Sikh History – Guru Arjan Dev Ji Di Shahidi
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ
(ਗੁਰੂ) ਹਰਿਗੋਬਿੰਦ ਸਾਹਿਬ ਦਾ ਛੋਟੀ ਉਮਰ ਵਿਚ ਹੀ ਚੰਗਾ ਕਦ ਕਾਠ ਨਿਕਲ ਆਇਆ ਸੀ। ਉਨ੍ਹਾਂ ਦੀ ਮਨਮੋਹਣੀ ਸ਼ਖਸੀਅਤ ਨੂੰ ਵੇਖ ਕੇ ਹਰ ਵਿਅਕਤੀ ਕੀਲਿਆ ਜਾਂਦਾ ਸੀ। ਜਦ ਅਕਬਰ ਦੇ ਇਕ ਦੀਵਾਨ ਚੰਦੂ ਨੇ ਕੁਝ ਪ੍ਰੋਹਤਾਂ ਨੂੰ ਆਪਣੀ ਲੜਕੀ ਵਾਸਤੇ ਵਰ ਲਭਣ ਲਈ ਕਿਹਾ ਤਾਂ ਉਹ ਘੁੰਮਦੇ ਘੁੰਮਾਉਂਦੇ ਅੰਮ੍ਰਿਤਸਰ ਪੁੱਜ ਗਏ। ਜਦ ਉਹ ਗੁਰੂ ਜੀ ਦੇ ਦਰਬਾਰ ਵਿਚ ਹਾਜ਼ਰ ਹੋਏ ਤਾਂ (ਗੁਰੂ) ਹਰਿਗੋਬਿੰਦ ਸਾਹਿਬ ਦੀ ਆਭਾ ਨੂੰ ਵੇਖ ਕੇ ਦੰਗ ਰਹਿ ਗਏ। ਉਨ੍ਹਾਂ ਗੁਰੂ ਜੀ ਨਾਲ ਮਿਲਕੇ ਓਸੇ ਵੇਲੇ ਰਿਸ਼ਤਾ ਪੱਕਾ ਕਰ ਦਿੱਤਾ। ਪਰ ਜਦ ਚੰਦੂ ਸ਼ਗਨ ਭੈਜਣ ਲੱਗਾ ਤਾਂ ਉਸ ਕਿਹਾ, “ਰਿਸ਼ਤਾ ਤਾਂ ਮੈਨੂੰ ਮੰਜ਼ੂਰ ਆ, ਪਰ ਤੁਸੀਂ, ਚੁਬਾਰੇ ਦੀ ਇੱਟ ਮੋਰੀ ਵਿਚ ਲਾ ਆਏ ਹੋ। ਇਹ ਤੁਸੀਂ ਚੰਗਾ ਨਹੀਂ ਕੀਤਾ। ਪ੍ਰੋਹਤਾਂ ਨਾਲ ਕੁਝ ਸਿੱਖ ਵੀ ਗਏ ਸਨ। ਜਦ ਉਨ੍ਹਾਂ ਚੰਦੂ ਦੇ ਇਹ ਅਪਮਾਨਜਨਕ ਸ਼ਬਦ ਸੁਣੇ ਤਾਂ ਉਹ ਰੱਸੇ ਵਿਚ ਆ ਗਏ। ਉਨ੍ਹਾਂ ਪਹਿਲਾਂ ਹੀ ਇਕ ਸਿੱਖ ਨੂੰ ਅੰਮ੍ਰਿਤਸਰ ਭੇਜ ਦਿੱਤਾ। ਉਹ ਸਿੱਖ ਗੁਰੂ ਜੀ ਨੂੰ ਮਿਲਿਆ ਅਤੇ ਕਿਹਾ, “ਚੰਦੂ ਨੇ ਆਪਣੇ ਆਪ ਨੂੰ ਚੁਬਾਰਾ ਅਤੇ ਗੁਰੂ ਘਰ ਨੂੰ ਮੋਰੀ ਕਿਹਾ ਹੈ। ਇਸ ਲਈ ਇਹ ਰਿਸ਼ਤਾ ਪ੍ਰਵਾਨ ਨਹੀਂ ਕਰਨਾ ਚਾਹੀਦਾ।”
ਗੁਰੂ ਜੀ ਨੇ ਭਾਈ ਗੁਰਦਾਸ, ਬਾਬਾ ਬੁੱਢਾ ਜੀ ਅਤੇ ਹੋਰ ਸਿੱਖਾਂ ਨੂੰ ਬੁਲਾ ਕੇ ਸਾਰੀ ਗੱਲ ਦੱਸੀ। ਸਾਰਿਆਂ ਸਿੱਖਾਂ ਇਕ ਆਵਾਜ਼ ਹੋ ਕੇ ਕਿਹਾ ਕਿ ਇਹ ਰਿਸ਼ਤਾ ਨਹੀਂ ਲੈਣਾ ਚਾਹੀਦਾ। ਅਗਲੇ ਦਿਨ ਜਦ ਸ਼ਗਨ ਪੂਜਾ ਤਾਂ ਗੁਰੂ ਜੀ ਨੇ ਸ਼ਗਨ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਫਿਰ ਜਦ ਚੰਦੂ ਨੂੰ ਪ੍ਰੋਹਤਾਂ ਨੇ ਸ਼ਗਨ ਮੌੜਨ ਦੀ ਗੱਲ ਦੱਸੀ ਤਾਂ ਚੰਦੂ ਬੜਾ ਦੁਖੀ ਹੋਇਆ ਅਤੇ ਉਸ ਇਕ ਲੱਖ ਰੁਪਏ ਗੁਰੂ ਜੀ ਨੂੰ ਦੇਣ ਲਈ ਭੇਜੇ। ਪਰ ਗੁਰੂ ਜੀ ਨੇ ਰੁਪਏ ਲੈਣ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਜੇ ਉਹ ਸਾਰੀ ਦੁਨੀਆਂ ਦੀ ਦੌਲਤ ਵੀ ਦੇਣੀ ਚਾਹੇ, ਰਿਸ਼ਤਾ ਉਹ ਤਦ ਵੀ ਮੰਜ਼ੂਰ ਨਹੀਂ ਕਰਨਗੇ।
ਚੰਦੂ ਨੂੰ ਜਦ ਇਹ ਅਨੁਭਵ ਹੋਇਆ ਕਿ ਉਸਦੀ ਲੜਕੀ ਸਾਰੀ ਉਮਰ ਕੰਵਾਰੀ ਰਹੇਗੀ ਤਾਂ ਉਹ ਗੁਰੂ ਜੀ ਦੇ ਬਹੁਤ ਖ਼ਿਲਾਫ਼ ਹੋ ਗਿਆ ਅਤੇ ਜਹਾਂਗੀਰ ਨੂੰ ਗੁਰੂ ਜੀ ਦੇ ਵਿਰੁਧ ਭੜਕਾਉਂਦਾ ਰਹਿੰਦਾ। ਓਥੇ ਜਹਾਂਗੀਰ ਤਾਂ ਬਾਦਸ਼ਾਹ ਬਣਨ ਤੋਂ ਪਹਿਲਾਂ ਹੀ ਗੁਰੂ ਜੀ ਦੇ ਖ਼ਿਲਾਫ਼ ਸੀ। ਉਹ ਤਾਂ ਅਕਬਰ ਦੇ ਜੀਉਂਦਿਆਂ ਹੀ ਗੁਰੂ ਨਾਨਕ ਦੇ ਪ੍ਰਚਾਰ ਨੂੰ ਰੋਕਣ ਦਾ ਮਨ ਬਣਾ ਚੁੱਕਾ ਸੀ। ਆਪਣੀ ਆਤਮ ਕਥਾ ਵਿਚ ਉਹ ਲਿਖਦਾ ਹੈ, “ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ ਅਤੇ ਕਮੀਨੇ ਮੁਸਲਮਾਨਾਂ ਨੂੰ ਉਸ ਆਪਣੇ ਵਿਚਾਰ ਦੇ ਅਨੁਸਾਰ ਢਾਲ ਕੇ ਉਸ ਨੇ ਵਲੀ ਹੋਣ ਦੀ ਡੋੰਡੀ ਪਿਟਵਾਈ ਹੋਈ ਸੀ। ਤਿੰਨ ਚਾਰ ਪੀੜ੍ਹੀਆਂ ਤੋਂ ਇਹ ਦੁਕਾਨ ਚਲ ਰਹੀ ਸੀ। ਕਾਫ਼ੀ ਦੇਰ ਤੋਂ ਮੇਰਾ ਦਿਲ ਕਰਦਾ ਸੀ ਕਿ ਇਸ ਕੂੜ ਦੀ ਦੁਕਾਨ ਨੂੰ ਬੰਦ ਕਰ ਦੇਵਾਂ ਜਾਂ ਉਸ ਨੂੰ ਇਸਲਾਮ ਵਿਚ ਲੈ ਆਵਾਂ।”
ਇਸ ਤਰ੍ਹਾਂ ਜਹਾਂਗੀਰ ਚੰਦੂ ਵਾਲੀ ਘਟਨਾ ਵਾਪਰਨ ਤੋਂ ਪਹਿਲਾਂ ਹੀ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਨ ਬਾਰੇ ਮਨ ਬਣਾ ਚੁੱਕਾ ਸੀ। ਉਹ ਤਾਂ ਕੇਵਲ ਕੋਈ ਬਹਾਨਾ ਹੀ ਲੱਭਦਾ ਸੀ। ਬਹਾਨਾ ਵੀ ਉਸ ਨੂੰ ਉਸਦੇ ਲੜਕੇ ਖੁਸਰੋ ਦੀ ਬਗਾਵਤ ਕਰਨ ‘ਤੇ ਮਿਲ ਗਿਆ। ਖੁਸਰੋ ਗੁਰੂ ਅਰਜਨ ਦੇਵ ਨੂੰ ਆਪਣਾ ਮੁਰਸ਼ਦ ਮੰਨਦਾ ਸੀ। ਜਦ ਉਹ ਫੜੇ ਜਾਣ ਤੋਂ ਡਰਦਾ ਕਾਬਲ ਵੱਲ ਭੱਜਾ ਜਾ ਰਿਹਾ ਸੀ ਤਾਂ ਰਾਹ ਵਿਚ ਉਹ ਤਰਨਤਾਰਨ ਰੁਕਿਆ । ਉਹ ਗੁਰੂ ਅਰਜਨ ਦੇਵ ਨੂੰ ਮਿਲਿਆ ਅਤੇ ਲੰਗਰ ਵਿਚ ਪ੍ਰਸ਼ਾਦ ਵੀ ਛਕਿਆ। | ਇਸ ਤਰ੍ਹਾਂ ਬਾਗੀ ਖੁਸਰੋ ਦਾ ਗੁਰੂ ਜੀ ਨੂੰ ਮਿਲਣਾ, ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਨ ਲਈ ਜਹਾਂਗੀਰ ਨੂੰ ਇਕ ਵਧੀਆ ਬਹਾਨਾ ਮਿਲ ਗਿਆ। ਲਾਹੌਰ ਦਾ ਹਾਕਮ ਮੁਰਤਜ਼ਾ ਖਾਂ ਤਾਂ ਪਹਿਲਾਂ ਹੀ ਗੁਰੂ ਜੀ ਦੇ ਖ਼ਿਲਾਫ਼ ਰਿਪੋਰਟਾਂ ਭੇਜ ਚੁਕਾ ਸੀ। ਉਸ ਨੇ ਜਹਾਂਗੀਰ ਨੂੰ ਇਹ ਵੀ ਲਿਖਿਆ ਸੀ ਕਿ ਗੁਰੂ ਜੀ ਨੇ ਖੁਸਰੋ ਨੂੰ ਅਸ਼ੀਰਵਾਦ ਦਿੱਤਾ ਸੀ ਅਤੇ ਉਸ ਪੰਜ ਹਜ਼ਾਰ ਰੁਪਏ ਦੀ ਮਦਦ ਵੀ ਕੀਤੀ।
ਜਹਾਂਗੀਰ ਨੂੰ ਇਹ ਵੱਡਾ ਦੁੱਖ ਸੀ ਕਿ ਮੁਸਲਮਾਨ ਗੁਰੂ ਅਰਜਨ ਦੇਵ ਦੇ ਸੇਵਕ ਕਿਉਂ ਬਣ ਰਹੇ ਹਨ, ਇਸ ਲਈ ਗੁਰੂ ਨੂੰ ਕਤਲ ਕਰਨ ਲਈ ਉਹ ਭੁੱਲ ਗਿਆ ਸੀ। ਗੁਰੂ ਜੀ ਵੀ ਸਮੇਂ ਦੀ ਨਜ਼ਾਕਤ ਨੂੰ ਜਾਣਦੇ ਸਨ। ਜਹਾਂਗੀਰ ਦੇ ਵਿਚਾਰ ਵੀ ਉਨ੍ਹਾਂ ਤੱਕ ਪੁੱਜ ਰਹੇ ਸਨ। ਉਹ ਜਾਣਦੇ ਸਨ ਕਿ ਸ਼ਹੀਦੀ ਦਾ ਸਮਾਂ ਨੇੜੇ ਹੀ ਆ ਗਿਆ ਸੀ। ਇਸ ਲਈ ਉਨ੍ਹਾਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਹੋਰ ਨਾਮਵਰ ਸਿੱਖਾਂ ਨੂੰ ਬੁਲਾਇਆ ਅਤੇ 15 ਮਈ, 1606 ਈ: ਨੂੰ ਗੁਰਗੱਦੀ ਗੁਰੂ ਹਰਿਗੋਬਿੰਦ ਸਾਹਿਬਨੂੰ ਸੌਂਪ ਦਿੱਤੀ। ਉਨ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਉਪਦੇਸ਼ ਦਿੱਤਾ, “ਸਿੱਖੀ ਦਾ ਪ੍ਰਚਾਰ ਅਸੀਂ ਸ਼ਾਂਤਮਈ ਢੰਗ ਨਾਲ ਕੀਤਾ ਸੀ। ਪਰ ਹੁਣ ਵਕਤ ਬਦਲ ਗਿਆ ਹੈ। ਹੁਣ ਚੰਗਿਆਈ ਅਤੇ ਬੁਰਿਆਈ ਦੀ ਜੰਗ ਹੋਵੇਗੀ। ਇਸ ਲਈ ਤੁਹਾਨੂੰ ਹੁਣ ਕਮਰ ਕੱਸੇ ਕਰ ਲੈਣੇ ਚਾਹੀਦੇ ਹਨ। ਆਪ ਸ਼ਸਤਰ ਪਹਿਨੋ ਅਤੇ ਸਿੱਖਾਂ ਨੂੰ ਸ਼ਸਤਰ ਧਾਰਨ ਕਰਨ ਦੀ ਆਗਿਆ ਕਰੋ । ਕੁਝ ਦਿਨਾਂ ਬਾਅਦ ਹੀ ਮੁਰਤਜ਼ਾ ਖਾਂ ਨੇ ਗੁਰੂ ਜੀ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰ ਲਿਆ। ਗੁਰੂ ਜੀ ਨਾਲ ਪੰਜ ਸਿੱਖ ਆਪਣੇ ਆਪ ਹੀ ਨਾਲ ਚੱਲ ਪਏ।
ਲਾਹੌਰ ਪਹੁੰਚ ਕੇ ਗੁਰੂ ਜੀ ਨੂੰ ਜਹਾਂਗੀਰ ਦੇ ਦਰਬਾਰ ਵਿਚ ਪੇਸ਼ ਕੀਤਾ ਗਿਆ। ਜਹਾਂਗੀਰ ਨੇ ਕਈ ਸਵਾਲ ਕੀਤੇ ਜਿਨ੍ਹਾਂ ਦਾ ਗੁਰੂ ਜੀ ਨੇ ਢੁਕਵਾਂ ਉੱਤਰ ਦਿੱਤਾ। ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਕਿ ਆਦਿ ਗ੍ਰੰਥ ਸਾਹਿਬ ਵਿਚ ਮੁਹੰਮਦ ਦੀ ਉਸਤਤ ਦੇ ਕੁਝ ਸ਼ਬਦ ਪਾਏ ਜਾਣ, ਪਰ ਗੁਰੂ ਜੀ ਨੇ ਸਾਫ਼ ਇਨਕਾਰ ਕਰ ਦਿੱਤਾ। ਫਿਰ ਉਨ੍ਹਾਂ ਨੂੰ ਮੁਸਲਮਾਨ ਬਣਨ ਵਾਸਤੇ ਕਿਹਾ ਗਿਆ। ਗੁਰੂ ਜੀ ਨੇ ਕਿਹਾ, ਕਿ ਅਸੀਂ ਸਰੀਰ ਤਿਆਗ ਸਕਦੇ ਹਾਂ ਪਰ ਧਰਮ ਨਹੀਂ। ਜਦ ਗੁਰੂ ਜੀ ਨੇ ਕੋਈ ਸ਼ਰਤ ਵੀ ਪ੍ਰਵਾਨ ਨਾ ਕੀਤੀ ਤਾਂ ਜਹਾਂਗੀਰ ਨੇ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ।
ਪਹਿਲਾਂ ਹਾੜ ਮਹੀਨੇ ਦੀ ਤਪੀ ਰੇਤ ਵਿਚ ਬਿਠਾ ਕੇ ਤਸੀਹੇ ਦਿੱਤੇ ਗਏ। ਜਦ ਸਾਈਂ ਮੀਆਂ ਮੀਰ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਜਹਾਂਗੀਰ ਨੂੰ ਮਿਲਿਆ। ਪਰ ਜਹਾਂਗੀਰ ਨੇ ਉਸ ਦੀ ਗੱਲ ਨਾ ਮੰਨੀ। ਫਿਰ ਗੁਰੂ ਜੀ ਨੂੰ ਉਬਲਦੇ ਪਾਣੀ ਦੀ ਦੇਗ ਵਿਚ ਬਿਠਾਇਆ ਗਿਆ। ਪਰ ਉਹ ਸ਼ਾਂਤ ਚਿੱਤ ਪ੍ਰਭੂ ਨਾਲ ਸੁਰਤ ਜੋੜੀ ਬੈਠੇ ਰਹੇ। ਫਿਰ ਤੱਤੇ ਤਵੇ ਉਤੇ ਬਿਠਾ ਕੇ ਗਰਮ ਰੇਤ ਝੁਲਸੇ ਹੋਏ ਸਰੀਰ ‘ਤੇ ਪਾਈ ਗਈ। ਇਸ ਨਾਲ ਉਨ੍ਹਾਂ ਦਾ ਸਾਰਾ ਸਰੀਰ ਫਲੂਹਿਆਂ ਨਾਲ ਭਰ ਗਿਆ। ਇਸ ਤਰ੍ਹਾਂ ਪੰਜ ਦਿਨ ਕਸ਼ਟ ਦਿੱਤੇ ਜਾਂਦੇ ਰਹੇ। ਛੇਵੇਂ ਦਿਨ 30 ਮਈ, 1606 ਈ: ਨੂੰ ਦਰਿਆ ਰਾਵੀ ਦੇ ਕੰਢੇ ਲੈ ਗਏ। ਅਤੇ ਉਹਨਾਂ ਦੇ ਸਰੀਰ ਨੂੰ ਰਾਵੀ ਦਰਿਆ ਵਿੱਚ ਬਹਾ ਦਿੱਤਾ।
ਗੁਰੂ ਸਾਹਿਬ 28 ਬਰਸ 4 ਮਹੀਨੇ 11 ਦਿਨ ਦੀ ਉਮਰ ਵਿੱਚ ਗੱਦੀ ਪਰ ਬੈਠ ਕੇ, 24 ਬਰਸ 9 ਮਹੀਨੇ 2 ਦਿਨ ਗੁਰਿਆਈ ਕਰ, 53 ਬਰਸ 1 ਮਹੀਨਾ 12 ਦਿਨ ਸਾਰੀ ਉਮਰ ਭੋਗ ਕੇ, 22 ਜੇਠ ਸੁਦੀ ਚੌਥ ਸੰਮਤ 1662 ਬਿਕ੍ਰਮੀ ਨੂੰ ਸ਼ੁੱਕਰਵਾਰ ਅੰਮ੍ਰਿਤ ਵੇਲੇ ਲਾਹੌਰ ਵਿੱਚ ਜੋਤੀ ਜੋਤਿ ਸਮਾ ਗਏ। ਇਸ ਅਸਥਾਨ ਤੇ ਗੁਰਦੁਆਰਾ ਡੇਰਾ ਸਾਹਿਬ ਪਾਕਿਸਤਾਨ ਵਿੱਚ ਸ਼ਸੋਭਿਤ ਹੈ। ਗੁਰੂ ਜੀ ਨੇ ਜਬਰ ਜੁਲਮ ਦਾ ਸਾਹਮਣਾ ਕਰਦਿਆਂ ਹੋਇਆ ਆਪਾ ਕੁਰਬਾਨ ਕਰ ਦਿੱਤਾ, ਪਰੰਤੂ ਜੁਲਮ ਦੇ ਸਾਹਮਣੇ ਨਹੀਂ ਝੁਕੇ।ਇਸ ਪ੍ਰਕਾਰ ਗੁਰੂ ਜੀ ਦੀ ਸ਼ਹਾਦਤ ਜੁਲਮ ਤੇ ਜਬਰ ਦਾ ਟਾਕਰਾ ਸ਼ਾਤੀ ਨਾਲ ਕਰਨ ਦੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ।ਲੋਕ ਰਹਿੰਦੀ ਦੁਨੀਆਂ ਤੱਕ ਗੁਰੂ ਜੀ ਦੀ ਇਸ ਸ਼ਹਾਦਤ ਨੂੰ ਯਾਦ ਰੱਖਣਗੇ ਅਤੇ ਹਰ ਦੁੱਖ-ਸੁੱਖ ਵਿਚ ਉਹਨਾਂ ਦੁਆਰਾ ਰਚਿਤ ਬਾਣੀ ਦਾ ਓਟ ਆਸਰਾ ਲੈਂਦੇ ਰਹਿਣਗੇ।
Waheguru Ji Ka Khalsa Waheguru Ji Ki Fateh
– Bhull Chukk Baksh Deni Ji –