਸਕਦੀ ਹੈ, ਜੇ ਇਹ ਗੁਰੂ ਘਰ ਦੀ ਉਸੇ ਮੂੰਹ ਨਾਲ ਉਸਤਤ ਕਰਨ, ਜਿਸ ਨਾਲ ਇਨ੍ਹਾਂ ਨਿੰਦਿਆ ਕੀਤੀ ਸੀ ।” ਉਨ੍ਹਾਂ ਦੋਵਾਂ ਨੇ ਗੁਰੂ ਦੇ ਬਚਨ ਮੰਨ ਕੇ ਗੁਰੂ ਘਰ ਦੀ ਉਸਤਤ ਵਿਚ ਵਾਰ ਉਚਾਰਨ ਕੀਤੀ, ਜਿਸ ਨਾਲ ਉਨ੍ਹਾਂ ਦੇ ਸ਼ਰੀਰ ਦਾ ਰੋਗ ਦੂਰ ਹੋ ਗਿਆ ਅਤੇ ਉਨ੍ਹਾਂ ਨੂੰ ਸਮਝ ਪੈ ਗਈ ਕਿ ਸੰਤਾਂ ਦੀ ਨਿੰਦਿਆ ਭਲੀ ਨਹੀਂ। ਗੁਰੂ ਜੀ ਨੇ ਵੀ ਸੱਤੇ ਅਤੇ ਬਲਵੰਡ ਦੀ ਵਾਰ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਦੇ ਕੇ ਧੁਰ ਦੀ ਬਾਣੀ ਬਣਾ ਦਿੱਤਾ।
ਸਿਖਿਆ : ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਨ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਨਾਂ ਮਨਣ ਨਾਲ ਦੁੱਖ ਸਿਹਣਾ ਪੈਂਦਾ ਹੈ। ਗੁਰੂ ਦੀ ਕਿਰਪਾ ਹੋ ਜਾਵੇ ਤਾਂ ਸਿੱਖ ਦਾ ਨਾਂ ਸਦਾ ਲਈ ਅਮਰ ਹੋ ਜਾਂਦਾ ਹੈ।
Waheguru Ji Ka Khalsa Waheguru Ji Ki Fateh
— Bhull Chukk Baksh Deni Ji —
Bahut wadhia uprala hai ji tuhada, Waheguru chardikala bakhshan.