Sikh History – S. Jassa Singh Aahluwalia
ਸੁਲਤਾਨ-ਉਲ-ਕੌਮ ਸ: ਜੱਸਾ ਸਿੰਘ ਆਹਲੂਵਾਲੀਆ
ਬੁੱਢਾ ਦਲ ਦੇ ਮੁਖੀ ਅਤੇ ਦਲ ਖਾਲਸਾ ਦੇ ਜਰਨੈਲ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਯੁੱਧਵੀਰ ਅਤੇ ਧਰਮਵੀਰ ਵਜੋਂ ਸਿੱਖ ਇਤਿਹਾਸ ਵਿਚ ਵੱਡਾ ਮਾਣ ਪ੍ਰਾਪਤ ਹੋਇਆ ਹੈ। ਸ: ਜੱਸਾ ਸਿੰਘ ਦੀ ਅਗਵਾਈ ਵਿਚ ਬਾਬਾ ਬਘੇਲ ਸਿੰਘ ਨੇ ਜਦੋਂ ਦਿੱਲੀ ਵਿਖੇ ਲਾਲ ਕਿਲ੍ਹਾ ਫਤਹਿ ਕੀਤਾ ਤਾਂ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਸਿੱਖ ਕੌਮ ਵੱਲੋਂ ਸੁਲਤਾਨ-ਉਲ-ਕੌਮ ਵਜੋਂ ਨਿਵਾਜਿਆ ਗਿਆ।
ਇਸ ਜਰਨੈਲ ਦਾ ਜਨਮ ਲਾਹੌਰ ਦੇ ਨੇੜੇ ਪਿੰਡ ਆਹਲੂ ਵਿਖੇ ਸ: ਬਦਰ ਸਿੰਘ ਦੇ ਗ੍ਰਹਿ ਵਿਖੇ 1718 ਈ: ਵਿਚ ਹੋਇਆ। ਸ: ਜੱਸਾ ਸਿੰਘ ਅਜੇ 5 ਸਾਲ ਦੇ ਹੀ ਸਨ ਕਿ ਪਿਤਾ ਜੀ ਅਕਾਲ ਚਲਾਣਾ ਕਰ ਗਏ। ਇਨ੍ਹਾਂ ਦੀ ਸਿੱਖ ਧਰਮ ਅਤੇ ਗੁਰੂ-ਘਰ ਨਾਲ ਸ਼ਰਧਾ ਰੱਖਣ ਵਾਲੀ ਧਰਮੀ ਮਾਂ ਨੇ ਆਪਣੇ ਸਕੇ ਭਾਈ ਸ: ਭਾਗ ਸਿੰਘ ਦੀ ਸਹਾਇਤਾ ਨਾਲ ਆਪਣੇ ਬੱਚੇ ਸ: ਜੱਸਾ ਸਿੰਘ ਨੂੰ ਬਚਪਨ ਵਿਚ ਹੀ ਦਿੱਲੀ ਵਿਖੇ ਮਾਤਾ ਸੁੰਦਰ ਕੌਰ ਦੀ ਸੇਵਾ ਵਿਚ ਭੇਜ ਦਿੱਤਾ। ਇਸ ਦੌਰਾਨ ਸ: ਜੱਸਾ ਸਿੰਘ ਨੇ ਉਸ ਸਮੇਂ ਦੇ ਮੁਖੀ ਸਿੱਖਾਂ ਵਿਚ ਚੰਗੀ ਜਾਣ-ਪਛਾਣ ਬਣਾਈ।
ਜਦੋਂ ਮਾਤਾ ਜੀ ਤੋਂ ਵਿਦਾਇਗੀ ਪ੍ਰਾਪਤ ਕੀਤੀ, ਉਸ ਵਕਤ ਮਾਤਾ ਜੀ ਨੇ ਸ: ਜੱਸਾ ਸਿੰਘ ਦੇ ਕਰਮਯੋਗੀ ਤੇ ਧਰਮੀ ਜੀਵਨ ਨੂੰ ਭਾਂਪਦਿਆਂ ਭਵਿੱਖ ਵਿਚ ਸਿੱਖ ਜਗਤ ਦੀ ਯੋਗ ਅਗਵਾਈ ਕਰਨ ਲਈ ਇਸ ਸਿਦਕੀ ਸਿੱਖ ਯੋਧੇ ਨੂੰ ਇਕ ਕ੍ਰਿਪਾਨ, ਇਕ ਗੁਰਜ, ਇਕ ਢਾਲ, ਇਕ ਕਮਾਨ, ਇਕ ਤੀਰਾਂ ਦਾ ਭੱਥਾ, ਇਕ ਖਿਲਅਤ ਅਤੇ ਇਕ ਚਾਂਦੀ ਦੀ ਚੋਬ ਬਖਸ਼ਿਸ਼ ਵਜੋਂ ਦੇ ਕੇ ਨਿਵਾਜਿਆ ਗਿਆ।
ਆਪਣੀ ਦਲੇਰੀ, ਸੁਭਾਅ ਅਤੇ ਤੀਖਣ ਬੁੱਧੀ ਵਰਗੇ ਗੁਣਾਂ ਸਦਕਾ ਨਵਾਬ ਕਪੂਰ ਸਿੰਘ ਵਰਗੇ ਜਰਨੈਲ ਦੀ ਨੇੜਤਾ ਹਾਸਲ ਕਰ ਲਈ। 1748 ਈ: ਵਿਚ ਨਵਾਬ ਕਪੂਰ ਸਿੰਘ ਦੀ ਬਹਾਦਰ ਸਿੱਖ ਸੈਨਾ ਦੇ ਬਹਾਦਰ ਸੂਰਬੀਰਾਂ ਨੇ ਸ: ਜੱਸਾ ਸਿੰਘ ਨਾਲ ਮਿਲ ਕੇ ਅਹਿਮਦ ਸ਼ਾਹ ਅਬਦਾਲੀ ਦੇ ਵੱਡੇ ਲਸ਼ਕਰ ਨੂੰ ਨੂਰ ਦੀਨ ਦੀ ਸਰਾਂ ਅਤੇ ਵੈਰੋਵਾਲ ਨੇੜੇ ਘੇਰ ਕੇ ਗੁਰੀਲੇ ਢੰਗ ਦੇ ਹਮਲੇ ਕਰਕੇ ਭਾਜੜਾਂ ਪਾ ਦਿੱਤੀਆਂ।
ਅੰਮ੍ਰਿਤਸਰ ਦੇ ਮੁਗਲ ਹਾਕਮ ਸਲਾਬਦ ਖਾਨ ਨੂੰ ਹਰਾ ਕੇ ਵੱਖ-ਵੱਖ ਜਥਿਆਂ ਵਿਚ ਵੰਡੇ ਸਿੱਖਾਂ ਦੀ ਨਜ਼ਰ ਵਿਚ ਇਕ ਸੁਲਝੇ ਹੋਏ ਸਿੱਖ ਜਰਨੈਲ ਵਜੋਂ ਸਤਿਕਾਰ ਪ੍ਰਾਪਤ ਕੀਤਾ। ਇਸ ਸਾਲ ਨਵਾਬ ਕਪੂਰ ਸਿੰਘ ਨਾਲ ਮਿਲ ਕੇ ਵਿਸਾਖੀ ਦੇ ਪਾਵਨ ਅਵਸਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਰਬੱਤ ਖਾਲਸੇ ਦੇ ਜੁੜੇ ਇਕੱਠ ਵਿਚ ਸਿੱਖਾਂ ਦੇ 65 ਜਥਿਆਂ ਨੂੰ ਇਕੱਠੇ ਕਰਕੇ 11 ਮਿਸਲਾਂ (12ਵੀਂ ਮਿਸਲ ਫੂਲਕੀਆ ਤੋਂ ਬਿਨਾਂ) ਵਿਚ ਵੰਡ ਕੇ ‘ਦਲ ਖਾਲਸਾ’ ਦੀ ਸਥਾਪਨਾ ਕੀਤੀ। ਦਲ ਖਾਲਸਾ ਦੇ ਪਹਿਲੇ ਜਰਨੈਲ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਥਾਪਿਆ ਗਿਆ।
7 ਅਕਤੂਬਰ, 1753 ਈ: ਨੂੰ ਨਵਾਬ ਕਪੂਰ ਸਿੰਘ ਦੇ ਅਕਾਲ ਚਲਾਣੇ ਤੋਂ ਪਿੱਛੋਂ ਸ: ਜੱਸਾ ਸਿੰਘ ਸਿੱਖ ਕੌਮ ਦੀ ਸੈਨਿਕ ਸ਼ਕਤੀ ਅਤੇ ਦਲ ਪੰਥ ਬੁੱਢਾ ਦਲ ਦੇ ਮੁਖੀ ਵਜੋਂ ਸ਼੍ਰੋਮਣੀ ਜਰਨੈਲ ਬਣੇ। ਇਸ ਤੋਂ ਇਕ ਮਹੀਨੇ ਬਾਅਦ ਲਾਹੌਰ ਦੇ ਸੂਬੇਦਾਰ ਮੀਰ ਮੰਨੂ ਦੀ ਮੌਤ ਤੋਂ ਪਿੱਛੋਂ ਇਨ੍ਹਾਂ ਮੱਧ ਪੰਜਾਬ ਵਿਚ ਆਪਣਾ ਦਬਦਬਾ ਕਾਇਮ ਕਰ ਲਿਆ। 1757 ਈ: ਵਿਚ ਅਹਿਮਦ ਸ਼ਾਹ ਦੁਰਾਨੀ ਵੱਲੋਂ ਲਾਹੌਰ ਦੇ ਸੂਬੇਦਾਰ ਤੈਮੂਰ ਦੀ ਫੌਜ ਉੱਤੇ ਹਮਲਾ ਕਰਕੇ ਕਰਤਾਰਪੁਰ ਤੋਂ ਲੁੱਟ ਦਾ ਸਮਾਨ ਲੈ ਕੇ ਜਾਂਦੇ ਨੂੰ ਘੇਰ ਕੇ ਸਾਰਾ ਕੀਮਤੀ ਸਮਾਨ, ਧਨ-ਦੌਲਤ ਖੋਹ ਲਿਆ।
ਹੁਣ ਜਦੋਂ ਦੁਰਾਨੀ ਮੁੜ ਹਿੰਦੁਸਤਾਨ ‘ਤੇ ਪੰਜਵਾਂ ਹਮਲਾ ਕਰਕੇ 1761 ਈ: ਵਿਚ ਮਰਹੱਟਿਆਂ ਨੂੰ ਹਰਾ ਕੇ ਵਾਪਸ ਅੰਮ੍ਰਿਤਸਰ ਦੇ ਕੋਲੋਂ ਲੰਘ ਰਿਹਾ ਸੀ ਤਾਂ ਦੁਰਾਨੀਆਂ ਦੀ ਫੌਜ ਉੱਪਰ ਸ: ਜੱਸਾ ਸਿੰਘ ਨੇ ਭਾਰੀ ਸਿੱਖ ਲਸ਼ਕਰ ਨਾਲ ਹਮਲਾ ਕਰਕੇ 2200 ਜਵਾਨ ਲੜਕੀਆਂ ਅਤੇ ਔਰਤਾਂ ਜੋ ਉਹ ਹਿੰਦੁਸਤਾਨ ਤੋਂ ਲਿਜਾ ਰਿਹਾ ਸੀ, ਨੂੰ ਛੁਡਵਾ ਕੇ ਘਰੋ-ਘਰ ਪਹੁੰਚਾਇਆ।
ਹੁਣ ਸ: ਜੱਸਾ ਸਿੰਘ ਦੀ ਅਗਵਾਈ ਵਿਚ ਦਲ ਖਾਲਸਾ ਨੇ ਜਮਨਾ ਪਾਰ ਦੇ ਇਲਾਕਿਆਂ ਉੱਤੇ ਸਖ਼ਤ ਹਮਲੇ ਕਰਕੇ ਦਿੱਲੀ ਤੱਕ ਮੁੜ ਸਿੱਖ ਸ਼ਕਤੀ ਦੀ ਧਾਂਕ ਜਮਾਈ। ਜਦੋਂ ਮੁੜ ਦੁਰਾਨੀ 1765 ਈ: ਵਿਚ ਹਿੰਦੁਸਤਾਨ ‘ਤੇ ਚੜ੍ਹ ਕੇ ਆਇਆ ਤਾਂ ਉਹ ਸਿੱਖ ਸ਼ਕਤੀ ਤੋਂ ਘਬਰਾਉਂਦਾ ਸੀ। ਉਸ ਨੇ ਸਿੱਖਾਂ ਨਾਲ ਸਮਝੌਤਾ ਕਰਕੇ ਸ਼ਾਂਤੀ ਕਾਇਮ ਕਰਨ ਦਾ ਯਤਨ ਕੀਤਾ ਪਰ ਮਹਾਨ ਜਰਨੈਲ ਸ: ਜੱਸਾ ਸਿੰਘ ਨੇ ਉਸ ਦੀ ਇਸ ਸਲਾਹ ਨੂੰ ਪੂਰੀ ਤਰ੍ਹਾਂ ਠੁਕਰਾਅ ਦਿੱਤਾ।
ਸ: ਜੱਸਾ ਸਿੰਘ ਨੇ ਦੁਆਬੇ ਦਾ ਬਹੁਤ ਸਾਰਾ ਇਲਾਕਾ ਫਤਹਿ ਕਰਕੇ 1774 ਈ: ਵਿਚ ਕਪੂਰਥਲਾ ਨੂੰ ਰਾਜਧਾਨੀ ਬਣਾ ਕੇ ਰਿਆਸਤ ਕਾਇਮ ਕੀਤੀ। 1779 ਈ: ਵਿਚ ਦਿੱਲੀ ਦੇ ਸੂਬੇਦਾਰ ਅਬਦੁਲ ਅਹਿਮਦ ਖਾਨ ਨੇ ਪਟਿਆਲੇ ਦੇ ਰਾਜੇ ਸ: ਅਮਰ ਸਿੰਘ ਉੱਤੇ ਹਮਲਾ ਕੀਤਾ ਤਾਂ ਜੱਸਾ ਸਿੰਘ ਫੌਜ ਸਮੇਤ ਸ: ਅਮਰ ਸਿੰਘ ਦੀ ਸਹਾਇਤਾ ਲਈ ਗਿਆ। ਦਿੱਲੀ ਦੇ ਲਾਲ ਕਿਲ੍ਹੇ ਉੱਪਰ ਕੇਸਰੀ ਪਰਚਮ ਲਹਿਰਾਇਆ। 18ਵੀਂ ਸਦੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜੇ ਕਿਸੇ ਸਿੱਖ ਜਰਨੈਲ ਨੂੰ ਸੁਨਹਿਰੀ ਹਰਫਾਂ ਵਿਚ ਯਾਦ ਕੀਤਾ ਜਾਂਦਾ ਹੈ ਤਾਂ ਇਹ ਮਾਣ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਮਿਲਦਾ ਹੈ। ਪਟਿਆਲੇ ਦੇ ਰਾਜੇ ਅਮਰ ਸਿੰਘ ਨੇ ਇਨ੍ਹਾਂ ਦੇ ਹੱਥੋਂ ਖੰਡੇ ਦੀ ਪਾਹੁਲ ਲਈ ਸੀ। ਇਹ ਮਹਾਨ ਜਰਨੈਲ 20 ਅਕਤੂਬਰ, 1783 ਈ: ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਉਸ ਸਮੇਂ ਦੇ ਮੁਖੀ ਸਿੱਖਾਂ ਨੇ ਇਨ੍ਹਾਂ ਦੀ ਸਮਾਧ ਗੁ: ਬਾਬਾ ਅਟੱਲ ਰਾਇ ਦੇ ਨਜ਼ਦੀਕ ਅੰਮ੍ਰਿਤਸਰ ਵਿਖੇ ਬਣਵਾਈ। ਇਸ ਮਹਾਨ ਜਰਨੈਲ ਨੂੰ ਸਾਡਾ ਪ੍ਰਣਾਮ।
Waheguru Ji Ka Khalsa Waheguru Ji Ki Fateh
– Bhull Chukk Baksh Deni Ji –