Sikh History – Koun San Chaali Mukte ?
ਸਿਖ ਇਤਿਹਾਸ : ਆਓ ਜਾਣੀਏ ਕੋਣ ਸਨ ਚਾਲੀ ਮੁਕਤੇ ?
ਅਨੰਦਪੁਰ ਸਾਹਿਬ ਦੀ ਧਰਤੀ ਨੂੰ ਮੁਗਲ ਤੇ ਪਹਾੜੀ ਰਾਜਿਆਂ ਨੇ ਘੇਰਾ ਪਾਇਆ ਹੋਇਆ ਸੀ। ਉਸ ਸਮੇਂ 10 ਲੱਖ ਤੋਂ ਵੱਧ ਫੌਜ ਨੇ 8 ਮਹੀਨੇ ਤੋਂ ਵੀ ਜਿਆਦਾ ਸਮਾਂ ਅਨੰਦਪੁਰ ਸਾਹਿਬ ਨੂੰ ਘੇਰਿਆ ਹੋਇਆ ਸੀ। ਉਸ ਸਮੇਂ ਗੁਰੂ ਜੀ ਦੇ 100 ਕੁ ਸਿੰਘ ਸਮੇਂ ਦੇ ਹਲਾਤਾਂ ਤੋਂ ਤੰਗ ਆ ਕੇ ਕਿਲ੍ਹਾ ਛੱਡਣ ਲਈ ਤਿਆਰ ਹੋ ਗਏ। ਉਹਨਾਂ ਸਿੰਘਾਂ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਅਸੀਂ ਕਿਲ੍ਹਾ ਛੱਡਕੇ ਆਪਣੇ ਘਰ ਜਾਣਾ ਚਾਹੁੰਦੇ ਹਾਂ। ਇਸ ਗੱਲ ਨੂੰ ਸੁਣਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਕਿਹਾ ਕਿ ਉਹ ਇੱਕ ਬਦਾਵਾ ਲਿੱਖਣ ਤੇ ਉਸ ਉੱਤੇ ਦਸਖ਼ਤ ਕਰਕੇ ਦੇਣ, ਜਿਸ ਵਿੱਚ ਇਹ ਲਿਖਿਆ ਹੋਵੇ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ।
DOWNLOAD GREETINGS FOR THIS DAY
ਇਹਨਾਂ ਸਿੰਘਾਂ ਦੇ ਵਿੱਚੋਂ ਕੁੱਝ ਸਿੰਘਾਂ ਨੇ ਇਸ ਬਦਾਵੇ ‘ਤੇ ਦਸਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਮਾਝੇ ਇਲਾਕੇ ਦੇ 40 ਸਿੰਘਾਂ ਨੇ ਸਿੰਘਾਂ ਦੇ ਮੁਖੀ ਮਹਾਂਸਿੰਘ ਸਮੇਤ ਬਦਾਵੇ ‘ਤੇ ਦਸਖ਼ਤ ਕਰ ਦਿੱਤੇ ਤੇ ਗੁਰੂ ਸਾਹਿਬ ਨੇ ਸਿੰਘਾਂ ਦਾ ਬਦਾਵਾ ਪਰਵਾਨ ਕਰਕੇ ਆਪਣੇ ਕੋਲ ਰੱਖ ਲਿਆ।
ਗੁਰੂ ਜੀ ਦਾ ਫੁਰਮਾਨ ਹੈ –
ਰਹਿਤ ਪਿਆਰੀ ਮੁਝ ਕਉ, ਸਿਖ ਪਿਆਰਾ ਨਾਹਿ
ਰਹਿਣੀ ਰਹੈ ਸੋਈ ਸਿਖ ਮੇਰਾ, ਓਹੁ ਸਾਹਿਬ ਮੈ ਉਸ ਕਾ ਚੇਰਾ
ਉਸ ਤੋਂ ਬਾਅਦ 40 ਸਿੰਘ ਕਿਲ੍ਹਾ ਛੱਡ ਕੇ ਆਪਣੇ ਘਰ ਵੱਲ ਨੂੰ ਇਹ ਸੋਚ ਕੇ ਤੁਰ ਪਏ ਕਿ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਨੂੰ ਜਿਉਂਦੇ ਵਾਪਿਸ ਦੇਖ ਕੇ ਸਵਾਗਤ ਕਰਨਗੇ ਤੇ ਖੁਸ਼ ਹੋਣਗੇ ਪਰ ਜਦੋਂ ਇਹ 40 ਸਿੰਘ ਆਪਣੇ ਘਰ ਅੰਮ੍ਰਿਤਸਰ ਦੇ ਪਿੰਡ ਚਬਾਲ ਪੁੱਜੇ ਤਾਂ ਉਹਨਾਂ ਦੀਆਂ ਪਤਨੀਆਂ ਹੈਰਾਨ ਸਨ ਕਿ ਇਹ ਆਪਣੇ ਗੁਰੂ ਨੂੰ ਛੱਡਕੇ ਜਿਉਂਦੇ ਘਰ ਆ ਗਏ ਹਨ, ਜਦ ਕਿ ਉਹ ਪਹਿਲਾਂ ਹੀ ਆਪਣੇ ਆਪ ਨੂੰ ਸਿੱਖ ਕੌਮ ਦੀ ਖਾਤਿਰ ਸ਼ਹੀਦਾਂ ਦੀਆਂ ਵਿਧਵਾ ਮੰਨ ਚੁਕੀਆਂ ਸਨ। ਉਨ੍ਹਾਂ ਦੀਆਂ ਪਤਨੀਆਂ ਨੇ ਗੁਰੂ ਤੋਂ ਬੇਮੁੱਖ ਹੋਏ ਸਿੰਘਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਕਿਹਾ ਕਿ ਜਿਹੜੇ ਗੁਰੂ ਨੂੰ ਛੱਡ ਸਕਦੇ ਹਨ ਉਹ ਆਪਣੇ ਘਰਦਿਆਂ ਦੇ ਵੀ ਨਹੀਂ ਬਣ ਸਕਦੇ। ਮਾਝੇ ਦੇ ਸਿੰਘਾਂ ਦੀ ਇਸ ਗੱਲ ਬਾਰੇ ਪਤਾ ਲੱਗਣ ‘ਤੇ ਬੀਬੀ ਭਾਗ ਕੌਰ ਜੋ ਕਿ ਗੁਰੂ ਘਰ ਦੀ ਸਿੱਖਣੀ ਸੀ, ਉਸਦਾ ਖੁਨ ਖੌਲ੍ਹ ਉੱਠਿਆ।
ਬੀਬੀ ਭਾਗ ਕੌਰ ਨੇ ਸਿੰਘਾਂ ਦਾ ਬਾਣਾ ਪਾ ਕੇ ਹੱਥ ਵਿੱਚ ਕਿਰਪਾਨ ਫੜ ਲਈ ‘ਤੇ 40 ਬੇ-ਮੁੱਖ ਸਿੰਘਾਂ ਨੂੰ ਫਟਕਾਰਦੇ ਹੋਏ ਕਿਹਾ ਕਿ ਤੁਸੀਂ ਹੱਥਾਂ ‘ਚ ਚੂੜੀਆਂ ਪਾ ਲਵੋ ਤੇ ਬੁਜਦਿਲਾਂ ਵਾਂਗ ਘਰ ਬੈਠ ਜਾਓ ਕਿਉਂਕਿ ਤਸੀਂ ਲੋਕ ਸਿੱਖ ਕੌਮ ਤੇ ਆਪਣੇ ਗੁਰੂ ਦੇ ਸਕੇ ਨਹੀਂ ਹੋ ਸਕੇ। ਬੀਬੀ ਭਾਗ ਕੌਰ ਦੇ ਇਹਨਾਂ ਸ਼ਬਦਾਂ ਨੂੰ ਸੁਣਕੇ ਸ਼ਰਮਸਾਰ ਹੋ ਕੇ ਉਹ ਮਾਈ ਭਾਗੋ ਦੀ ਅਗਵਾਈ ਵਿਚ ਗੁਰੂ ਸਾਹਿਬ ਤੋਂ ਖਿਮਾ ਮੰਗਣ ਅਤੇ ਟੁੱਟ ਸੰਬੰਧਾਂ ਨੂੰ ਫਿਰ ਤੋਂ ਜੋੜਨ ਲਈ ਤੁਰ ਪਏ ਤੇ ਸਿੱਖ ਕੌਮ ਲਈ ਸ਼ਹੀਦ ਹੋਣ ਲਈ ਤਿਆਰ ਹੋ ਗਏ।
ਬੀਬੀ ਭਾਗ ਕੌਰ ਤੇ 40 ਸਿੰਘ ਕਿਲ੍ਹਾ ਛਡ ਚੁੱਕੇ ਗੁਰੂ ਜੀ ਨੂੰ ਲਭਦੇ ਲਭਦੇ ਉਹ ਖਿਦਰਾਣੇ ਦੀ ਢਾਬ ਕੋਲ ਪਹੁੰਚੇ ਅਤੇ ਗੁਰੂ ਸਾਹਿਬ ਦਾ ਪਿਛਾ ਕਰ ਰਹੀ ਮੁਗ਼ਲ ਸੈਨਾ ਨਾਲ ਜਨਵਰੀ 1706 ਈ. ਵਿਚ ਅਦੁੱਤੀ ਯੁੱਧ ਕਰਕੇ ਵੀਰਗਤੀ ਪ੍ਰਾਪਤ ਕੀਤੀ। ਗੁਰੂ ਜੀ ਨੇੜੇ ਹੀ ਇਕ ਟਿੱਬੇ ਉਤੇ ਬੈਠਿਆਂ ਸਿੰਘਾਂ ਦਾ ਯੁੱਧ-ਕਰਮ ਵੇਖ ਰਹੇ ਸਨ। ਯੁੱਧ ਉਪਰੰਤ ਗੁਰੂ ਸਾਹਿਬ ਜਖ਼ਮੀ ਹੋਏ ਭਾਈ ਮਹਾਂਸਿੰਘ ਕੋਲ ਗਏ ਤੇ ਜਲ ਛਿੜਕ ਕੇ ਸਚੇਤ ਕੀਤਾ ਜੋ ਕਿ ਆਪਣੇ ਆਖ਼ਰੀ ਸਵਾਸ ਲੈ ਰਿਹਾ ਸੀ। ਗੁਰੂ ਸਾਹਿਬ ਨੇ ਭਾਈ ਮਹਾਂਸਿੰਘ ਦਾ ਸਿਰ ਆਪਣੇ ਹੱਥਾਂ ਵੱਚ ਲੈ ਲਿਆ ਤੇ ਭਾਈ ਮਹਾਂਸਿੰਘ ਨੇ ਗੁਰੂ ਸਾਹਿਬ ਨੂੰ ਵੇਖ ਕੇ ਹੱਥ ਜੋੜੇ ਤੇ ਮੁਆਫੀ ਮੰਗੀ, ਕਿਹਾ ਕਿ ਗੁਰੂ ਜੀ ਅਸੀਂ ਤਹਾਡੇ ਸਿੱਖ ਹਾਂ ਤੇ ਤੁਸੀਂ ਸਾਡੇ ਗੁਰੂ ਹੋ। ਮਹਾਂਸਿੰਘ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਗੁਰੂ ਜੀ ਸਾਡਾ ਦਿੱਤਾ ਹੋਇਆ ਬਦਾਵਾ ਪਾੜ ਦਿਓ ਤਾਂ ਜੋ ਸਾਨੂੰ ਮੁਕਤੀ ਮਿਲ ਸਕੇ। ਉਸ ਦੀ ਅੰਤਿਮ ਇੱਛਾ ਅਨੁਸਾਰ ਗੁਰੂ ਸਾਹਿਬ ਨੇ ਆਪਣੇ ਕਮਰ ਕੱਸੇ ਤੋਂ ਬਦਾਵਾ ਕੱਢਿਆ ਤੇ ਭਾਈ ਮਹਾਂ ਸਿੰਘ ਦੇ ਸਾਹਮਣੇ ਪਾੜ ਦਿੱਤਾ। ਇਸ ਨਾਲ ਹੀ ਭਾਈ ਮਹਾਂਸਿੰਘ ਜੈਕਾਰਾ ਲਗਾਉਂਦੇ ਹੋਏ ਸ਼ਹੀਦ ਹੋ ਗਏ। ਜਿਸ ਢਾਬ ‘ਤੇ ਇਹਨਾਂ 40 ਸਿੰਘਾਂ ਨੂੰ ਗੁਰੂ ਸਾਹਿਬ ਨੇ ਬਦਾਵਾ ਪਾੜ ਕੇ ਮੁਕਤ ਕੀਤਾ ਅੱਜ ਕੱਲ ਇਸ ਅਸਥਾਨ ‘ਤੇ 40 ਮੁਕਤਿਆਂ ਦੀ ਯਾਦ ਵਿੱਚ ਸ੍ਰੀ ਮੁਕਤਸਰ ਸਾਹਿਬ ਗੁਰਦੁਆਰਾ ਸਥਿਤ ਹੈ। ਅਤੇ ਜਿਸ ਅਸਥਾਨ ਤੇ ਇਹਨਾ ਸ਼ਾਹਿਦਾ ਦਾ ਅੰਗੀਠਾ ਲਗਾਇਆ ਗਿਆ ਸੀ ਓਥੇ ਹੁਣ ਗੁਰੂਦਵਾਰਾ ਸ਼ਹੀਦਾਂ ਸੁਸ਼ੋਭਿਤ ਹੈ, ਜੋ ਮੁਖ ਗੁਰੂਘਰ ਦੇ ਪਿਛਲੇ ਪਾਸੇ ਥੋੜੀ ਦੂਰੀ ਤੇ ਹੀ ਬਣਿਆ ਹੋਇਆ ਹੈ।
ਮੁਕਤਸਰ ਦੇ ਯੁੱਧ ਵਿਚ ਸ਼ਹੀਦ ਹੋਏ ਸਿੰਘਾਂ ਦੇ ਨਾਮ ‘ਮਹਾਨ ਕੋਸ਼’ ਅਨੁਸਾਰ ਇਸ ਪ੍ਰਕਾਰ ਹਨ- ਸਮੀਰ ਸਿੰਘ, ਸਰਜਾ ਸਿੰਘ, ਸਾਧੂ ਸਿੰਘ, ਸੁਹੇਲ ਸਿੰਘ, ਸੁਲਤਾਨ ਸਿੰਘ, ਸੋਭਾ ਸਿੰਘ, ਸੰਤ ਸਿੰਘ, ਹਰਸਾ ਸਿੰਘ, ਹਰੀ ਸਿੰਘ, ਕਰਨ ਸਿੰਘ, ਕਰਮ ਸਿੰਘ, ਕਾਲ੍ਹਾ ਸਿੰਘ, ਕੀਰਤਿ ਸਿੰਘ, ਕ੍ਰਿਪਾਲ ਸਿੰਘ, ਖੁਸ਼ਾਲ ਸਿੰਘ, ਗੁਲਾਬ ਸਿੰਘ , ਗੰਗਾ ਸਿੰਘ, ਗੰਡਾ ਸਿੰਘ, ਘਰਬਾਰਾ ਸਿੰਘ, ਚੰਬਾ ਸਿੰਘ, ਜਾਦੋ ਸਿੰਘ, ਜੋਗਾ ਸਿੰਘ, ਜੰਗ ਸਿੰਘ, ਦਯਾਲ ਸਿੰਘ, ਦਰਬਾਰਾ ਸਿੰਘ, ਦਿਲਬਾਗ ਸਿੰਘ, ਧਰਮ ਸਿੰਘ, ਧੰਨਾ ਸਿੰਘ, ਨਿਹਾਲ ਸਿੰਘ, ਨਿਧਾਨ ਸਿੰਘ, ਬੂੜ ਸਿੰਘ, ਭਾਗ ਸਿੰਘ, ਭੋਲਾ ਸਿੰਘ, ਭੰਗਾ ਸਿੰਘ, ਮਹਾ ਸਿੰਘ, ਮੱਜਾ ਸਿੰਘ, ਮਾਨ ਸਿੰਘ, ਮੈਯਾ ਸਿੰਘ, ਰਾਇ ਸਿੰਘ ਅਤੇ ਲਛਮਣ ਸਿੰਘ।
Waheguru Ji Ka Khalsa Waheguru Ji Ki Fateh
–Bhull Chukk Baksh Deni Ji–